ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਮਹਿਲਾ ਸਸ਼ਕਤੀਕਰਨ ਨੂੰ ਹੁਲਾਰਾ ਦੇਣ ਲਈ ਮੁਹੱਈਆ ਕਰਵਾਈ ਜਾਵੇਗੀ ਕੇਅਰਗਿਵਰ ਟ੍ਰੇਨਿੰਗ : ਡਿਪਟੀ ਕਮਿਸ਼ਨਰ

ਜਲੰਧਰ :  ਜ਼ਿਲ੍ਹੇ ਭਰ ਵਿੱਚ ਮਹਿਲਾ ਸਸ਼ਕਤੀਕਰਨ ਨੂੰ ਹੋਰ ਮਜ਼ਬੂਤ ਕਰਨ ਲਈ ਡਿਪਟੀ ਕਮਿਸ਼ਨਰ ਡਾ. ਹਿਮਾਂਸ਼ੂ ਅਗਰਵਾਲ ਨੇ ਅੱਜ ਵਿਭਾਗਾਂ ਨੂੰ ਸ਼ਹਿਰੀ ਅਤੇ ਪੇਂਡੂ ਖੇਤਰਾਂ ਵਿੱਚ 18-40 ਸਾਲ ਦੀ ਉਮਰ ਦੀਆਂ ਮਹਿਲਾਵਾਂ ਨੂੰ ਕੇਅਰਗਿਵਰ-ਜੱਚਾ-ਬੱਚਾ (ਨਾਨ-ਕਲੀਨਿਕਲ) ਹੁਨਰ ਸਿਖ਼ਲਾਈ ਮੁਹੱਈਆ ਕਰਵਾਉਣ ਦੀ ਹਦਾਇਤ ਕੀਤੀ।
ਇੱਕ ਸਮੀਖਿਆ ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਡਾ. ਅਗਰਵਾਲ ਨੇ ਜ਼ਿਲ੍ਹਾ ਪ੍ਰੋਗਰਾਮ ਅਫ਼ਸਰ ਅਤੇ ਜ਼ਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ ਨੂੰ ਇਸ ਪ੍ਰੋਗਰਾਮ ਨੂੰ ਤੁਰੰਤ ਸ਼ੁਰੂ ਕਰਨ ਦੇ ਨਿਰਦੇਸ਼ ਦਿੱਤੇ ਤਾਂ ਜੋ ਔਰਤਾਂ ਨੂੰ ਰੋਜ਼ਗਾਰ ਮੁਖੀ ਹੁਨਰ ਹਾਸਲ ਕਰਨ ਵਿੱਚ ਮਦਦ ਕਰਨ ਦੇ ਨਾਲ-ਨਾਲ ਉਨ੍ਹਾਂ ਦੀ ਸਮਾਜ ਵਿੱਚ ਸਰਗਰਮ ਭਾਗੀਦਾਰੀ ਨੂੰ ਯਕੀਨੀ ਬਣਾਇਆ ਜਾ ਸਕੇ।
ਲੜਕੀਆਂ ਅਤੇ ਔਰਤਾਂ ਦੇ ਸਸ਼ਕਤੀਕਰਨ ਲਈ ਬਹੁ-ਪੱਖੀ ਪਹਿਲਕਦਮੀਆਂ ’ਤੇ ਚਾਨਣਾ ਪਾਉਂਦਿਆਂ ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਜਾਗਰੂਕਤਾ ਫੈਲਾਉਣ ਲਈ ਜ਼ਿਲ੍ਹੇ ਭਰ ਵਿੱਚ ਵੱਖ-ਵੱਖ ਜਨਤਕ ਥਾਵਾਂ ‘ਤੇ ਲੜਕੀਆਂ ਦੀ ਮਹੱਤਤਾ ਦੇ ਵਿਸ਼ੇ ‘ਤੇ ਵਾਲ ਪੇਟਿੰਗਾਂ ਅਤੇ ਗ੍ਰੈਫਿਟੀਜ਼ ਬਣਾਈਆਂ ਜਾਣਗੀਆਂ।
ਇਸ ਤੋਂ ਇਲਾਵਾ ਹੋਣਹਾਰ ਲੜਕੀਆਂ ਨੂੰ ਸਕੂਲ ਬੈਗ, ਸਟੀਲ ਦੀਆਂ ਬੋਤਲਾਂ ਅਤੇ ਸਰਟੀਫਿਕੇਟ ਦੇ ਕੇ ਸਨਮਾਨਿਤ ਕੀਤਾ ਜਾਵੇਗਾ, ਜਦ ਕਿ ਪ੍ਰਤਿਭਾਸ਼ਾਲੀ ਖਿਡਾਰਨਾਂ ਦੀ ਖੇਡਾਂ ਵਿੱਚ ਭਾਗੀਦਾਰੀ ਨੂੰ ਉਤਸ਼ਾਹਿਤ ਕਰਨ ਲਈ ਉਨ੍ਹਾਂ ਨੂੰ ਟਰੈਕ ਸੂਟ, ਸਪੋਰਟਸ ਕਿੱਟਾਂ ਅਤੇ ਸਪੋਰਟਸ ਸ਼ੂਜ਼ ਪ੍ਰਦਾਨ ਕੀਤੇ ਜਾਣਗੇ।
ਲੜਕੀਆਂ ਵਿੱਚ ਸੁਰੱਖਿਆ ਅਤੇ ਆਤਮਵਿਸ਼ਵਾਸ ਵਧਾਉਣ ਲਈ ਸਰਕਾਰੀ ਹਾਈ ਅਤੇ ਸੈਕੰਡਰੀ ਸਕੂਲਾਂ ਦੀਆਂ ਲੜਕੀਆਂ ਲਈ ਸਵੈ-ਰੱਖਿਆ ਕਲਾਸਾਂ ਚਲਾਈਆਂ ਜਾਣਗੀਆਂ, ਜਿਸ ਵਿੱਚ ਘੱਟੋ-ਘੱਟ 10,000 ਲੜਕੀਆਂ ਨੂੰ ਸਿਖ਼ਲਾਈ ਦੇਣ ਦਾ ਟੀਚਾ ਹੈ। ਨਾਲ ਹੀ 30-30 ਲੜਕੀਆਂ ਦੇ ਚਾਰ ਬੈਚਾਂ ਨੂੰ ਮੁਕਾਬਲੇ ਦੀਆਂ ਪ੍ਰੀਖਿਆਵਾਂ ਦੀ ਕੋਚਿੰਗ ਦੇਣ ਲਈ ਕਲਾਸਾਂ ਵੀ ਲਗਾਈਆਂ ਜਾਣਗੀਆਂ।
ਡਾ. ਅਗਰਵਾਲ ਨੇ 100 ਪਿੰਡਾਂ ਵਿੱਚ ਮਹਿਲਾ ਸੁਰੱਖਿਆ ਜਾਗਰੂਕਤਾ ਕੈਂਪ ਅਤੇ ਗ੍ਰਾਮ ਪੰਚਾਇਤ ਮੈਂਬਰਾਂ, ਸਰਪੰਚਾਂ, ਸਕੂਲ ਅਧਿਆਪਕਾਂ, ਆਂਗਣਵਾੜੀ ਵਰਕਰਾਂ ਅਤੇ ਪੁਲਿਸ ਕਰਮਚਾਰੀਆਂ ਲਈ ਬਾਲ ਸੁਰੱਖਿਆ, ਲਿੰਗ ਸਮਾਨਤਾ, ਜੇ.ਜੇ. ਐਕਟ, ਪੋਕਸੋ ਐਕਟ, ਪ੍ਰਾਜੈਕਟ ਹਿਫਾਜ਼ਤ ਅਤੇ ਪ੍ਰਤੀਕੂਲ ਲਿੰਗ ਅਨੁਪਾਤ ਦੇ ਪ੍ਰਭਾਵ ਵਰਗੇ ਮੁੱਦਿਆਂ ‘ਤੇ ਓਰੀਐਂਟੇਸ਼ਨ ਅਤੇ ਜਾਗਰੂਕਤਾ ਸੈਸ਼ਨ ਕਰਵਾਉਣ ਦੇ ਨਿਰਦੇਸ਼ ਦਿੱਤੇ। ਇਨ੍ਹਾਂ ਪਹਿਲਕਦਮੀਆਂ ਦਾ ਉਦੇਸ਼ ਜਲੰਧਰ ਵਿੱਚ ਲੜਕੀਆਂ ਅਤੇ ਮਹਿਲਾਵਾਂ ਲਈ ਵਧੇਰੇ ਸੁਰੱਖਿਅਤ ਅਤੇ ਸਸ਼ਕਤ ਵਾਤਾਵਰਣ ਬਣਾਉਣਾ ਹੈ।

Leave a Comment

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।

Scroll to Top