ਜਲੰਧਰ, 28 ਨਵੰਬਰ : ਜ਼ਿਲ੍ਹਾ ਪ੍ਰਸ਼ਾਸਨ ਵਲੋਂ ਸ਼ੁਰੂ ਕੀਤੇ ਚੇਤਨਾ ਪ੍ਰੋਜੈਕਟ ਤਹਿਤ ਜਿਥੇ ਵਿਦਿਆਰਥੀਆਂ ਨੂੰ ਲਾਈਫ਼ ਸੇਵਿੰਗ ਸਕਿੱਲਜ਼ ਦੀ ਸਿਖਲਾਈ ਦਿੱਤੀ ਜਾ ਰਹੀ ਹੈ, ਉਥੇ ਤਿੰਨ ਸਰਕਾਰੀ ਸਕੂਲਾਂ ਵਿੱਚ ਵੱਖ-ਵੱਖ ਪੋਸਟਰ ਮੇਕਿੰਗ ਮੁਕਾਬਲੇ ਕਰਵਾਏ ਗਏ ਹਨ। ਇਸੇ ਲੜੀ ਤਹਿਤ ਅੱਜ ਡਿਪਟੀ ਕਮਿਸ਼ਨਰ ਡਾ. ਹਿਮਾਂਸ਼ੂ ਅਗਰਵਾਲ ਨੇ ਸਕੂਲ ਆਫ਼ ਐਮੀਨੈਂਸ ਲਾਡੋਵਾਲੀ ਰੋਡ, ਜਲੰਧਰ ਵਿਖੇ ਮੁਕਾਬਲਿਆਂ ਦੇ ਜੇਤੂਆਂ ਨੂੰ ਸਰਟੀਫਿਕੇਟ ਅਤੇ ਮੋਮੈਂਟੋ ਦੇ ਕੇ ਹੌਸਲਾ ਅਫ਼ਜਾਈ ਕੀਤੀ।
ਡਾ.ਹਿਮਾਂਸ਼ੂ ਅਗਰਵਾਲ ਨੇ ਬੱਚਿਆਂ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਨੂੰ ਪੜ੍ਹਾਈ ਦੇ ਨਾਲ-ਨਾਲ ਹੁਨਰਮੰਦ ਬਣਨ ਵਿੱਚ ਰੁਚੀ ਦਿਖਾਉਣ ਲਈ ਵੀ ਕਿਹਾ। ਉਨ੍ਹਾਂ ਕਿਹਾ ਕਿ ਉੱਚ ਮੁਕਾਮ ਹਾਸਿਲ ਕਰਨ ਲਈ ਸਖ਼ਤ ਮਿਹਨਤ ਦੀ ਲੋੜ ਹੈ, ਇਸ ਲਈ ਮਿਹਨਤ ਦਾ ਲੜ ਹਮੇਸ਼ਾਂ ਫੜੀ ਰੱਖਣ ਵਾਲੇ ਵਿਦਿਆਰਥੀ ਹੀ ਉੱਚ ਮੰਜ਼ਿਲ ਸਰ ਕਰਦੇ ਹਨ।
ਉਨ੍ਹਾਂ ਕਿਹਾ ਕਿ ਚੇਤਨਾ ਪ੍ਰੋਜੈਕਟ ਤਹਿਤ ਸਰਕਾਰੀ ਅਤੇ ਪ੍ਰਾਈਵੇਟ ਸਕੂਲਾਂ ਦੇ ਕਰਵਾਏ ਮੁਕਾਬਲਿਆਂ ਵਿੱਚ ਵੇਸਟ ਚੀਜਾਂ ਨੂੰ ਇਕ ਰੂਪ ਦੇਣ ਲਈ ਵੱਖ-ਵੱਖ ਮਾਡਲ ਅਤੇ ਪੋਸਟਰ ਚਿਤਰਣ ਦੇ ਪਹਿਲੀਆਂ ਤਿੰਨ ਪੁਜੀਸ਼ਨਾਂ ਲੈਣ ਵਾਲੇ ਜੇਤੂ 12 ਵਿਦਿਆਰਥੀਆਂ ਨੂੰ ਸਨਮਾਨਿਆ ਗਿਆ। ਇਸ ਤੋਂ ਇਲਾਵਾ ਪੋਸਟਰ ਮੇਕਿੰਗ ਅਤੇ ਪ੍ਰੇਜੈਂਟੇਸ਼ਨ ਵਿੱਚ 6 ਵਿਦਿਆਰਥੀਆਂ ਨੇ ਮੱਲਾਂ ਮਾਰੀਆਂ।
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਬੈਂਕਿੰਗ ਤੇ ਵਿੱਤੀ ਜਾਗਰੂਕਤਾ, ਡਿਜੀਟਲ ਜਾਗਰੂਕਤਾ ਤੇ ਸਾਈਬਰ ਕਰਾਈਮ ਅਤੇ ਲਾਈਫ਼ ਸੇਵਿੰਗ ਸਕਿੱਲਜ਼ ਬਾਰੇ ਵੀ ਪੋਸਟਰ ਮੇਕਿੰਗ ਮੁਕਾਬਲੇ ਕਰਵਾਏ ਗਏ। ਇਨ੍ਹਾਂ ਵਿੱਚ 24 ਵਿਦਿਆਰਥੀਆਂ ਨੇ ਪਹਿਲੀਆਂ ਤਿੰਨ ਪੁਜੀਸ਼ਨਾਂ ਹਾਸਿਲ ਕੀਤੀਆਂ।
ਉਨ੍ਹਾਂ ਦੱਸਿਆ ਕਿ ਇਹ ਮੁਕਾਬਲੇ ਸਕੂਲ ਆਫ਼ ਐਮੀਨੈਂਸ ਲਾਡੋਵਾਲੀ ਰੋਡ, ਜਲੰਧਰ ਸਮੇਤ ਸਰਕਾਰੀ ਕੋ-ਐਡ ਮਾਡਲ ਸਕੂਲ, ਲਾਡੋਵਾਲੀ ਰੋਡ, ਜਲੰਧਰ ਅਤੇ ਸਰਕਾਰੀ ਕੰਨਿਆਂ ਸੀਨੀਅਰ ਸੈਕੰਡਰੀ ਸਕੂਲ ਲਾਡੋਵਾਲੀ ਰੋਡ, ਜਲੰਧਰ ਵਿਖੇ ਮੁਕਾਬਲੇ ਕਰਵਾਏ ਗਏ । ਉਨ੍ਹਾਂ ਦੱਸਿਆ ਕਿ ਇਹਨਾਂ ਮੁਕਾਬਲਿਆਂ ਦੌਰਾਨ ਵਿਦਿਆਰਥੀਆਂ ਵਲੋਂ ਥੀਮ ਬੇਸਡ ਸਕਿੱਟਾਂ ਅਤੇ ਗਿੱਧਾ ਵੀ ਪੇਸ਼ ਕੀਤਾ ਗਿਆ। ਉਨ੍ਹਾਂ ਕਿਹਾ ਕਿ ਅਜਿਹੇ ਮੁਕਾਬਲੇ ਭਵਿੱਖ ਵਿੱਚ ਵੀ ਕਰਵਾਏ ਜਾਣਗੇ।
ਇਸ ਮੌਕੇ ਆਈ.ਏ.ਐਸ. (ਅੰਡਰ ਟ੍ਰੇਨਿੰਗ) ਮੁਕਲਿਨ ਆਰ, ਜ਼ਿਲ੍ਹਾ ਸਿੱਖਿਆ ਅਫ਼ਸਰ (ਸੈਕੰਡਰੀ) ਗੁਰਿੰਦਰਜੀਤ ਕੌਰ ਅਤੇ ਸਕੱਤਰ ਰੈਡ ਕਰਾਸ ਸੁਸਾਇਟੀ ਸੁਰਜੀਤ ਲਾਲ ਤੋਂ ਇਲਾਵਾ ਹੋਰ ਵੀ ਹਾਜ਼ਰ ਸਨ।
—————–

















































