ਤਲਵਾੜਾ (ਸੋਨੂੰ ਥਾਪਰ) – ਮਹੰਤ ਰਾਮ ਪ੍ਰਕਾਸ਼ ਦਾਸ ਸਰਕਾਰੀ ਕਾਲਜ,ਤਲਵਾੜਾ ਵਿੱਚ ਕਰਵਾਏ ਜਾਣ ਵਾਲੇ ਸੈਸ਼ਨ 2025-26 ਦੇ ਦਾਖਲਿਆਂ ਨਾਲ ਸੰਬੰਧਿਤ ਪ੍ਰਾਸਪੈਕਟ ਰਿਲੀਜ਼ ਕੀਤਾ । ਕਾਲਜ ਮੀਡੀਆ ਸੈੱਲ ਦੇ ਇੰਚਾਰਜ ਪ੍ਰੋ. ਅਜੈ ਕੁਮਾਰ ਅਰਸ਼ ਨੇ ਜਾਣਕਾਰੀ ਸਾਂਝੀ ਕਰਦਿਆਂ ਦੱਸਿਆ ਕਿ ਐਮ.ਆਰ.ਪੀ.ਡੀ ਸਰਕਾਰੀ ਕਾਲਜ, ਤਲਵਾੜਾ ਵਿੱਚ ਕਰਵਾਏ ਜਾਣ ਵਾਲੇ ਸੈਸ਼ਨ 2025-26 ਦੇ ਦਾਖਲਿਆਂ ਨਾਲ ਸੰਬੰਧਿਤ ਪ੍ਰਿੰਸੀਪਲ ਗੁਰਮੀਤ ਸਿੰਘ, ਸਟਾਫ਼ ਮੈਂਬਰਾਂ ਤੇ ਵਿਦਿਆਰਥੀਆਂ ਦੁਆਰਾ ਕਾਲਜ ਦਾ ਪ੍ਰਾਸਪੈਕਟ ਰਿਲੀਜ਼ ਕੀਤਾ ਗਿਆ । ਇਸ ਮੌਕੇ ‘ਤੇ ਪ੍ਰਿੰਸੀਪਲ ਗੁਰਮੀਤ ਸਿੰਘ ਨੇ ਦੱਸਿਆ ਕਿ ਕੰਡੀ ਦਾ ਇਲਾਕਾ ਆਪਣੀ ਵੱਖਰੀ ਭੂੰਗੋਲਿਕਤਾ ਕਰਕੇ ਜਾਣਿਆ ਜਾਂਦਾ ਹੈ । ਸਰਕਾਰੀ ਕਾਲਜ, ਤਲਵਾੜਾ ਇਸ ਇਲਾਕੇ ਦੀ ਵੱਖਰੀ ਸ਼ਾਨ ਹੈ । ਆਰਥਿਕ ਪੱਖੋਂ ਇਹ ਇਲਾਕਾ ਕਮਜ਼ੋਰ ਹੋਣ ਕਰਕੇ ਇੱਥੋਂ ਦੇ ਮਾਪੇ ਆਪਣੇ ਬੱਚਿਆਂ ਨੂੰ ਖ਼ਾਸ ਕਰਕੇ ਲੜਕੀਆਂ ਨੂੰ ਦੂਰ-ਦੁਰਾਡੇ ਦੇ ਮਹਿੰਗੇ ਕਾਲਜਾਂ ਵਿੱਚ ਪੜਾਉਣ ਲਈ ਅਸਮਰਥ ਹਨ । ਇਸ ਲਈ ਇਹ ਕਾਲਜ ਉਹਨਾਂ ਮਾਪਿਆਂ ਲਈ ਘੱਟ ਫੀਸਾਂ ‘ਤੇ ਵਧੀਆ ਪੜ੍ਹਾਈ ਦੇਣ ਦਾ ਇੱਕ ਵੱਡਾ ਸਾਧਨ ਹੈ । ਵਿਦਿਆ ਮਨੁੱਖ ਦਾ ਤੀਜਾ ਨੇਤਰ ਹੈ ਤੇ ਕੋਈ ਵੀ ਮਾਂ-ਬਾਪ ਆਪਣੇ ਬੱਚਿਆਂ ਨੂੰ ਇਸ ਤੋਂ ਵਾਂਝਾ ਨਹੀਂ ਰੱਖਣਾ ਚਾਹੁੰਦੇ ।

ਇਲਾਕੇ ਦੇ ਲੋਕਾਂ ਦੀ ਇਸੇ ਦਿਲਚਸਪੀ ਤੇ ਨਿਸ਼ਠਾ ਨੂੰ ਦੇਖਦੇ ਹੋਏ ਕਾਲਜ ਵਿੱਚ ਵੱਖਰੀ-ਵੱਖਰੀ ਪੜ੍ਹਾਈ ਅਰਥਾਤ ਆਰਟਸ, ਕਾਮਰਸ, ਸਾਇੰਸ ਤੇ ਕਿੱਤਾ ਮੁਖੀ ਕੋਰਸ ਚਲਾਏ ਜਾ ਰਹੇ ਹਨ ਤਾਂ ਜੋ ਉਨਾਂ ਦੇ ਬੱਚੇ ਕਿਸੇ ਪੱਖੋਂ ਵਾਂਝੇ ਨਾ ਰਹਿ ਜਾਣ । ਇਸੇ ਉਦੇਸ਼ ਨੂੰ ਮੁੱਖ ਰੱਖਦਿਆਂ ਇਹਨਾਂ ਕੋਰਸਾਂ ਨਾਲ ਸੰਬੰਧਿਤ ਜਾਣਕਾਰੀ ਭਰਪੂਰ ਪ੍ਰਾਸਪੈਕਟ ਰਿਲੀਜ਼ ਕੀਤਾ ਗਿਆ ਹੈ । ਉਨਾਂ ਦੱਸਿਆ ਕਿ ਇਸ ਪ੍ਰਾਸਪੈਕਟ ਨੂੰ ਸੁਚਾਰੂ ਤੇ ਸੁਚੱਜੇ ਤਰੀਕੇ ਨਾਲ ਤਿਆਰ ਕਰਨ ਵਿੱਚ ਕਾਲਜ ਰਜਿਸਟਰਾਰ ਪ੍ਰੋ. ਅਜੈ ਕੁਮਾਰ ਅਰਸ਼, ਪ੍ਰੋ. ਦਲਵਿੰਦਰ ਪਾਲ ਸਿੰਘ ਤੇ ਪ੍ਰੋ. ਅਕਬਾਲ ਸਿੰਘ ਦਾ ਵਿਸ਼ੇਸ਼ ਯੋਗਦਾਨ ਰਿਹਾ ਹੈ ।
ਇਸ ਅਵਸਰ ਉੱਤੇ ਬੋਟਨੀ ਵਿਭਾਗ ਦੇ ਸਹਿਯੋਗ ਨਾਲ ਪ੍ਰਿੰਸੀਪਲ ਦੁਆਰਾ ਪੌਦਾ ਲਗਾਇਆ ਗਿਆ ਜੋ ਕਿ ਕਾਲਜ ਦੀ ਖ਼ੂਬਸੂਰਤੀ, ਫੁੱਲਾਂ ਵਰਗੇ ਵਿਦਿਆਰਥੀਆਂ ਦੀ ਕਾਲਜ ਵਿੱਚ ਆਮਦ ਤੇ ਵਿਦਿਆਰਥੀਆਂ ਦੇ ਸਹਿਯੋਗ ਨਾਲ ਕਾਲਜ ਦੀ ਚੜ੍ਹਤ ਦਾ ਪ੍ਰਤੀਕ ਹੈ।
ਇਸ ਮੌਕੇ ਉੱਤੇ ਸਮੂਹ ਟੀਚਿੰਗ ਸਟਾਫ਼ ਤੇ ਵਿਦਿਆਰਥੀ ਹਾਜ਼ਰ ਸਨ ।

















































