ਭੰਗਾਲਾ – ਸ੍ਰੀ ਸੁਰਿੰਦਰਾ ਲਾਂਬਾ ਐੱਸ. ਐੱਸ. ਪੀ. ਸਾਹਿਬ ਹੁਸ਼ਿਆਰਪੁਰ ਦੀਆਂ ਹਦਾਇਤਾਂ ਅਨੁਸਾਰ ਸ੍ਰੀ ਵਿਪਨ ਕੁਮਾਰ ਉਪ ਕਪਤਾਨ ਪੁਲਿਸ ਸਬ ਡਵੀਜ਼ਨ ਮੁਕੇਰੀਆਂ ਤੇ ਸ੍ਰੀ ਪ੍ਰਮੋਦ ਕੁਮਾਰ ਮੁੱਖ ਅਫ਼ਸਰ ਥਾਣਾ ਮੁਕੇਰੀਆਂ ਵਲੋਂ ਸੁਰੱਖਿਆ ਦੇ ਪੁਖ਼ਤਾ ਪ੍ਰਬੰਧਾਂ ਹੇਠ 15 ਫਰਵਰੀ ਨੂੰ ਏਅਰਫੋਰਸ ਸਟੇਸ਼ਨ ਹਲਵਾਰਾ (ਲੁਧਿਆਣਾ) ਤੋਂ ਵਿੰਗ ਕਮਾਂਡਰ ਸ੍ਰੀ ਅਨਿਲ ਸ਼ੁਕਲਾ ਦੀ ਅਗਵਾਈ ਹੇਠ ਆਈ ਹੋਈ ਟੀਮ ਵਲੋਂ ਖੇਤਾਂ ‘ਚੋਂ ਮਿਲੇ ਬੰਬ ਨੂੰ ਨਕਾਰਾ ਕੀਤਾ ਗਿਆ। ਜਾਣਕਾਰੀ ਅਨੁਸਾਰ ਇਹ ਬੰਬ ਜੂਨ 2023 ਨੂੰ ਪਿੰਡ ਧਰਮਪੁਰ ਦੇ ਖੇਤ ਦੀ ਵਹਾਈ ਸਮੇਂ ਮਿਲਿਆ ਸੀ । ਅੱਜ ਡਿਸਪੋਜ਼ਲ ਟੀਮ ਵਲੋਂ ਭਾਰੀ ਡੂੰਘਾ ਪੁੱਟ ਕੇ ਸੁਰੱਖਿਅਤ ਢੰਗ ਨਾਲ ਦਰਿਆ ਬਿਆਸ ਕਿਨਾਰੇ ਬੰਬ ਨੂੰ ਨਕਾਰਾ ਕੀਤਾ ਗਿਆ ਹੈ। ਇਸ ਬੰਬ ਦੇ ਨਕਾਰਾ ਹੋਣ ਸਮੇਂ ਏਨੀ ਜ਼ੋਰ ਦੀ ਧਮਾਕਾ ਹੋਇਆ ਕਿ ਇਸ ਦੀ ਆਵਾਜ਼ ਨੂੰ ਕਈ ਕਿੱਲੋਮੀਟਰ ਤੱਕ ਜਿਥੇ ਸੁਣਿਆ ਗਿਆ ਉਥੇ ਹੀ ਦੂਰ-ਦੂਰ ਤੱਕ ਇਸ ਦੀ ਧਮਕ ਨੂੰ ਵੀ ਮਹਿਸੂਸ ਕੀਤਾ ਗਿਆ। ਬੰਬ ਦੇ ਨਕਾਰਾ ਹੋਣ ਸਮੇਂ ਹੋਏ ਧਮਾਕੇ ਨਾਲ ਆਲੇ-ਦੁਆਲੇ ਦੇ ਲੋਕਾਂ ‘ਚ ਇਸ ਗੱਲ ਦੀ ਚਰਚਾ ਬਣੀ ਰਹੀ ਕਿ ਏਨਾ ਵੱਡਾ ਧਮਾਕਾ ਕਿਸ ਚੀਜ਼ ਨਾਲ ਹੋਇਆ ਹੈ ਤੇ ਲੋਕ ਪੱਤਰਕਾਰਾਂ ਨੂੰ ਫ਼ੋਨ ਕਰਕੇ ਇਸ ਗੱਲ ਦੀ ਪੁਸ਼ਟੀ ਕਰਦੇ ਰਹੇ।

















































