ਡਵੀਜ਼ਨਲ ਕਮਿਸ਼ਨਰ ਵੱਲੋਂ ਨੌਜਵਾਨਾਂ ਨੂੰ ਭਾਰਤੀ ਸ਼ਾਸਤਰੀ ਸੰਗੀਤ ਦੀ ਵਿਰਾਸਤ ਨੂੰ ਸੰਭਾਲਣ ਦਾ ਸੱਦਾ

ਜ਼ਿਲ੍ਹਾਜਲੰਧਰ, 22 ਸਤੰਬਰ : ਡਵੀਜ਼ਨਲ ਕਮਿਸ਼ਨਰ ਪ੍ਰਦੀਪ ਸੱਭਰਵਾਲ ਨੇ ਅੱਜ ਨੌਜਵਾਨਾਂ ਨੂੰ ਭਾਰਤੀ ਸ਼ਾਸਤਰੀ ਸੰਗੀਤ ਦੀ ਵਿਰਾਸਤ ਨੂੰ ਸੰਭਾਲਣ ਦਾ ਦਿੱਤਾ।
ਪੰਡਿਤ ਸੁਰਿੰਦਰ ਕੁਮਾਰ ਦੱਤਾ ਮਿਊਜ਼ੀਕਲ ਸਰਕਲ ਜਲੰਧਰ ਵੱਲੋਂ ਭਾਰਤ ਰਤਨ ਸਿਤਾਰ ਵਾਦਕ ਸਵਰਗੀ ਪੰਡਿਤ ਰਵੀ ਸ਼ੰਕਰ ਜੀ ਦੀ ਯਾਦ ਵਿੱਚ ਕਰਵਾਏ ਗਏ ਸੰਗੀਤਮਈ ਸਮਾਗਮ ਵਿੱਚ ਬੋਲਦਿਆਂ ਸ੍ਰੀ ਸੱਭਰਵਾਲ ਨੇ ਰਵਾਇਤੀ ਸੰਗੀਤ ਨੂੰ ਸੰਭਾਲਣ ਦੀ ਮਹੱਤਤਾ ’ਤੇ ਜ਼ੋਰ ਦਿੱਤਾ। ਪੰਡਿਤ ਸੁਰਿੰਦਰ ਕੁਮਾਰ ਦੱਤਾ ਅਤੇ ਤਿਲਕ ਰਾਜ ਵੱਲੋਂ ਆਪਣੇ ਗੁਰੂ ਦੇ ਸਨਮਾਨ ਵਿੱਚ ਹਰ ਸਾਲ ਇਹ ਸਮਾਗਮ ਕਰਵਾਉਣ ਦੇ ਯਤਨਾਂ ਦੀ ਸ਼ਲਾਘਾ ਕਰਦਿਆਂ ਉਨ੍ਹਾਂ ਕਿਹਾ ਕਿ ਇਹ ਸਮਾਗਮ ਸ਼ਾਸਤਰੀ ਸੰਗੀਤ ਦੀ ਲੌਅ ਨੂੰ ਜ਼ਿੰਦਾ ਰੱਖਣ ਵਿੱਚ ਅਹਿਮ ਭੂਮਿਕਾ ਨਿਭਾਅ ਰਿਹਾ ਹੈ।
ਸ੍ਰੀ ਸੱਭਰਵਾਲ ਨੇ ਨੌਜਵਾਨ ਪੀੜ੍ਹੀ ਨੂੰ ਭਾਰਤ ਦੇ ਅਮੀਰ ਸੱਭਿਆਚਾਰਕ ਵਿਰਸੇ ਤੋਂ ਜਾਣੂ ਕਰਵਾਉਣ ਦੀ ਲੋੜ ’ਤੇ ਜ਼ੋਰ ਦਿੱਤਾ। ਉਨ੍ਹਾਂ ਪ੍ਰਬੰਧਕਾਂ ਨੂੰ ਭਾਰਤੀ ਸ਼ਾਸਤਰੀ ਸੰਗੀਤ ਨੂੰ ਸਮਰਪਿਤ ਹੋਰ ਸਮਾਗਮ ਕਰਵਾਉਣ ਲਈ ਹੱਲਾਸ਼ੇਰੀ ਦਿੱਤੀ ਅਤੇ ਇਸ ਨੇਕ ਕਾਰਜ ਵਿੱਚ ਪੂਰਾ ਸਹਿਯੋਗ ਦੇਣ ਦਾ ਭਰੋਸਾ ਦਿੱਤਾ।
ਇਸ ਸਮਾਗਮ ਵਿੱਚ ਦੇਸ਼ ਭਰ ਦੇ ਨਾਮਵਰ ਕਲਾਕਾਰਾਂ ਵੱਲੋਂ ਪ੍ਰਸਿੱਧ ਸਿਤਾਰ ਵਾਦਕ ਨੂੰ ਸੰਗੀਤਮਈ ਸ਼ਰਧਾਂਜਲੀ ਭੇਟ ਕੀਤੀ ਗਈ। ਕੋਲਕਾਤਾ ਤੋਂ ਪੰਡਿਤ ਕੌਸ਼ਲ ਦਾਸ ਜੀ, ਪੁਣੇ ਤੋਂ ਯਸ਼ਵਤੀ ਸਿਰਪੋਤਦਾਰ, ਓਜਸ ਅਧੀਆ, ਮੁੰਬਈ ਤੋਂ ਸਿਧੇਸ਼ ਬਿਚੋਲਕਰ ਅਤੇ ਜਲੰਧਰ ਦੇ ਡਾ. ਪ੍ਰਤਿਭਾ ਸ਼ਰਮਾ ਅਤੇ ਸੁਰਜੀਤ ਸਿੰਘ ਦੀਆਂ ਪੇਸ਼ਕਾਰੀਆਂ ਨੇ ਦਰਸ਼ਕਾਂ ਦਾ ਮਨ ਮੋਹ ਲਿਆ ਅਤੇ ਖੂਬ ਵਾਹ-ਵਾਹ ਖੱਟੀ।
ਇਸ ਤੋਂ ਪਹਿਲਾਂ ਡਵੀਜ਼ਨਲ ਕਮਿਸ਼ਨਰ ਪ੍ਰਦੀਪ ਸੱਭਰਵਾਲ ਅਤੇ ਪੁੱਡੂਚੇਰੀ ਦੇ ਸਾਬਕਾ ਲੈਫਟੀਨੈਂਟ ਗਵਰਨਰ ਇਕਬਾਲ ਸਿੰਘ ਵੱਲੋਂ ਭਾਰਤੀ ਸ਼ਾਸਤਰੀ ਸੰਗੀਤ ਦੇ ਉਸਤਾਦ ਨੂੰ ਸ਼ਰਧਾਂਜਲੀ ਭੇਟ ਕਰਦੇ ਹੋਏ ਦੀਪ ਜਗਾ ਕੇ ਸਮਾਗਮ ਦੀ ਸ਼ੁਰੂਆਤ ਕੀਤੀ ਗਈ। ਉਨ੍ਹਾਂ ਦੇਸ਼ ਦੀਆਂ ਵੱਖ-ਵੱਖ ਥਾਵਾਂ ਤੋਂ ਸਮਾਗਮ ਵਿੱਚ ਭਾਗ ਲੈਣ ਵਾਲੇ ਕਲਾਕਾਰਾਂ ਨੂੰ ਸਨਮਾਨਿਤ ਵੀ ਕੀਤਾ।

Leave a Comment

Your email address will not be published. Required fields are marked *

Scroll to Top