ਡਿਪਟੀ ਕਮਿਸ਼ਨਰ ਵਲੋਂ ਸੜਕੀ ਦੁਰਘਟਨਾਵਾਂ ਨੂੰ ਰੋਕਣ ਲਈ ਬਲੈਕ ਸਪਾਟਸ ਦੀ ਪਹਿਚਾਣ ਕਰਨ ਦੀ ਹਦਾਇਤ

ਜਲੰਧਰ: ਡਿਪਟੀ ਕਮਿਸ਼ਨਰ ਡਾ. ਹਿਮਾਂਸ਼ੂ ਅਗਰਵਾਲ ਨੇ ਪੁਲਿਸ ਵਿਭਾਗ ਨੂੰ ਹਦਾਇਤ ਕੀਤੀ ਕਿ ਜ਼ਿਲ੍ਹੇ ਭਰ ਵਿੱਚ ਬਲੈਕ ਸਪਾਟ, ਜਿਥੇ ਅਕਸਰ ਸੜਕੀ ਦੁਰਘਟਨਾਵਾਂ ਹੁੰਦੀਆਂ ਹਨ, ਦੀ ਪਹਿਚਾਣ ਕਰਕੇ ਵਿਸਥਾਰਿਤ ਸੂਚੀ ਤਿਆਰੀ ਕੀਤੀ ਜਾਵੇ। ਜ਼ਿਲ੍ਹਾ ਸੜਕ ਸੁਰੱਖਿਆ ਕਮੇਟੀ ਦੀ ਮਹੀਨਾਵਾਰ ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਡਿਪਟੀ ਕਮਿਸ਼ਨਰ ਨੇ ਕਿਹਾ ਕਿ ਸੜਕੀ ਦੁਰਘਟਨਾਵਾਂ ਵਾਲੇ ਸਥਾਨਾਂ ਦੀ ਪਹਿਚਾਣ ਕਰਕੇ ਤੁਰੰਤ ਇਨ੍ਹਾਂ ਨੂੰ ਨਿਰਧਾਰਿਤ ਮਾਪਦੰਡਾਂ ਅਨੁਸਾਰ ਠੀਕ ਕਰਨਾ ਕੀਮਤੀ ਜਾਨਾਂ ਬਚਾਉਣ ਲਈ ਬਹੁਤ ਜ਼ਰੂਰੀ ਹੈ। 
ਉਨ੍ਹਾਂ ਲੋਕ ਨਿਰਮਾਣ ਅਤੇ ਟਰਾਂਸਪੋਰਟ ਵਿਭਾਗ ਦੇ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਪੁਲਿਸ ਵਿਭਾਗ ਵਲੋਂ ਸੂਚੀ ਮਿਲਣ ਉਪਰੰਤ ਸਾਂਝੇ ਤੌਰ ’ਤੇ ਬਲੈਕ ਸਪਾਟਸ ਦਾ ਮੌਕੇ ‘ਤੇ ਜਾ ਕੇ ਜਾਇਜ਼ਾ ਲਿਆ ਜਾਵੇ। ਉਨ੍ਹਾਂ ਕਿਹਾ ਕਿ ਬਲੈਕ ਸਪਾਟਸ ਨੂੰ ਦੂਰ ਕਰਨ ਲਈ ਨਿਰੀਖਣ ਤੋਂ ਬਾਅਦ ਜ਼ਰੂਰੀ ਢਾਂਚਾਗਤ ਤਬਦੀਲੀਆਂ ਅਤੇ ਬੁਨਿਆਦੀ ਢਾਂਚੇ ਵਿੱਚ ਸੁਧਾਰਾਂ ਸਬੰਧੀ ਸੁਝਾਅ ਪੇਸ਼ ਕੀਤੇ ਜਾਣ। 
ਡਿਪਟੀ ਕਮਿਸ਼ਨਰ ਵਲੋਂ ਖ਼ਤਰਨਾਕ ਸੜਕੀ ਦੁਰਘਟਨਾਵਾਂ, ਜੋ ਕਿ ਖਾਸ ਕਰਕੇ ਇੰਜੀਨੀਅਰਿੰਗ ਦੀ ਗਲਤੀ ਕਰਕੇ ਹੁੰਦੀਆਂ ਹਨ, ਦੀ ਵਿਸਥਾਰਤ ਰਿਪੋਰਟਿੰਗ ਅਤੇ ਵਿਸ਼ਲੇਸ਼ਣ ਕਰਨ ਦੀ ਲੋੜ ‘ਤੇ ਜ਼ੋਰ ਵੀ ਦਿੱਤਾ ਗਿਆ। ਉਨ੍ਹਾਂ ਸਪਸ਼ਟ ਕਿਹਾ ਕਿ ਜਿਥੇ ਵੀ ਇੰਜੀਨੀਅਰਿੰਗ ਦੇ ਨੁਕਸ ਕਰਕੇ ਸੜਕੀ ਦੁਰਘਟਨਾਵਾਂ ਵਾਪਰਦੀਆਂ ਹਨ, ਖਿਲਾਫ਼ ਸਖ਼ਤ ਵਿਭਾਗੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ। ਉਨ੍ਹਾਂ ਕਿਹਾ ਕਿ ਪੱਕੇ ਹੱਲ ਲਈ ਦੁਰਘਟਨਾਵਾਂ ਦੇ ਅਸਲ ਕਾਰਨਾਂ, ਜਿਸ ਵਿੱਚ ਜੇਕਰ ਕੋਈ ਇੰਜੀਨੀਅਰਿੰਗ ਦਾ ਨੁਕਸ ਵੀ ਹੈ, ਨੂੰ ਸਮਝਣਾ ਬਹੁਤ ਜ਼ਰੂਰੀ ਹੈ। ਉਨ੍ਹਾਂ ਇਹ ਵੀ ਕਿਹਾ ਕਿ ਆਪਣੀ ਸਹੂਲਤ ਲਈ ਵਿਅਸਤ ਸੜਕਾਂ ਖਾਸ ਕਰ ਹਾਈਵੇ ’ਤੇ ਕੱਟ ਬਣਾ ਕੇ ਲੋਕਾਂ ਦੀ ਜਾਨ ਜੋਖਮ ਵਿੱਚ ਪਾਉਣ ਵਾਲਿਆਂ ਖਿਲਾਫ਼ ਵੀ ਸਖ਼ਤ ਕਾਰਵਾਈ ਕੀਤੀ ਜਾਵੇ।

ਉਨ੍ਹਾਂ ਹਦਾਇਤ ਕੀਤੀ ਕਿ ਕਮੇਟੀ ਦੀ ਅਗਲੀ ਮੀਟਿੰਗ ਤੋਂ ਪਹਿਲਾਂ ਸੂਚੀ ਅਤੇ ਨਿਰੀਖਣ ਨੂੰ ਮੁਕੰਮਲ ਕਰ ਲਿਆ ਜਾਵੇ। ਉਨ੍ਹਾਂ ਵਲੋਂ ਜ਼ਿਲ੍ਹੇ ਭਰ ਵਿੱਚ ਜਿਥੇ ਅਕਸਰ ਵਾਹਨਾਂ ਦੇ ਜਾਮ ਲੱਗਦੇ ਹਨ, ਦੇ ਹਾਟ ਸਪਾਟਸ ਦੀ ਸੂਚੀ ਦੀ ਵੀ ਮੰਗ ਕੀਤੀ ਗਈ। ਇਕ ਹੋਰ ਹਦਾਇਤ ਕਰਦਿਆਂ ਡਿਪਟੀ ਕਮਿਸ਼ਨਰ ਨੇ ਅਧਿਕਾਰੀਆਂ ਨੂੰ ਕਿਹਾ ਕਿ ਕਿਸ਼ਨਗੜ੍ਹ ਚੌਕ ਵਿਖੇ ਆਵਾਜਾਈ ਨੂੰ ਸੁਚਾਰੂ ਢੰਗ ਨਾਲ ਜਾਰੀ ਰੱਖਣ ਲਈ ਟ੍ਰੈਫਿਕ ਲਾਈਟਾਂ ਲਗਾਉਣ ਦੀ ਤਜਵੀਜ਼ ਤਿਆਰ ਕੀਤੀ ਜਾਵੇ। ਉਨ੍ਹਾਂ ਵਲੋਂ ਸੇਫ਼ ਸਕੂਲ ਵਾਹਨ ਪਾਲਿਸੀ, ਭੀੜ ਵਾਲੀਆਂ ਥਾਵਾਂ ’ਤੇ ਪਾਰਕਿੰਗ ਦੀ ਉਪਲਬੱਧਤਾ ਅਤੇ ਸ਼ਰਾਬ ਪੀ ਕੇ ਗੱਡੀ ਚਲਾਉਣ ਵਾਲਿਆਂ ਦੇ ਚਲਾਨ ਕੱਟਣ ਦੀ ਪ੍ਰਗਤੀ ਦਾ ਵੀ ਜਾਇਜ਼ਾ ਲਿਆ ਗਿਆ।

ਡਾ.ਅਗਰਵਾਲ ਨੇ ਕਿਹਾ ਕਿ ਜ਼ਿਲ੍ਹਾ ਪ੍ਰਸ਼ਾਸਨ ਸੜਕ ਸੁਰੱਖਿਆ ਬੁਨਿਆਦੀ ਢਾਂਚੇ ਨੂੰ ਹੋਰ ਮਜ਼ਬੂਤ ਕਰਨ ਲਈ ਵਚਨਬੱਧ ਹੈ। ਉਨ੍ਹਾਂ ਸਮੂਹ ਵਿਭਾਗਾਂ ਨੂੰ ਸੜਕੀ ਦੁਰਘਟਨਾਵਾਂ ਨੂੰ ਰੋਕਣ ਲਈ ਬਿਹਤਰ ਆਪਸੀ ਤਾਲਮੇਲ ਨਾਲ ਕੰਮ ਕਰਨ ਦਾ ਵੀ ਸੱਦਾ ਦਿੱਤਾ। ਇਸ ਮੌਕੇ ਹੋਰਨਾਂ ਤੋਂ ਇਲਾਵਾ ਆਰ.ਟੀ.ਓ. ਅਮਨਪਾਲ ਸਿੰਘ,ਐਸ.ਡੀ.ਐਮ. ਵਿਵੇਕ ਮੋਦੀ, ਸ਼ੁਭੀ ਆਂਗਰਾ ਅਤੇ ਪੁਲਿਸ ਵਿਭਾਗ ਅਤੇ ਐਨ.ਐਚ.ਏ.ਆਈ.ਦੇ ਨੁਮਾਇੰਦੇ ਵੀ ਮੌਜੂਦ ਸਨ।

Leave a Comment

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।

Scroll to Top