ਜਲੰਧਰ , 29 ਮਈ:- ਭਾਰੀ ਗਰਮੀ ਦੇ ਮੱਦੇਨਜ਼ਰ ਲੋਕਾਂ ਦੀ ਸਹੂਲਤ ਲਈ ਜਲੰਧਰ ਜ਼ਿਲ੍ਹਾ ਪ੍ਰਸ਼ਾਸਨ ਨੇ ਅਹਿਮ ਪਹਿਲਕਦਮੀ ਕਰਦਿਆਂ ਜਲੰਧਰ ਦੇ ਵੋਟਰਾਂ ਨੂੰ ਘਰ ਬੈਠੇ ਹੀ ਪੋਲਿੰਗ ਕੇਂਦਰ ਵਿਖੇ ਲੱਗੀ ਕਤਾਰ ਬਾਰੇ ਜਾਣਕਾਰੀ ਪ੍ਰਦਾਨ ਕਰਨ ਲਈ votejalandhar.in ਨੂੰ ਜਾਰੀ ਕੀਤਾ ਹੈ।
ਜ਼ਿਲ੍ਹਾ ਚੋਣ ਅਫਸਰ-ਕਮ-ਡਿਪਟੀ ਕਮਿਸ਼ਨਰ ਡਾ. ਹਿਮਾਂਸ਼ੂ ਅਗਰਵਾਲ ਨੇ ਦੱਸਿਆ ਕਿ ਸਾਰੇ 1951 ਪੋਲਿੰਗ ਬੂਥਾਂ ਉੱਪਰ ਜ਼ਿਲ੍ਹਾ ਪ੍ਰਸ਼ਾਸਨ ਵਲੋਂ ਚੋਣ ਮਿੱਤਰ ਤਾਇਨਾਤ ਕੀਤੇ ਗਏ ਹਨ ਜੋਕਿ ਪੋਲਿੰਗ ਬੂਥ ਉੱਪਰ ਵੋਟ ਪਾਉਣ ਲਈ ਕਤਾਰ ਵਿਚ ਲੱਗੇ ਲੋਕਾਂ ਬਾਰੇ ਹਰ 15 ਮਿੰਟ ਬਾਅਦ ਜਾਣਕਾਰੀ votejalandhar.in ਉੱਪਰ ਅਪਡੇਟ ਕਰਨਗੇ।
ਉਨ੍ਹਾਂ ਦੱਸਿਆ ਕਿ ਇਹ ਵੈੱਬਸਾਈਟ ਜ਼ਿਲ੍ਹਾ ਪ੍ਰਸ਼ਾਸਨ ਅਤੇ ਐਨ.ਆਈ.ਟੀ. ਜਲੰਧਰ ਦੇ ਕੰਪਿਊਟਰ ਸਾਇੰਸ ਵਿਭਾਗ ਵਲੋਂ ਸਾਂਝੇ ਤੌਰ ’ਤੇ ਤਿਆਰ ਕੀਤੀ ਗਈ ਹੈ।
ਉਨ੍ਹਾਂ ਦੱਸਿਆ ਕਿ ਇਸ ਵੈੱਬਸਾਈਟ ਦਾ ਮੁੱਖ ਮਕਸਦ ਲੋਕਾਂ ਦੇ ਸਮੇਂ ਦੀ ਬਚਤ ਕਰਨਾ ਹੈ ਤਾਂ ਜੋ ਉਨ੍ਹਾਂ ਨੂੰ ਵੋਟ ਪਾਉਣ ਲਈ ਜ਼ਿਆਦਾ ਇੰਤਜ਼ਾਰ ਨਾ ਕਰਨਾ ਪਵੇ। ਉਨ੍ਹਾਂ ਦੱਸਿਆ ਕਿ ਜਲੰਧਰ ਦੇ ਵੋਟਰ ਇਸ ਵੈੱਬਸਾਈਟ ਉੱਪਰ ਜਾ ਕੇ ਆਪਣਾ ਹਲਕੇ ਅਤੇ ਪੋਲਿੰਗ ਬੂਥ ਦਾ ਨੰਬਰ ਕੇ ਲਾਈਨ ਵਿਚ ਲੱਗੇ ਲੋਕਾਂ ਬਾਰੇ ਤਾਜ਼ਾ ਜਾਣਕਾਰੀ ਪ੍ਰਾਪਤ ਕਰ ਸਕਦਾ ਹੈ।
ਉਨ੍ਹਾਂ ਦੱਸਿਆ ਕਿ ਇਸ ਤੋਂ ਇਲਾਵਾ ਵੋਟਰ ਚੋਣ ਕਮਿਸ਼ਨ ਵਲੋਂ ਲੋਕਾਂ ਦੇ ਲਈ 1 ਜੂਨ ਨੂੰ ਆਪਣੇ ਪੋਲਿੰਗ ਬੂਥ ਉੱਤੇ ਜਾਣ ਤੋਂ ਪਹਿਲਾਂ ਬੂਥ ’ਤੇ ਕਿੰਨੇ ਕੁ ਲੋਕ ਵੋਟ ਦੇਣ ਲਈ ਕਤਾਰ ਵਿੱਚ ਖੜ੍ਹੇ ਹਨ ਬਾਰੇ ਜਾਣਕਾਰੀ ਦੇ ਲਈ ‘ਵੋਟਰ ਕਿਊ ਇਨਫੋਰਮੇਸ਼ਨ ਸਿਸਟਮ’ ਜਾਰੀ ਕੀਤਾ ਗਿਆ ਹੈ।
ਇਸ ਨੂੰ ਵਰਤਣ ਲਈ ਵੋਟਰਾਂ ਨੂੰ ਇਕ ਵਟਸਐਪ ਨੰਬਰ 7447447217 ਉੱਤੇ ‘ਵੋਟ’ ਟਾਇਪ ਕਰਕੇ ਮੈਸੇਜ ਭੇਜਣਾ ਹੋਵੇਗਾ। ਇਸ ਤੋਂ ਬਾਅਦ ਇਕ ਲਿੰਕ ਪ੍ਰਾਪਤ ਹੋਵੇਗਾ ਜਿਸ ਉੱਤੇ ਕਲਿੱਕ ਕਰਨ ਮਗਰੋਂ 2 ਆਪਸ਼ਨ ; (1) ਲੋਕੇਸ਼ਨ ਵਾਈਜ਼ (2) ਬੂਥ ਵਾਈਜ਼ ਸਕਰੀਨ ਉੱਤੇ ਆਉਣਗੇ। ਉਨ੍ਹਾਂ ਨੇ ਦੱਸਿਆ ਕਿ ਜਿੱਥੇ ਇਕ ਪਾਸੇ 1 ਜੂਨ ਨੂੰ ਵੋਟਿੰਗ ਵਾਲੇ ਦਿਨ ਵੋਟਰਾਂ ਨੂੰ ਗਰਮੀ ਤੋਂ ਬਚਾਉਣ ਲਈ ਹਰ ਤਰ੍ਹਾਂ ਦੇ ਪ੍ਰਬੰਧ ਮੁਕੰਮਲ ਕੀਤੇ ਜਾ ਰਹੇ ਹਨ, ਉੱਥੇ ਹੀ ਇਸ ਵੋਟਿੰਗ ਕਿਊ ਸਿਸਟਮ ਜ਼ਰੀਏ ਵੋਟਰ ਆਪਣੇ ਹਿਸਾਬ ਨਾਲ ਉਸ ਸਮੇਂ ਪੋਲਿੰਗ ਬੂਥ ਉੱਤੇ ਜਾ ਕੇ ਵੋਟ ਪਾ ਸਕੇਗਾ ਜਦੋਂ ਬੂਥ ਉੱਤੇ ਜ਼ਿਆਦਾ ਭੀੜ ਨਹੀਂ ਹੋਵੇਗੀ। ਇਸ ਨਾਲ ਵੋਟਰ ਗਰਮੀ ਤੋਂ ਵੀ ਬਚੇਗਾ ਅਤੇ ਉਸ ਦੇ ਸਮੇਂ ਦੀ ਵੀ ਬੱਚਤ ਹੋਵੇਗੀ।

















































