ਜਲੰਧਰ, 7 ਦਸੰਬਰ : ਪੰਜਾਬ ਰਾਜ ਚੋਣ ਕਮਿਸ਼ਨ ਵੱਲੋਂ ਜਾਰੀ ਪ੍ਰੋਗਰਾਮ ਅਨੁਸਾਰ 14 ਦਸੰਬਰ ਨੂੰ ਜ਼ਿਲ੍ਹਾ ਪ੍ਰੀਸ਼ਦ ਅਤੇ ਪੰਚਾਇਤ ਸੰਮਤੀ ਦੀਆਂ ਚੋਣਾਂ ਕਰਵਾਈਆਂ ਜਾ ਰਹੀਆਂ ਹਨ। ਜ਼ਿਲ੍ਹਾ ਜਲੰਧਰ ਵਿੱਚ ਪੜਤਾਲ ਅਤੇ ਨਾਮਜ਼ਦਗੀ ਪੱਤਰ ਵਾਪਸ ਲੈਣ ਉਪਰੰਤ ਕੁੱਲ 669 ਉਮੀਦਵਾਰ ਚੋਣ ਲੜਨਗੇ।
ਜ਼ਿਲ੍ਹਾ ਚੋਣ ਅਫ਼ਸਰ-ਕਮ-ਡਿਪਟੀ ਕਮਿਸ਼ਨਰ ਡਾ. ਹਿਮਾਂਸ਼ੂ ਅਗਰਵਾਲ ਨੇ ਇਸ ਸਬੰਧੀ ਵਧੇਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਨਾਮਜ਼ਦਗੀ ਪੱਤਰਾਂ ਦੀ ਪੜਤਾਲ ਅਤੇ ਨਾਮਜ਼ਦਗੀਆਂ ਵਾਪਸ ਲੈਣ ਉਪਰੰਤ ਜ਼ਿਲ੍ਹਾ ਪ੍ਰੀਸ਼ਦ ਲਈ ਕੁੱਲ 83 ਅਤੇ ਪੰਚਾਇਤ ਸੰਮਤੀਆਂ ਲਈ ਕੁੱਲ 586 ਉਮੀਦਵਾਰ ਚੋਣਾਂ ਲੜਨਗੇ।
ਡਾ. ਅਗਰਵਾਲ ਨੇ ਦੱਸਿਆ ਕਿ ਵੋਟਾਂ 14 ਦਸੰਬਰ ਨੂੰ ਸਵੇਰੇ 8 ਵਜੇ ਤੋਂ ਸ਼ਾਮ 4 ਵਜੇ ਤੱਕ ਬੈਲਟ ਪੇਪਰਾਂ ਦੀ ਵਰਤੋਂ ਨਾਲ ਪੈਣਗੀਆਂ, ਜਿਸ ਦੇ ਲਈ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਪੁਖ਼ਤਾ ਪ੍ਰਬੰਧ ਯਕੀਨੀ ਬਣਾਏ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਜ਼ਿਲ੍ਹਾ ਪ੍ਰਸ਼ਾਸਨ ਚੋਣਾਂ ਨੂੰ ਅਮਨ-ਅਮਾਨ, ਨਿਰਪੱਖ ਅਤੇ ਪਾਰਦਰਸ਼ੀ ਢੰਗ ਨਾਲ ਨੇਪਰੇ ਚਾੜ੍ਹਨ ਲਈ ਵਚਨਬੱਧ ਹੈ।
ਜ਼ਿਲ੍ਹਾ ਚੋਣ ਅਫ਼ਸਰ ਨੇ ਦੱਸਿਆ ਕਿ ਜ਼ਿਲ੍ਹਾ ਪ੍ਰੀਸ਼ਦ ਦੇ 21 ਅਤੇ 11 ਪੰਚਾਇਤ ਸੰਮਤੀਆਂ ਦੇ 188 ਜ਼ੋਨਾਂ ਦੀਆਂ ਚੋਣਾਂ ਦੌਰਾਨ ਵੋਟਰਾਂ ਦੀ ਸਹੂਲਤ ਲਈ ਕੁੱਲ 1209 ਪੋਲਿੰਗ ਬੂਥ ਬਣਾਏ ਗਏ ਹਨ। ਉਨ੍ਹਾਂ ਦੱਸਿਆ ਕਿ ਜ਼ਿਲ੍ਹਾ ਪ੍ਰੀਸ਼ਦ ਦੇ 2 ਅਤੇ ਪੰਚਾਇਤ ਸੰਮਤੀ ਨਕੋਦਰ ਦੇ 19 ਜ਼ੋਨਾਂ ਲਈ 130 ਪੋਲਿੰਗ ਬੂਥ ਸਥਾਪਤ ਕੀਤੇ ਗਏ ਹਨ। ਇਸੇ ਤਰ੍ਹਾਂ ਜ਼ਿਲ੍ਹਾ ਪ੍ਰੀਸ਼ਦ ਦੇ ਇਕ ਪੰਚਾਇਤ ਸੰਮਤੀ ਮਹਿਤਪੁਰ ਦੇ 15 ਜ਼ੋਨਾਂ ਲਈ 83, ਜ਼ਿਲ੍ਹਾ ਪ੍ਰੀਸ਼ਦ ਦੇ 2 ਅਤੇ ਪੰਚਾਇਤ ਸੰਮਤੀ ਫਿਲੌਰ ਦੇ 20 ਜ਼ੋਨਾਂ ਲਈ 129, ਜ਼ਿਲ੍ਹਾ ਪ੍ਰੀਸ਼ਦ ਦੇ 3 ਅਤੇ ਪੰਚਾਇਤ ਸੰਮਤੀ ਆਦਮਪੁਰ ਦੇ 25 ਜ਼ੋਨਾਂ ਲਈ 200 ਪੋਲਿੰਗ ਬੂਥ ਬਣਾਏ ਗਏ ਹਨ। ਉਨ੍ਹਾਂ ਅੱਗੇ ਦੱਸਿਆ ਕਿ ਜ਼ਿਲ੍ਹਾ ਪ੍ਰੀਸ਼ਦ ਦੇ 2 ਅਤੇ ਪੰਚਾਇਤ ਸੰਮਤੀ ਭੋਗਪੁਰ ਦੇ 15 ਜ਼ੋਨਾਂ ਲਈ 108, ਜ਼ਿਲ੍ਹਾ ਪ੍ਰੀਸ਼ਦ ਦੇ 2 ਅਤੇ ਪੰਚਾਇਤ ਸੰਮਤੀ ਜਲੰਧਰ ਪੂਰਬੀ ਦੇ 15 ਜ਼ੋਨਾਂ ਲਈ 86, ਜ਼ਿਲ੍ਹਾ ਪ੍ਰੀਸ਼ਦ ਦੇ 2 ਅਤੇ ਪੰਚਾਇਤ ਸੰਮਤੀ ਰੁੜਕਾ ਕਲਾਂ ਦੇ 15 ਜ਼ੋਨਾਂ ਲਈ 96 ਪੋਲਿੰਗ ਬੂਥ ਸਥਾਪਤ ਕੀਤੇ ਗਏ ਹਨ। ਇਸ ਤੋਂ ਇਲਾਵਾ ਜ਼ਿਲ੍ਹਾ ਪ੍ਰੀਸ਼ਦ ਦੇ 2 ਅਤੇ ਪੰਚਾਇਤ ਸੰਮਤੀ ਜਲੰਧਰ ਪੱਛਮੀ ਦੇ 19 ਜ਼ੋਨਾਂ ਲਈ 116, ਜ਼ਿਲ੍ਹਾ ਪ੍ਰੀਸ਼ਦ ਦੇ 2 ਅਤੇ ਪੰਚਾਇਤ ਸੰਮਤੀ ਨੂਰਮਹਿਲ ਦੇ 15 ਜ਼ੋਨਾਂ ਲਈ 88, ਜ਼ਿਲ੍ਹਾ ਪ੍ਰੀਸ਼ਦ ਦੇ 2 ਅਤੇ ਪੰਚਾਇਤ ਸੰਮਤੀ ਸ਼ਾਹਕੋਟ ਦੇ 15 ਜ਼ੋਨਾਂ ਲਈ 90 ਅਤੇ ਜ਼ਿਲ੍ਹਾ ਪ੍ਰੀਸ਼ਦ ਦੇ ਇਕ ਅਤੇ ਪੰਚਾਇਤ ਸੰਮਤੀ ਲੋਹੀਆਂ ਖਾਸ ਦੇ 15 ਜ਼ੋਨਾਂ ਲਈ 83 ਪੋਲਿੰਗ ਬੂਥ ਬਣਾਏ ਗਏ ਹਨ।
ਉਨ੍ਹਾਂ ਦੱਸਿਆ ਕਿ ਪੋਲ ਹੋਈਆਂ ਵੋਟਾਂ ਦੀ ਗਿਣਤੀ 17 ਦਸੰਬਰ ਨੂੰ ਸਵੇਰੇ 8 ਵਜੇ ਤੋਂ ਹੋਵੇਗੀ।
- +91 99148 68600
- info@livepunjabnews.com
















































