ਜ਼ਿਲ੍ਹਾ ਪੱਧਰੀ ਖੇਡ ਮੁਕਾਬਲੇ :  ਵਾਲੀਬਾਲ ਅੰਡਰ-14 ਲੜਕੀਆਂ ਦੇ ਮੁਕਾਬਲੇ  ’ਚ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਮਨਸੂਰਪੁਰ ਨੇ ਮਾਰੀ ਬਾਜ਼ੀ

ਜਲੰਧਰ, 18 ਸਤੰਬਰ : ਪੰਜਾਬ ਸਰਕਾਰ ਵੱਲੋਂ ਸੂਬੇ ਵਿੱਚ ਖੇਡ ਸੱਭਿਆਚਾਰ ਨੂੰ ਪ੍ਰਫੁੱਲਿਤ ਕਰਨ ਅਤੇ ਖੇਡਾਂ ਦੇ ਮਿਆਰ ਨੂੰ ਉੱਚਾ ਚੁੱਕਣ ਲਈ ਕਰਵਾਈਆਂ ਜਾ ਰਹੀਆਂ ਖੇਡਾਂ ਵਤਨ ਪੰਜਾਬ ਦੀਆਂ-2024 ਤਹਿਤ ਅੱਜ ਜ਼ਿਲ੍ਹਾ ਪੱਧਰੀ ਖੇਡ ਮੁਕਾਬਲਿਆਂ ਦੇ ਦੂਜੇ ਦਿਨ ਜਲੰਧਰ ਵਿਖੇ ਵਾਲੀਬਾਲ, ਫੁੱਟਬਾਲ, ਬਾਸਕਟਬਾਲ, ਐਥਲੈਟਿਕਸ, ਹੈਂਡਬਾਲ, ਬਾਕਸਿੰਗ, ਸਾਫ਼ਟਬਾਲ, ਵੇਟ ਲਿਫ਼ਟਿੰਗ ਅਤੇ ਖੋਹ-ਖੋਹ ਦੇ ਮੁਕਾਬਲੇ ਕਰਵਾਏ ਗਏ।
ਇਨ੍ਹਾਂ ਖੇਡ ਮੁਕਾਬਲਿਆਂ ਦੌਰਾਨ ਜ਼ਿਲ੍ਹਾ ਖੇਡ ਅਫ਼ਸਰ ਗੁਰਪ੍ਰੀਤ ਸਿੰਘ ਨੇ ਖਿਡਾਰੀਆਂ ਨੂੰ ਖੇਡਾਂ ਵਿੱਚ ਵੱਧ ਚੜ੍ਹ ਕੇ ਹਿੱਸਾ ਲੈਣ ਅਤੇ ਨਸ਼ਿਆਂ ਤੋਂ ਦੂਰ ਰਹਿਣ ਲਈ ਪ੍ਰੇਰਿਤ ਕੀਤਾ। ਖੇਡ ਮੁਕਾਬਲਿਆਂ ਦੇ ਨਤੀਜਿਆਂ ਬਾਰੇ ਜਾਣਕਾਰੀ ਦਿੰਦਿਆਂ ਜ਼ਿਲ੍ਹਾ ਖੇਡ ਅਫ਼ਸਰ ਨੇ ਦੱਸਿਆ ਕਿ ਅੱਜ ਕਰਵਾਏ ਗਏ ਵਾਲੀਬਾਲ ਅੰਡਰ-14 ਲੜਕੀਆਂ ਦੇ ਮੁਕਾਬਲੇ ਵਿੱਚ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਮਨਸੂਰਪੁਰ ਦੀ ਟੀਮ ਨੇ ਪਹਿਲਾ ਅਤੇ ਸਰਕਾਰੀ ਹਾਈ ਸਕੂਲ ਹਰੀਪੁਰ ਦੀ ਟੀਮ ਨੇ ਦੂਜਾ ਸਥਾਨ ਪ੍ਰਾਪਤ ਕੀਤਾ। ਇਸੇ ਤਰ੍ਹਾਂ ਅੰਡਰ-17 ਲੜਕੀਆਂ ਮੁਕਾਬਲੇ ਵਿੱਚ ਕੇ.ਐਮ.ਵੀ. ਕਲੱਬ ਜਲੰਧਰ ਨੇ ਪਹਿਲਾ,  ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਮੰਨਰਪੁਰ ਦੀ ਟੀਮ ਨੇ ਦੂਜਾ ਅਤੇ ਸਰਕਾਰੀ ਹਾਈ ਸਕੂਲ ਹਰੀਪੁਰ ਨੇ ਤੀਜਾ ਸਥਾਨ ਹਾਸਲ ਕੀਤਾ। ਅੰਡਰ-21 ਮੁਕਾਬਲੇ ਵਿਚ ਕੇ.ਐਮ.ਵੀ. ਕਾਲਜ ਦੀ ਟੀਮ ਨੇ ਪਹਿਲਾ, ਐਸ.ਟੀ.ਐਸ.ਵਰਲਡ ਸਕੂਲ ਰੁੜਕਾ ਕਲਾਂ ਦੀ ਟੀਮ ਨੇ ਦੂਜਾ ਅਤੇ ਪੁਲਿਸ ਡੀ.ਏ.ਵੀ. ਪਬਲਿਕ ਸਕੂਲ ਦੀ ਟੀਮ ਨੇ ਤੀਜਾ ਸਥਾਨ ਪ੍ਰਾਪਤ ਕੀਤਾ।
ਜ਼ਿਲ੍ਹਾ ਖੇਡ ਅਫ਼ਸਰ ਨੇ ਅੱਗੇ ਦੱਸਿਆ ਕਿ ਹੈਂਡਬਾਲ ਅੰਡਰ-14 ਲੜਕਿਆਂ ਦੇ ਮੁਕਾਬਲੇ ਵਿੱਚ ਨੂਸੀ ਹੈਂਡਬਾਲ ਕਲੱਬ ਨੇ ਇਨੋਸੈਂਟ ਪਬਲਿਕ ਸਕੂਲ ਨੂੰ 6-5 ਨਾਲ ਹਰਾਇਆ ਅਤੇ ਦੂਜੇ ਮੈਚ ਵਿੱਚ ਰਾਏਪੁਰ ਰਸੂਲਪੁਰ ਦੀ ਟੀਮ ਨੇ ਬੀਰ ਬੰਸੀਆਂ ਦੀ ਟੀਮ ਨੂੰ 10-5 ਨਾਲ ਹਰਾਇਆ। ਇਸੇ ਤਰ੍ਹਾਂ ਬਾਕਸਿੰਗ ਅੰਡਰ-14 ਲੜਕੀਆਂ 30-32 ਕਿਲੋਗ੍ਰਾਮ ਭਾਰ ਵਰਗ ਵਿੱਚ ਵਿਰੋਮੀਕਾ (ਡਾਇਮੰਡ ਐਕਡਮੀ ) ਨੇ ਪਹਿਲਾ, ਨਿੱਧੀ (ਜੂਨੀਅਰ ਮਾਡਲ ਸਕੂਲ) ਨੇ ਦੂਜਾ ਅਤੇ ਸ਼ਸ਼ੀ ਸ਼ਰਮਾ (ਜੂਨੀਅਰ ਮਾਡਲ ਸਕੂਲ) ਨੇ ਤੀਜਾ ਸਥਾਨ ਪ੍ਰਾਪਤ ਕੀਤਾ। ਇਸੇ ਤਰ੍ਹਾਂ 40 ਤੋਂ 42 ਕਿਲੋਗ੍ਰਾਮ ਭਾਰ ਵਰਗ ਵਿੱਚ ਜੈਸਿਕਾ (ਜੂਨੀਅਰ ਮਾਡਲ ਸਕੂਲ) ਨੇ ਪਹਿਲਾ ਅਤੇ ਗੁਰਪ੍ਰੀਤ (ਜੂਨੀਅਰ ਮਾਡਲ ਸਕੂਲ) ਨੇ ਦੂਜਾ ਸਥਾਨ ਪ੍ਰਾਪਤ ਕੀਤਾ।
ਉਨ੍ਹਾਂ ਅੱਗੇ ਦੱਸਿਆ ਕਿ ਬਾਸਕਟਬਾਲ ਅੰਡਰ 21 ਲੜਕੇ ਸੈਮੀ ਫਾਈਨਲ ਮੈਚ ਵਿੱਚ ਪੀ.ਏ.ਪੀ. ਕਲੱਬ ਨੇ ਹੰਸਰਾਜ ਸਟੇਡੀਅਮ ਨੂੰ 30-17 ਨਾਲ ਹਰਾਇਆ। ਖਾਲਸਾ ਕਾਲਜ ਦੀ ਟੀਮ ਨੇ ਦੁਆਬਾ ਖਾਲਸਾ ਦੀ ਟੀਮ ਨੂੰ 28-14 ਨਾਲ ਹਰਾਇਆ। ਅੰਡਰ 21 ਲੜਕੀਆਂ ਵਿੱਚ ਐਚ.ਐਮ.ਵੀ.ਕਾਲਜ ਨੇ ਦੁਆਬਾ ਖਾਲਸਾ ਨੂੰ 26-16 ਨਾਲ ਹਰਾਇਆ। ਉਨ੍ਹਾਂ ਅੱਗੇ ਦੱਸਿਆ ਕਿ ਐਥਲੈਟਿਕ ਅੰਡਰ-17 ਲੜਕੇ 200 ਮੀਟਰ ਵਿੱਚ ਮਨਰਾਜ ਸਿੰਘ ਨੇ ਪਹਿਲਾ, ਜਸ਼ਨਦੀਪ ਸਿੰਘ ਨੇ ਦੂਜਾ ਅਤੇ ਜਸਪ੍ਰੀਤ ਸਿੰਘ ਨੇ ਤੀਜਾ ਸਥਾਨ ਪ੍ਰਾਪਤ ਕੀਤਾ। ਇਸੇ ਤਰ੍ਹਾਂ 400 ਮੀਟਰ ਹਰਡਲ ਲੜਕੀਆਂ ਵਿਚ ਸਹਿਜਪ੍ਰੀਤ ਕੌਰ ਨੇ ਪਹਿਲਾ, ਸੁਖਪ੍ਰੀਤ ਕੌਰ ਨੇ ਦੂਜਾ ਅਤੇ ਵਿਜੇ ਲਕਸ਼ਮੀ ਮਿਸ਼ਰਾ ਨੇ ਤੀਜਾ ਸਥਾਨ ਪ੍ਰਾਪਤ ਕੀਤਾ।
—————-

Leave a Comment

Your email address will not be published. Required fields are marked *

Scroll to Top