ਜ਼ਿਲ੍ਹਾ ਮੈਜਿਸਟ੍ਰੇਟ ਵੱਲੋਂ ਜਲੰਧਰ ਜ਼ਿਲ੍ਹੇ ’ਚ 30 ਮਈ ਸ਼ਾਮ 6 ਵਜੇ ਤੋਂ 1 ਜੂਨ ਨੂੰ ਵੋਟਾਂ ਦੀ ਸਮਾਪਤੀ ਤੱਕ ਡਰਾਈ ਡੇ ਦਾ ਐਲਾਨ

ਜਲੰਧਰ, 29 ਮਈ :- 1 ਜੂਨ ਨੂੰ ਹੋਣ ਵਾਲੀਆਂ ਲੋਕ ਸਭਾ ਚੋਣਾਂ ਅਤੇ 4 ਜੂਨ ਵੋਟਾਂ ਦੀ ਗਿਣਤੀ ਦੇ ਮੱਦੇਨਜ਼ਰ ਜ਼ਿਲ੍ਹਾ ਮੈਜਿਸਟ੍ਰੇਟ ਜਲੰਧਰ ਡਾ. ਹਿਮਾਂਸ਼ੂ ਅਗਰਵਾਲ ਵੱਲੋਂ ਲੋਕ ਪ੍ਰਤੀਨਿਧਤਾ ਐਕਟ, 1951 ਵਿਸ਼ੇਸ਼ ਤੌਰ ‘ਤੇ ਧਾਰਾ 135 (ਸੀ) ਅਤੇ ਭਾਰਤ ਚੋਣ ਕਮਿਸ਼ਨ ਦੀਆਂ ਹਦਾਇਤਾਂ ਦੀ ਪਾਲਣਾ ਕਰਦਿਆਂ, ਪੰਜਾਬ ਐਕਸਾਈਜ਼ ਐਕਟ 1914 ਦੀ ਧਾਰਾ 54 ਤਹਿਤ ਪ੍ਰਾਪਤ ਅਧਿਕਾਰਾਂ ਦੀ ਵਰਤੋਂ ਕਰਦਿਆਂ ਜ਼ਿਲ੍ਹਾ ਜਲੰਧਰ ’ਚ 30-5-2024 ਨੂੰ ਸ਼ਾਮ 6 ਵਜੇ ਤੋਂ 1-6-2024 ਨੂੰ ਵੋਟਾਂ ਦੀ ਸਮਾਪਤੀ ਤੱਕ 48 ਘੰਟਿਆਂ ਲਈ ਅਤੇ ਇਸ ਤੋਂ ਬਾਅਦ ਵੋਟਾਂ ਦੀ ਗਿਣਤੀ ਵਾਲੇ ਦਿਨ 4-6-2024 ਨੂੰ ਡਰਾਈ ਡੇਅ ਦਾ ਐਲਾਨ ਕੀਤਾ ਗਿਆ ਹੈ ।
ਡਿਪਟੀ ਕਮਿਸ਼ਨਰ ਨੇ ਅੱਗੇ ਦੱਸਿਆ ਕਿ ਡਰਾਈ ਡੇਅ ਦੌਰਾਨ ਪੋਲਿੰਗ ਖੇਤਰ ਦੇ ਅੰਦਰ ਕਿਸੇ ਹੋਟਲ, ਖਾਣ-ਪੀਣ ਵਾਲੀ ਥਾਂ, ਸ਼ਰਾਬਖਾਨੇ, ਦੁਕਾਨ ਜਾਂ ਕਿਸੇ ਹੋਰ ਥਾਂ, ਜਨਤਕ ਜਾਂ ਪ੍ਰਾਈਵੇਟ ’ਤੇ ਸਪਿਰਟਯੁਕਤ, ਫਰਮੇਂਟਿਡ ਜਾਂ ਨਸ਼ੀਲੀ ਸ਼ਰਾਬ ਜਾਂ ਇਸ ਤਰ੍ਹਾਂ ਦੀ ਪ੍ਰਕਿਰਤੀ ਦਾ ਕੋਈ ਹੋਰ ਪਦਾਰਥ ਵੇਚਿਆ, ਦਿੱਤਾ ਜਾਂ ਵੰਡਿਆ ਨਹੀਂ ਜਾਵੇਗਾ।
ਉਨ੍ਹਾਂ ਇਹ ਵੀ ਦੱਸਿਆ ਕਿ ਕੋਈ ਵੀ ਸ਼ਰਾਬ ਦੀਆਂ ਦੁਕਾਨਾਂ, ਹੋਟਲਾਂ, ਰੈਸਟੋਰੈਂਟਾਂ, ਕਲੱਬਾਂ ਅਤੇ ਸ਼ਰਾਬ ਵੇਚਣ/ਪਰੋਸਣ ਵਾਲੇ ਹੋਰ ਅਦਾਰਿਆਂ ਨੂੰ ਉਪਰੋਕਤ ਦਿਨਾਂ ਵਿੱਚ ਕਿਸੇ ਨੂੰ ਵੀ ਸ਼ਰਾਬ ਵੇਚਣ ਪਰੋਸਣ ਦੀ ਇਜਾਜ਼ਤ ਨਹੀਂ ਦਿੱਤੀ ਜਾਵੇਗੀ।
ਗੈਰ ਮਲਕੀਅਤ ਵਾਲੇ ਕਲੱਬਾਂ, ਸਟਾਰ ਹੋਟਲਾਂ, ਰੈਸਟੋਰੈਂਟਾਂ ਆਦਿ ਅਤੇ ਕਿਸੇ ਵੀ ਵਿਅਕਤੀ ਵੱਲੋਂ ਚਲਾਏ ਜਾ ਰਹੇ ਹੋਟਲਾਂ ਭਾਵੇਂ ਕਿ ਉਨ੍ਹਾਂ ਨੂੰ ਸ਼ਰਾਬ ਰੱਖਣ ਅਤੇ ਸਪਲਾਈ ਕਰਨ ਲਈ ਵੱਖ-ਵੱਖ ਸ਼੍ਰੇਣੀਆਂ ਦੇ ਲਾਇਸੈਂਸ ਜਾਰੀ ਕੀਤੇ ਗਏ ਹੋਣ, ਨੂੰ ਵੀ ਇਨ੍ਹਾਂ ਦਿਨਾਂ ਵਿੱਚ ਸ਼ਰਾਬ ਪਰੋਸਣ ਦੀ ਆਗਿਆ ਨਹੀਂ ਹੋਵੇਗੀ। ਇਸੇ ਤਰ੍ਹਾਂ, ਬਿਨਾਂ ਲਾਇਸੈਂਸ ਵਾਲੇ ਪਰਿਸਰਾਂ ਵਿੱਚ ਸ਼ਰਾਬ ਦੇ ਭੰਡਾਰਨ ‘ਤੇ ਪਾਬੰਦੀ ਨੂੰ ਆਬਕਾਰੀ ਕਾਨੂੰਨ ਤਹਿਤ ਸਖ਼ਤੀ ਨਾਲ ਲਾਗੂ ਕੀਤਾ ਜਾਵੇਗਾ।
ਉਨ੍ਹਾਂ ਕਿਹਾ ਕਿ ਪੁਲਿਸ ਕਮਿਸ਼ਨਰ ਜਲੰਧਰ/ਸੀਨੀਅਰ ਸੁਪਰਡੈਂਟ ਪੁਲਿਸ (ਦਿਹਾਤੀ) ਜਲੰਧਰ, ਡਿਪਟੀ ਕਮਿਸ਼ਨਰ ਆਬਕਾਰੀ, ਜਲੰਧਰ ਜ਼ੋਨ, ਸਹਾਇਕ ਕਮਿਸ਼ਨਰ, ਆਬਕਾਰੀ, ਜਲੰਧਰ-1 ਅਤੇ ਜਲੰਧਰ 2 ਇਸ ਹੁਕਮ ਨੂੰ ਲਾਗੂ ਕਰਨਾ ਯਕੀਨੀ ਬਣਾਉਣਗੇ।

Leave a Comment

Your email address will not be published. Required fields are marked *

Scroll to Top