ਟੀਮਾਂ ਵਲੋਂ ਗੈਸ ਏਜੰਸੀਆਂ ਦੀ ਚੈਕਿੰਗ ਲਗਾਤਾਰ ਜਾਰੀ, ਡਿਪਟੀ ਕਮਿਸ਼ਨਰ ਵੱਲੋਂ ਕਾਲਾਬਾਜ਼ਾਰੀ ਤੇ ਜਮ੍ਹਾਖੋਰੀ ਖ਼ਿਲਾਫ਼ ਸਖ਼ਤ ਕਾਰਵਾਈ ਦੀ ਚਿਤਾਵਨੀ

ਜਲੰਧਰ, 14 ਮਾਰਚ : ਘਰੇਲੂ ਗੈਸ ਸਿਲੰਡਰਾਂ ਦੀ ਸੁਚਾਰੂ, ਪਾਰਦਰਸ਼ੀ ਤੇ ਸਮੇਂ-ਸਿਰ ਸਪਲਾਈ ਯਕੀਨੀ ਬਣਾਉਣ ਲਈ ਡਿਪਟੀ ਕਮਿਸ਼ਨਰ ਡਾ. ਹਿਮਾਂਸ਼ੂ ਅਗਰਵਾਲ ਦੀਆਂ ਹਦਾਇਤਾਂ ‘ਤੇ ਗੈਸ ਏਜੰਸੀਆਂ ਦੀ ਲਗਾਤਾਰ ਚੈਕਿੰਗ ਕੀਤੀ ਜਾ ਰਹੀ ਹੈ, ਤਾਂ ਜੋ ਮੌਜੂਦਾ ਪੈਦਾ ਹੋਏ ਹਾਲਾਤ ਕਰਕੇ ਆਮ ਲੋਕਾਂ ਨੂੰ ਗੈਸ ਸਿਲੰਡਰਾਂ ਲਈ ਕਿਸੇ ਦਿੱਕਤ ਦਾ ਸਾਹਮਣਾ ਨਾ ਕਰਨਾ ਪਵੇ।

ਕੰਟਰੋਲਰ ਜ਼ਿਲ੍ਹਾ ਖੁਰਾਕ ਤੇ ਸਿਵਲ ਸਪਲਾਈਜ਼ ਨਰਿੰਦਰ ਸਿੰਘ ਦੀ ਅਗਵਾਈ ਵਿੱਚ ਵਿਭਾਗ ਦੀਆਂ ਟੀਮਾਂ ਵੱਲੋਂ ਅੱਜ ਜਲੰਧਰ, ਮਹਿਤਪੁਰ, ਫਿਲੌਰ, ਨਕੋਦਰ ਤੇ ਗੁਰਾਇਆ ਸਮੇਤ ਜ਼ਿਲ੍ਹੇ ਦੇ ਵੱਖ-ਵੱਖ ਇਲਾਕਿਆਂ ਵਿੱਚ ਗੈਸ ਏਜੰਸੀਆਂ ਤੇ ਉਨ੍ਹਾਂ ਦੇ ਗੋਦਾਮਾਂ ਦੀ ਚੈਕਿੰਗ ਕੀਤੀ ਗਈ।

ਚੈਕਿੰਗ ਦੌਰਾਨ ਜਿੱਥੇ ਸਿਲੰਡਰਾਂ ਦਾ ਭਾਰ ਅਤੇ ਬੁਕਿੰਗ ਪ੍ਰਕਿਰਿਆ ਆਦਿ ਚੈੱਕ ਕੀਤੀ ਗਈ,ਉੱਥੇ ਗੈਸ ਏਜੰਸੀਆਂ ਦੇ ਮਾਲਕਾਂ ਨੂੰ ਹਦਾਇਤਾਂ ਕੀਤੀਆਂ ਗਈਆਂ ਕਿ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਸਮੁੱਚੀ ਸਥਿਤੀ ‘ਤੇ ਬਾਰੀਕੀ ਨਾਲ ਨਜ਼ਰ ਰੱਖੀ ਜਾ ਰਹੀ ਹੈ, ਇਸ ਲਈ ਗੈਸ ਸਪਲਾਈ ਨਿਯਮਾਂ ਮੁਤਾਬਕ ਅਤੇ ਸਮੇਂ-ਸਿਰ ਯਕੀਨੀ ਬਣਾਈ ਜਾਵੇ।

ਡਿਪਟੀ ਕਮਿਸ਼ਨਰ ਡਾ. ਹਿਮਾਂਸ਼ੂ ਅਗਰਵਾਲ ਨੇ ਕਿਹਾ ਕਿ ਆਮ ਲੋਕਾਂ ਨੂੰ ਕਿਸੇ ਵੀ ਤਰ੍ਹਾਂ ਦੀ ਅਸੁਵਿਧਾ ਤੋਂ ਬਚਾਉਣ ਲਈ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਗੈਸ ਸਿਲੰਡਰਾਂ ਦੀ ਸਪਲਾਈ ‘ਤੇ ਨਿਗਰਾਨੀ ਰੱਖੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਵਧੀਕ ਡਿਪਟੀ ਕਮਿਸ਼ਨਰ (ਜਨਰਲ) ਦੀ ਅਗਵਾਈ ਵਿੱਚ ਇਕ ਵਿਸ਼ੇਸ਼ ਕਮੇਟੀ ਦਾ ਗਠਨ ਵੀ ਕੀਤਾ ਗਿਆ ਹੈ, ਜੋ ਜ਼ਿਲ੍ਹੇ ਵਿੱਚ ਗੈਸ ਸਿਲੰਡਰਾਂ ਦੀ ਸੁਚਾਰੂ ਸਪਲਾਈ ਅਤੇ ਵੰਡ ਯਕੀਨੀ ਬਣਾਉਣ ਦੇ ਨਾਲ-ਨਾਲ ਸਿਲੰਡਰਾਂ ਦੀ ਕਾਲਾਬਾਜ਼ਾਰੀ, ਗੈਰ-ਕਾਨੂੰਨੀ ਜਮ੍ਹਾਖੋਰੀ/ਭੰਡਾਰਨ ਨੂੰ ਰੋਕਣ ਲਈ ਲੋੜੀਂਦੇ ਸਖ਼ਤ ਕਦਮ ਉਠਾਏਗੀ।

ਡਾ. ਅਗਰਵਾਲ ਨੇ ਲੋਕਾਂ ਨੂੰ ਘਬਰਾਹਟ ਵਿੱਚ ਆ ਕੇ ਗੈਰ-ਜ਼ਰੂਰੀ ਖ਼ਰੀਦਦਾਰੀ ਕਰਨ ਤੋਂ ਗੁਰੇਜ਼ ਕਰਨ ਦੀ ਅਪੀਲ ਕਰਦਿਆਂ ਕਿਹਾ ਕਿ  ਜੇਕਰ ਕਿਤੇ ਗੈਰ ਕਾਨੂੰਨੀ ਜਮ੍ਹਾਖੋਰੀ ਜਾਂ ਕਾਲਾਬਾਜ਼ਾਰੀ ਦਾ ਕੋਈ ਮਾਮਲਾ ਸਾਹਮਣੇ ਆਉਂਦਾ ਹੈ ਤਾਂ ਕਮੇਟੀ ਦੇ ਧਿਆਨ ਵਿੱਚ ਲਿਆਂਦਾ ਜਾਵੇ, ਤਾਂ ਜੋ ਫੌਰੀ ਬਣਦੀ ਕਾਰਵਾਈ ਕੀਤੀ ਜਾ ਸਕੇ।

ਆਮ ਲੋਕਾਂ ਨੂੰ ਅਫ਼ਵਾਹਾਂ ਨੂੰ ਸੁਚੇਤ ਰਹਿਣ ਦੀ ਅਪੀਲ ਕਰਦਿਆਂ ਡਿਪਟੀ ਕਮਿਸ਼ਨਰ ਨੇ ਕਿਹਾ ਕਿ ਗੈਸ ਸਿਲੰਡਰਾਂ ਕਿੱਲਤ ਬਾਰੇ ਅਫ਼ਵਾਹਾਂ ਫੈਲਾਉਣ ਵਾਲਿਆਂ ਖਿਲਾਫ਼ ਕਾਨੂੰਨ ਅਨੁਸਾਰ ਸਖ਼ਤ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ।

Leave a Comment

Your email address will not be published. Required fields are marked *

Scroll to Top