ਜ਼ਿਲ੍ਹਾ ਪ੍ਰੀਸ਼ਦ ਅਤੇ ਪੰਚਾਇਤ ਸੰਮਤੀ ਚੋਣਾਂ ; ਦੂਸਰੇ ਦਿਨ ਦੋ ਨਾਮਜ਼ਦਗੀ ਪੱਤਰ ਹੋਏ ਦਾਖਲ

ਜਲੰਧਰ, 2 ਦਸੰਬਰ :  ਜ਼ਿਲ੍ਹਾ ਚੋਣ ਅਫ਼ਸਰ-ਕਮ-ਡਿਪਟੀ ਕਮਿਸ਼ਨਰ ਡਾ. ਹਿਮਾਂਸ਼ੂ ਅਗਰਵਾਲ ਨੇ ਜ਼ਿਲ੍ਹਾ ਪ੍ਰੀਸ਼ਦ ਅਤੇ ਪੰਚਾਇਤ ਸੰਮਤੀ ਦੀਆਂ ਆਮ ਚੋਣਾਂ ਸਬੰਧੀ ਜਾਣਕਾਰੀ ਦਿੰਦਿਆਂ ਦੱਸਿਆ ਕਿ ਅੱਜ ਦੂਸਰੇ ਦਿਨ ਪੰਚਾਇਤ ਸੰਮਤੀ ਨਕੋਦਰ ਲਈ ਦੋ ਨਾਮਜ਼ਦਗੀ ਪੱਤਰ ਦਾਖਲ ਹੋਏ ਹਨ। ਉਨ੍ਹਾਂ ਦੱਸਿਆ ਕਿ ਉਮੀਦਵਾਰਾਂ ਵੱਲੋਂ ਨਾਮਜ਼ਦਗੀ ਪੱਤਰ 4 ਦਸੰਬਰ ਤੱਕ ਦਾਖਲ ਕਰਵਾਏ ਜਾ ਸਕਦੇ ਹਨ। ਉਨ੍ਹਾਂ ਦੱਸਿਆ ਕਿ ਨਾਮਜ਼ਦਗੀਆਂ ਸਵੇਰੇ 11 ਤੋਂ ਸ਼ਾਮ 3 ਵਜੇ ਤੱਕ ਸਬੰਧਤ ਰਿਟਰਨਿੰਗ ਅਫ਼ਸਰਾਂ/ਸਹਾਇਕ ਰਿਟਰਨਿੰਗ ਅਫ਼ਸਰਾਂ ਦੇ ਦਫ਼ਤਰਾਂ ਵਿੱਚ ਦਾਖਲ ਕਰਵਾਈਆਂ ਜਾ ਸਕਦੀਆਂ ਹਨ।

ਜ਼ਿਲ੍ਹਾ ਚੋਣ ਅਫਸਰ ਨੇ ਦੱਸਿਆ ਕਿ 14 ਦਸੰਬਰ ਨੂੰ ਜ਼ਿਲ੍ਹਾ ਜਲੰਧਰ ਵਿੱਚ ਜ਼ਿਲ੍ਹਾ ਪ੍ਰੀਸ਼ਦ ਦੇ 21 ਜ਼ੋਨਾਂ ਅਤੇ 11 ਪੰਚਾਇਤ ਸੰਮਤੀਆਂ ਦੇ 188 ਜ਼ੋਨਾਂ ਦੀਆਂ ਚੋਣਾਂ ਕਰਵਾਈਆਂ ਜਾਣਗੀਆਂ।

ਡਾ. ਅਗਰਵਾਲ ਨੇ ਦੱਸਿਆ ਕਿ ਇਹ ਚੋਣਾਂ ਬੈਲਟ ਪੇਪਰ ਰਾਹੀਂ ਕਰਵਾਈਆਂ ਜਾਣਗੀਆਂ। ਉਨ੍ਹਾਂ ਦੱਸਿਆ ਕਿ ਨਾਮਜ਼ਦਗੀ ਪੱਤਰਾਂ ਦੀ ਪੜਤਾਲ 5 ਦਸੰਬਰ 2025 ਨੂੰ ਹੋਵੇਗੀ। ਨਾਮਜ਼ਦਗੀਆਂ 6 ਦਸੰਬਰ 2025 ਸ਼ਾਮ 3 ਵਜੇ ਤੱਕ ਵਾਪਿਸ ਲਈਆਂ ਜਾ ਸਕਦੀਆਂ ਹਨ।

ਉਨ੍ਹਾਂ ਅੱਗੇ ਦੱਸਿਆ ਕਿ ਵੋਟਾਂ 14 ਦਸੰਬਰ 2025 ਨੂੰ ਸਵੇਰੇ 8 ਵਜੇ ਤੋਂ ਸ਼ਾਮ 4 ਵਜੇ ਤੱਕ ਬੈਲਟ ਪੇਪਰਾਂ ਦੀ ਵਰਤੋਂ ਨਾਲ ਪੈਣਗੀਆਂ। ਪੋਲ ਹੋਈਆਂ ਵੋਟਾਂ ਦੀ ਗਿਣਤੀ 17 ਦਸੰਬਰ 2025 ਨੂੰ ਸਵੇਰੇ 8 ਵਜੇ ਤੋਂ ਹੋਵੇਗੀ।

ਜ਼ਿਲ੍ਹਾ ਚੋਣ ਅਫ਼ਸਰ ਨੇ ਦੱਸਿਆ ਕਿ ਜ਼ਿਲ੍ਹਾ ਪ੍ਰੀਸ਼ਦ ਜਲੰਧਰ ਦੇ 21 ਜ਼ੋਨ ਹਨ ਜਦਕਿ ਪੰਚਾਇਤ ਸੰਮਤੀ ਜਲੰਧਰ ਪੂਰਬੀ ਦੇ 15, ਪੰਚਾਇਤ ਸੰਮਤੀ ਆਦਮਪੁਰ ਦੇ 25, ਪੰਚਾਇਤ ਸੰਮਤੀ ਭੋਗਪੁਰ ਦੇ 15, ਪੰਚਾਇਤ ਸੰਮਤੀ ਜਲੰਧਰ ਪੱਛਮੀ ਦੇ 19, ਪੰਚਾਇਤ ਸੰਮਤੀ ਲੋਹੀਆਂ ਖਾਸ ਦੇ 15, ਪੰਚਾਇਤ ਸੰਮਤੀ ਮਹਿਤਪੁਰ ਦੇ 15, ਪੰਚਾਇਤ ਸੰਮਤੀ ਨੂਰਮਹਿਲ ਦੇ 15, ਪੰਚਾਇਤ ਸੰਮਤੀ ਫਿਲੌਰ ਦੇ 20, ਪੰਚਾਇਤ ਸੰਮਤੀ ਸ਼ਾਹਕੋਟ ਦੇ 15, ਪੰਚਾਇਤ ਸੰਮਤੀ ਰੁੜਕਾ ਕਲਾਂ ਦੇ 15 ਅਤੇ ਪੰਚਾਇਤ ਸੰਮਤੀ ਨਕੋਦਰ ਦੇ 19 ਜ਼ੋਨ ਹਨ।

Leave a Comment

Your email address will not be published. Required fields are marked *

Scroll to Top