ਜਲੰਧਰ, 19 ਨਵੰਬਰ : ਕਰਤਾਰਪੁਰ ਤੋਂ ਵਿਧਾਇਕ ਬਲਕਾਰ ਸਿੰਘ, ਡਿਪਟੀ ਕਮਿਸ਼ਨਰ ਡਾ. ਹਿਮਾਂਸ਼ੂ ਅਗਰਵਾਲ ਅਤੇ ਪੁਲਿਸ ਕਮਿਸ਼ਨਰ ਧਨਪ੍ਰੀਤ ਕੌਰ ਨੇ ਬੁੱਧਵਾਰ ਸ਼ਾਮ ਪੰਜਾਬ ਸਰਕਾਰ ਵੱਲੋਂ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ 350ਵੇਂ ਸ਼ਹੀਦੀ ਪੁਰਬ ਨੂੰ ਸਮਰਪਿਤ ਜਲੰਧਰ ਵਿਖੇ 21 ਨਵੰਬਰ ਨੂੰ ਪਹੁੰਚਣ ਵਾਲੇ ਨਗਰ ਕੀਰਤਨ ਦੇ ਰੂਟ ਦਾ ਜਾਇਜ਼ਾ ਲਿਆ।
ਵੱਖ-ਵੱਖ ਵਿਭਾਗਾਂ ਦੇ ਅਧਿਕਾਰੀਆਂ ਸਮੇਤ ਦੌਰਾ ਕਰਦਿਆਂ ਵਿਧਾਇਕ, ਡਿਪਟੀ ਕਮਿਸ਼ਨਰ ਅਤੇ ਪੁਲਿਸ ਕਮਿਸ਼ਨਰ ਨੇ ਪ੍ਰਬੰਧਾਂ ਦੀ ਸਮੀਖਿਆ ਕਰਦਿਆਂ ਮੌਕੇ ’ਤੇ ਲੋੜੀਂਦੇ ਦਿਸ਼ਾ-ਨਿਰਦੇਸ਼ ਦਿੱਤੇ।
ਵਿਧਾਇਕ ਬਲਕਾਰ ਸਿੰਘ ਨੇ ਕਿਹਾ ਕਿ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ 350ਵੇਂ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਪੰਜਾਬ ਸਰਕਾਰ ਵੱਲੋਂ ਯਾਦਗਾਰੀ ਸਮਾਗਮ ਕਰਵਾਏ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਸ਼ਹੀਦੀ ਪੁਰਬ ਨੂੰ ਸਮਰਪਿਤ ਵੱਖ-ਵੱਖ ਨਗਰ ਕੀਰਤਨ ਵੀ ਸਜਾਏ ਜਾ ਰਹੇ ਹਨ, ਜਿਨ੍ਹਾਂ ਵਿੱਚੋਂ ਇਕ ਨਗਰ ਕੀਰਤਨ 20 ਨਵੰਬਰ ਨੂੰ ਗੁਰਦਾਸਪੁਰ ਤੋਂ ਆਰੰਭ ਹੋ ਕੇ 21 ਨਵੰਬਰ ਨੂੰ ਜਲੰਧਰ ਪਹੁੰਚੇਗਾ। ਉਨ੍ਹਾਂ ਸੰਗਤਾਂ ਨੂੰ ਨਗਰ ਕੀਰਤਨ ਅਤੇ ਸ਼ਹੀਦੀ ਪੁਰਬ ਸਮਾਗਮਾਂ ਵਿੱਚ ਸ਼ਰਧਾਪੂਰਵਕ ਵਧ-ਚੜ੍ਹ ਕੇ ਸ਼ਾਮਲ ਹੋਣ ਦੀ ਅਪੀਲ ਕੀਤੀ।

ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਗੁਰਦਾਸਪੁਰ ਤੋਂ ਆਉਣ ਵਾਲਾ ਨਗਰ ਕੀਰਤਨ 21 ਨਵੰਬਰ ਨੂੰ ਕਪੂਰਥਲਾ ਤੋਂ ਕਰਤਾਰਪੁਰ, ਬਿਧੀਪੁਰ ਵਾਇਆ ਸਰਵਿਸ ਰੋਡ (ਫਲਾਈ ਓਵਰ ਦੇ ਹੇਠਾਂ), ਬਿਧੀਪੁਰ ਰੇਲਵੇ ਕਰਾਸਿੰਗ, ਵਰਕਸ਼ਾਪ ਚੌਕ, ਕਪੂਰਥਲਾ ਚੌਕ ਹੁੰਦੇ ਹੋਏ ਗੁਰਦੁਆਰਾ ਡੇਰਾ ਸੰਤਗੜ੍ਹ ਸਾਹਿਬ ਵਿਖੇ ਪਹੁੰਚੇਗਾ, ਜਿਥੇ ਨਗਰ ਕੀਰਤਨ ਦਾ ਵਿਸ਼ਰਾਮ ਹੋਵੇਗਾ।
ਉਨ੍ਹਾਂ ਦੱਸਿਆ ਕਿ ਅਗਲੇ ਦਿਨ 22 ਨਵੰਬਰ ਨੂੰ ਨਗਰ ਕੀਰਤਨ ਕਪੂਰਥਲਾ ਚੌਕ ਤੋਂ ਪਟੇਲ ਚੌਕ, ਬਸਤੀ ਅੱਡਾ ਚੌਕ, ਭਗਵਾਨ ਵਾਲਮੀਕਿ ਚੌਕ, ਡਾ. ਬੀ.ਆਰ. ਅੰਬੇਡਕਰ ਚੌਕ, ਗੁਰੂ ਨਾਨਕ ਮਿਸ਼ਨ ਚੌਕ, ਬੀ.ਐਮ.ਸੀ. ਚੌਕ, ਲਾਡੋਵਾਲੀ ਰੋਡ, ਪੀ.ਏ.ਪੀ. ਚੌਕ, ਰਾਮਾ ਮੰਡੀ ਚੌਕ ਤੋਂ ਹਵੇਲੀ ਪੁਆਇੰਟ ਤੋਂ ਆਪਣੇ ਅਗਲੇ ਪੜਾਅ ਲਈ ਰਵਾਨਾ ਹੋਵੇਗਾ। ਉਨ੍ਹਾਂ ਦੱਸਿਆ ਕਿ ਗੁਰੂ ਨਾਨਕ ਮਿਸ਼ਨ ਚੌਕ ਵਿਖੇ ਨਗਰ ਕੀਰਤਨ ਨੂੰ ‘ਗਾਰਡ ਆਫ਼ ਆਨਰ’ ਦਿੱਤਾ ਜਾਵੇਗਾ।
ਡਿਪਟੀ ਕਮਿਸ਼ਨਰ ਨੇ ਕਿਹਾ ਕਿ ਨਗਰ ਕੀਰਤਨ ਦਾ ਜਲੰਧਰ ਵਿੱਚ ਪਹੁੰਚਣ ’ਤੇ ਸ਼ਰਧਾ ਤੇ ਮਰਿਆਦਾ ਪੂਰਵਕ ਸਤਿਕਾਰ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਨਗਰ ਕੀਰਤਨ ਨਾਲ ਆਉਣ ਵਾਲੀ ਸੰਗਤ ਦੇ ਠਹਿਰਾਅ ਅਤੇ ਹੋਰ ਲੋੜੀਂਦੀਆਂ ਸੁਵਿਧਾਵਾਂ ਯਕੀਨੀ ਬਣਾਉਣ ਲਈ ਅਧਿਕਾਰੀਆਂ ਨੂੰ ਪਹਿਲਾਂ ਹੀ ਨਿਰਦੇਸ਼ ਜਾਰੀ ਕੀਤੇ ਜਾ ਚੁੱਕੇ ਹਨ।
ਪੁਲਿਸ ਕਮਿਸ਼ਨਰ ਨੇ ਕਿਹਾ ਕਿ ਨਗਰ ਕੀਰਤਨ ਦੌਰਾਨ ਸੁਰੱਖਿਆ, ਸੁਚਾਰੂ ਟ੍ਰੈਫਿਕ ਵਿਵਸਥਾ ਅਤੇ ਢੁੱਕਵੀਂ ਪਾਰਕਿੰਗ ਲਈ ਪੁਖ਼ਤਾ ਪ੍ਰਬੰਧ ਯਕੀਨੀ ਬਣਾਏ ਜਾ ਰਹੇ ਹਨ।

ਉਪਰੰਤ ਡਿਪਟੀ ਕਮਿਸ਼ਨਰ ਤੇ ਪੁਲਿਸ ਕਮਿਸ਼ਨਰ ਵੱਲੋਂ ਗੁਰਦੁਆਰਾ ਡੇਰਾ ਸੰਤਗੜ੍ਹ ਸਾਹਿਬ ਵਿਖੇ ਨਗਰ ਕੀਰਤਨ ਦੇ ਵਿਸ਼ਰਾਮ ਸਮੇਤ ਹੋਰ ਪ੍ਰਬੰਧਾਂ ਦਾ ਵੀ ਜਾਇਜ਼ਾ ਲਿਆ ਗਿਆ।
ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ (ਸ਼ਹਿਰੀ ਵਿਕਾਸ) ਜਸਬੀਰ ਸਿੰਘ, ਵਧੀਕ ਡਿਪਟੀ ਕਮਿਸ਼ਨਰ (ਪੇਂਡੂ ਵਿਕਾਸ) ਨਵਦੀਪ ਕੌਰ, ਐਸ.ਡੀ.ਐਮ. ਰਣਦੀਪ ਸਿੰਘ ਹੀਰ ਅਤੇ ਸ਼ਾਇਰੀ ਮਲਹੋਤਰਾ, ਜੁਆਇੰਟ ਕਮਿਸ਼ਨਰ ਨਗਰ ਨਿਗਮ ਜਲੰਧਰ ਮਨਦੀਪ ਕੌਰ ਤੇ ਸੁਮਨਦੀਪ ਕੌਰ ਅਤੇ ਹੋਰ ਅਧਿਕਾਰੀ ਵੀ ਮੌਜੂਦ ਸਨ।

















































