ਡਿਪਟੀ ਕਮਿਸ਼ਨਰ ਵੱਲੋਂ ਜਲੰਧਰ ਦੀ ਜਾਹਨਵੀ ਦਾ ਵਿਸ਼ਵ ਹੁਨਰ ਮੁਕਾਬਲੇ-2024 ’ਚ ਮੈਡਲੀਅਨ ਆਫ਼ ਐਕਸੀਲੈਂਸ ਜਿੱਤਣ ’ਤੇ ਸਨਮਾਨ

ਜਲੰਧਰ, 26 ਸਤੰਬਰ : ਡਿਪਟੀ ਕਮਿਸ਼ਨਰ ਜਲੰਧਰ ਡਾ.ਹਿਮਾਂਸ਼ੂ ਅਗਰਵਾਲ ਵੱਲੋਂ ਵੀਰਵਾਰ ਨੂੰ ਫਰਾਂਸ ਦੇ ਲਿਓਨ ਸ਼ਹਿਰ ਵਿਖੇ ਹੋਏ ਵਿਸ਼ਵ ਹੁਨਰ ਮੁਕਾਬਲੇ-2024 ਵਿੱਚ ਮੈਡਲੀਅਨ ਆਫ਼ ਐਕਸੀਲੈਂਸ ਜਿੱਤ ਕੇ ਜਲੰਧਰ ਦਾ ਮਾਣ ਵਧਾਉਣ ਵਾਲੀ ਜਾਹਨਵੀ ਦਾ ਸਨਮਾਨ ਕੀਤਾ ਗਿਆ।
ਜਲੰਧਰ ਸ਼ਹਿਰ ਨਾਲ ਸਬੰਧਤ ਜਾਹਨਵੀ ਨੂੰ ਪ੍ਰਸ਼ੰਸਾ ਪੱਤਰ ਸੌਂਪਦਿਆਂ ਡਾ.ਅਗਰਵਾਲ ਨੇ ਉਸਦੀ ਬੇਮਿਸਾਲ ਪ੍ਰਾਪਤੀ ਦੀ ਸ਼ਲਾਘਾ ਕੀਤੀ ਅਤੇ ਕਿਹਾ ਕਿ ਉਸ ਦੀ ਸ਼ਾਨਦਾਰ ਸਫ਼ਲਤਾ ਹੋਰਨਾਂ ਨੌਜਵਾਨਾਂ ਨੂੰ ਵੀ ਜ਼ਿੰਦਗੀ ਵਿੱਚ ਕਾਮਯਾਬੀ ਦੀਆਂ ਬੁਲੰਦੀਆਂ ਹਾਸਲ ਕਰਨ ਲਈ ਪ੍ਰੇਰਿਤ ਕਰੇਗੀ। ਉਨ੍ਹਾਂ ਦੱਸਿਆ ਕਿ ਜਾਹਨਵੀ ਵੱਲੋਂ ਆਪਣੇ ਹੁਨਰ, ਰਚਨਾਤਮਕਤਾ, ਲਗਨ ਅਤੇ ਤਕਨੀਕੀ ਮੁਹਾਰਤ ਦਾ ਬਿਹਤਰੀਨ ਪ੍ਰਦਰਸ਼ਨ ਕਰਦੇ ਹੋਏ ਗ੍ਰਾਫਿਕ ਡਿਜ਼ਾਈਨ ਟੈਕਨਾਲੋਜੀ ਦੀ ਸ਼੍ਰੇਣੀ ਵਿੱਚ ਐਵਾਰਡ ਜਿੱਤਿਆ ਗਿਆ ਹੈ।
ਡਾ. ਅਗਰਵਾਲ ਨੇ ਕਿਹਾ ਕਿ ਅੰਤਰਰਾਸ਼ਟਰੀ ਪੱਧਰ ’ਤੇ ਸ਼ਾਨਦਾਰ ਪ੍ਰਦਰਸ਼ਨ ਕਰਨਾ ਇਕ ਅਸਧਾਰਣ ਉਪਲਬੱਧੀ ਹੈ ਅਤੇ ਜਾਹਨਵੀ ਦੀ ਜਿੱਤ ਜਲੰਧਰ ਲਈ ਹੀ ਨਹੀਂ ਸਗੋਂ ਪੂਰੇ ਰਾਸ਼ਟਰ ਲਈ ਮਾਣ ਵਾਲੀ ਗੱਲ ਹੈ। ਉਨ੍ਹਾਂ ਆਸ ਪ੍ਰਗਟ ਕੀਤੀ ਕਿ ਉਸ ਦੀ ਇਹ ਪ੍ਰਾਪਤੀ ਦੇਸ਼ ਵਿੱਚ ਗ੍ਰਾਫਿਕ ਡਿਜ਼ਾਈਨ ਟੈਕਨਾਲੋਜੀ ਦੇ ਖੇਤਰ ਵਿੱਚ ਨਵੇਂ ਮੌਕਿਆਂ ਲਈ ਰਾਹ ਪੱਧਰਾ ਕਰੇਗੀ।
ਜ਼ਿਕਰਯੋਗ ਹੈ ਕਿ ਜਾਹਨਵੀ ਵੱਲੋਂ ਜਲੰਧਰ ਪ੍ਰਸ਼ਾਸਨ ਦੁਆਰਾ ਚਲਾਏ ਜਾ ਰਹੇ ਪੰਜਾਬ ਹੁਨਰ ਵਿਕਾਸ ਮਿਸ਼ਨ ਤਹਿਤ ਸਿਖ਼ਲਾਈ ਪ੍ਰਾਪਤ ਕੀਤੀ ਗਈ ਹੈ। ਰਾਜ ਅਤੇ ਕੌਮੀ ਪੱਧਰ ਦੇ ਮੁਕਾਬਲਿਆਂ ਵਿੱਚ ਕਾਮਯਾਬੀ ਪ੍ਰਾਪਤ ਕਰਨ ਤੋਂ ਬਾਅਦ ਉਸ ਨੇ ਫਰਾਂਸ ਵਿਖੇ ਵਿਸ਼ਵ ਪੱਧਰ ’ਤੇ ਹੁਨਰ ਦਿਖਾਉਣ ਦਾ ਮੌਕਾ ਹਾਸਲ ਕੀਤਾ, ਜਿਥੇ ਉਸ ਨੇ ਮੈਡਲੀਅਨ ਆਫ਼ ਐਕਸੀਲੈਂਸ ਐਵਾਰਡ ਜਿੱਤਿਆ।
ਡਿਪਟੀ ਕਮਿਸ਼ਨਰ ਨੇ ਜਾਹਨਵੀ ਨੂੰ ਹੋਰ ਅੱਗੇ ਵਧਣ ਅਤੇ ਰੌਸ਼ਨ ਭਵਿੱਖ ਦੀਆਂ ਸ਼ੁਭਕਾਮਨਾਵਾਂ ਦਿੱਤੀਆਂ। ਉਨ੍ਹਾਂ ਹੋਰਨਾਂ ਨੌਜਵਾਨਾਂ ਨੂੰ ਵੀ ਆਪਣੀ ਜ਼ਿੰਦਗੀ ਵਿੱਚ ਆਤਮ-ਨਿਰਭਰ ਬਣਨ ਲਈ ਪੰਜਾਬ ਸਰਕਾਰ ਦੇ ਹੁਨਰ ਵਿਕਾਸ ਪ੍ਰੋਗਰਾਮਾਂ ਵਿੱਚ ਵੱਧ-ਚੜ੍ਹ ਕੇ ਹਿੱਸਾ ਲੈਣ ਦਾ ਸੱਦਾ ਦਿੱਤਾ।

Leave a Comment

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।

Scroll to Top