ਪਟਾਖੇ ਵੇਚਣ ਲਈ 20 ਆਰਜ਼ੀ ਲਾਇਸੰਸਾਂ ਦਾ ਡਰਾਅ 29 ਅਕਤੂਬਰ ਨੂੰ ਰੈੱਡ ਕਰਾਸ ਭਵਨ ਜਲੰਧਰ ਵਿਖੇ ਕੱਢਿਆ ਜਾਵੇਗਾ

ਜਲੰਧਰ, 19 ਅਕਤੂਬਰ : ਵਧੀਕ ਜ਼ਿਲ੍ਹਾ ਮੈਜਿਸਟਰੇਟ-ਕਮ- ਵਧੀਕ ਡਿਪਟੀ ਕਮਿਸ਼ਨਰ (ਜਨਰਲ) ਅਮਨਿੰਦਰ ਕੌਰ ਨੇ ਦੱਸਿਆ ਕਿ ਪਟਾਖਿਆਂ ਨੂੰ ਵੇਚਣ ਲਈ 20 ਆਰਜ਼ੀ ਲਾਇਸੰਸ ਡਰਾਅ ਰਾਹੀਂ ਜਾਰੀ ਕੀਤੇ ਜਾਣੇ ਹਨ। ਉਨ੍ਹਾਂ ਦੱਸਿਆ ਕਿ ਜਿਲ੍ਹਾ ਮੈਜਿਸਟਰੇਟ ਜਲੰਧਰ ਅਧੀਨ ਆਉਂਦੇ ਵਸਨੀਕ ਜਿਨ੍ਹਾਂ ਦੀ ਉਮਰ 18 ਸਾਲ ਤੋਂ ਘੱਟ ਨਹੀਂ ਹੈ, ਨੇ ਜਿਲ੍ਹਾ ਜਲੰਧਰ ਵਿੱਚ ਨਿਰਧਾਰਤ ਸਥਾਨ ਪਿੰਡ ਰਾਉਵਾਲੀ, ਪਠਾਨਕੋਟ ਰੋਡ, ਜਿਲ੍ਹਾ ਜਲੰਧਰ, ਵਿਖੇ ਪਟਾਖਿਆਂ ਨੂੰ ਵੇਚਣ ਲਈ ਆਰਜ਼ੀ ਦੁਕਾਨਾਂ ਦੇ ਆਰਜ਼ੀ ਲਾਇਸੰਸ ਲੈਣੇ ਹਨ, ਉਹ ਡਿਪਟੀ ਕਮਿਸ਼ਨਰ, ਜਲੰਧਰ ਅਧੀਨ ਪੈਂਦੇ ਸੇਵਾ ਕੇਂਦਰਾ ਰਾਹੀਂ ਫੀਸ ਜਮ੍ਹਾਂ ਕਰਵਾਉਂਦੇ ਹੋਏ ਆਪਣੀ ਦਰਖਾਸਤ ਦੇ ਸਕਦੇ ਹਨ।
ਉਨ੍ਹਾਂ ਦੱਸਿਆ ਕਿ ਪ੍ਰਾਰਥੀ ਆਪਣੀ ਦਰਖਾਸਤ ਨਾਲ ਇੱਕ ਸਵੈ-ਘੋਸ਼ਣਾ ਪੱਤਰ, ਦੋ ਪਾਸਪੋਰਟ ਸਾਈਜ਼ ਫੋਟੋਆਂ ਅਤੇ ਰਿਹਾਇਸ਼ ਸਬੰਧੀ ਆਧਾਰ ਕਾਰਡ ਦੀ ਕਾਪੀ ਲਗਾਉਣੀ ਯਕੀਨੀ ਬਣਾਉਣਗੇ।ਉਨ੍ਹਾਂ ਦੱਸਿਆ ਕਿ ਚਾਹਵਾਨ ਪ੍ਰਾਰਥੀ ਜੋ ਜ਼ਿਲ੍ਹਾ ਜਲੰਧਰ ਦਾ ਵਸਨੀਕ ਹੈ ਆਪਣੀ ਦਰਖਾਸਤ ਮਿਤੀ 21.10.2026 ਤੋਂ 27.10.2026  ਸਵੇਰੇ 9 ਵਜੇ ਤੋਂ ਸ਼ਾਮ 4 ਵਜੇ ਤੱਕ ਆਨਲਾਈਨ ਭਰ ਸਕਦੇ ਹਨ। ਉਨ੍ਹਾਂ ਦੱਸਿਆ ਕਿ ਨਿਰਧਾਰਿਤ ਸਮੇਂ ਤੋਂ ਬਾਅਦ ਆਉਣ ਵਾਲੀ ਅਰਜੀ ਵਿਚਾਰੀ ਨਹੀਂ ਜਾਵੇਗੀ। ਉਨ੍ਹਾਂ ਦੱਸਿਆ ਕਿ ਆਰਜ਼ੀ ਲਾਈਸੰਸਾਂ ਦਾ ਡਰਾਅ ਮਿਤੀ 29.10.2026 ਦਿਨ ਸ਼ੁਕਰਵਾਰ ਨੂੰ ਦੁਪਹਿਰ 12.00 ਵਜੇ ਰੈੱਡ ਕਰਾਸ ਭਵਨ, ਜਲੰਧਰ ਵਿਖੇ ਕੱਢਿਆ ਜਾਵੇਗਾ।
ਵਧੀਕ ਜ਼ਿਲ੍ਹਾ ਮੈਜਿਸਟਰੇਟ ਨੇ ਇਹ ਵੀ ਦੱਸਿਆ ਕਿ ਮਾਨਸੋਗ ਸੁਪਰੀਮ ਕੋਰਟ ਜਾਂ ਮਾਨਯੋਗ ਪੰਜਾਬ ਐਂਡ ਹਰਿਆਣਾ ਹਾਈਕੋਰਟ ਜਾਂ ਸਰਕਾਰ ਵਲੋਂ ਜਾਰੀ ਕੀਤੇ ਹੁਕਮਾਂ ਵਿੱਚ ਕਿਸੇ ਪ੍ਰਕਾਰ ਦੀ ਸੋਧ ਜਾਂ ਤਬਦੀਲੀ ਹੁੰਦੀ ਹੈ ਤਾਂ ਉਸ ਮੁਤਾਬਿਕ ਕਾਰਵਾਈ ਕੀਤੀ ਜਾਵੇਗੀ।

Table of Contents

Scroll to Top