ਫਿਲੌਰ (ਜਲੰਧਰ), 24 ਜੁਲਾਈ : ਰਾਜ ਸੂਚਨਾ ਕਮਿਸ਼ਨਰ, ਪੰਜਾਬ ਹਰਪ੍ਰੀਤ ਸੰਧੂ ਨੇ ਅੱਜ ਮਹਾਰਾਜਾ ਰਣਜੀਤ ਸਿੰਘ ਪੰਜਾਬ ਪੁਲਿਸ ਅਕੈਡਮੀ, ਫਿਲੌਰ ਵਿਖੇ ਡਾਇਰੈਕਟਰ ਧਨਪ੍ਰੀਤ ਕੌਰ (ਆਈ.ਪੀ.ਐੱਸ.) ਦੀ ਰਹਿਨੁਮਾਈ ਹੇਠ ਕਰਵਾਏ ਗਏ ‘ਸੂਚਨਾ ਦਾ ਅਧਿਕਾਰ ਐਕਟ, 2005’ ਬਾਰੇ ਇੱਕ-ਰੋਜ਼ਾ ਸਿਖ਼ਲਾਈ ਪ੍ਰੋਗਰਾਮ ਨੂੰ ਸੰਬੋਧਨ ਕਰਦਿਆਂ ਪਾਰਦਰਸ਼ਤਾ, ਜਵਾਬਦੇਹੀ ਅਤੇ ਨਾਗਰਿਕ-ਕੇਂਦਰਿਤ ਸ਼ਾਸਨ ਦੀ ਮਹੱਤਤਾ ‘ਤੇ ਜ਼ੋਰ ਦਿੱਤਾ।
ਸ਼੍ਰੀ ਹਰਪ੍ਰੀਤ ਸੰਧੂ ਨੇ ਸਿਖ਼ਲਾਈ ਪ੍ਰੋਗਰਾਮ ਦੌਰਾਨ ਲੋਕ ਸੂਚਨਾ ਅਧਿਕਾਰੀਆਂ (ਪੀ.ਆਈ.ਓਜ਼), ਸਹਾਇਕ ਜਨਤਕ ਸੂਚਨਾ ਅਧਿਕਾਰੀਆਂ (ਏ.ਪੀ.ਆਈ.ਓਜ਼) ਅਤੇ ਪੰਜਾਬ ਦੇ ਆਰ.ਟੀ.ਆਈ. ਸੈੱਲਾਂ ਨਾਲ ਸਬੰਧਤ ਪੁਲਿਸ ਅਧਿਕਾਰੀਆਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਆਰ.ਟੀ.ਆਈ. ਐਕਟ ਸਰਕਾਰੀ ਅਦਾਰਿਆਂ ਵਿੱਚ ਲੋਕਾਂ ਦਾ ਭਰੋਸਾ ਮਜ਼ਬੂਤ ਕਰਨ ਦਾ ਇੱਕ ਸ਼ਕਤੀਸ਼ਾਲੀ ਸਾਧਨ ਹੈ। ਉਨ੍ਹਾਂ ਐਕਟ ਨੂੰ ਪ੍ਰਭਾਵਸ਼ਾਲੀ ਢੰਗ ਨਾਲ ਲਾਗੂ ਕਰਨ ਵਿੱਚ ਪੀ.ਆਈ.ਓਜ਼ ਦੀ ਅਹਿਮ ਭੂਮਿਕਾ ਨੂੰ ਉਜਾਗਰ ਕੀਤਾ ਅਤੇ ਕਿਹਾ ਕਿ ਇਹ ਯਕੀਨੀ ਬਣਾਇਆ ਜਾਵੇ ਕਿ ਆਰ.ਟੀ.ਆਈ. ਅਰਜ਼ੀਆਂ ‘ਤੇ ਤੁਰੰਤ, ਸਹੀ ਅਤੇ ਸੁਹਿਰਦ ਢੰਗ ਨਾਲ ਕਾਰਵਾਈ ਹੋਵੇ। ਉਨ੍ਹਾਂ ਇਸ ਗੱਲ ‘ਤੇ ਜ਼ੋਰ ਦਿੱਤਾ ਕਿ ਬਿਨੈਕਾਰਾਂ ਨੂੰ ਵਿਰੋਧੀ ਨਹੀਂ, ਕਾਨੂੰਨੀ ਅਧਿਕਾਰ ਦੀ ਵਰਤੋਂ ਕਰ ਰਹੇ ਨਾਗਰਿਕਾਂ ਵਜੋਂ ਦੇਖਿਆ ਜਾਣਾ ਚਾਹੀਦਾ ਹੈ।

ਰਾਜ ਸੂਚਨਾ ਕਮਿਸ਼ਨਰ ਨੇ ਸਹੀ ਰਿਕਾਰਡ ਪ੍ਰਬੰਧਨ, ਢੁੱਕਵੀਂ ਇੰਡੈਕਸਿੰਗ, ਡਿਜੀਟਾਈਜ਼ੇਸ਼ਨ ਅਤੇ ਆਰ.ਟੀ.ਆਈ. ਅਰਜ਼ੀਆਂ ਦੇ ਸਮੇਂ ਸਿਰ ਨਿਪਟਾਰੇ ਦੀ ਜ਼ਰੂਰਤ ‘ਤੇ ਜ਼ੋਰ ਦਿੱਤਾ। ਉਨ੍ਹਾਂ ਕਿਹਾ ਕਿ ਧਾਰਾ 8 ਅਤੇ 9 ਅਧੀਨ ਛੋਟਾਂ ਨੂੰ ਸਾਵਧਾਨੀ ਨਾਲ ਅਤੇ ਸਿਰਫ਼ ਉੱਥੇ ਹੀ ਲਾਗੂ ਕੀਤਾ ਜਾਣਾ ਚਾਹੀਦਾ ਹੈ, ਜਿੱਥੇ ਕਾਨੂੰਨੀ ਤੌਰ ‘ਤੇ ਜਾਇਜ਼ ਹੋਵੇ।
ਪੁਲਿਸ ਦੇ ਕੰਮਕਾਜ ਦੀ ਸੰਵੇਦਨਸ਼ੀਲ ਪ੍ਰਕਿਰਤੀ ਦਾ ਜ਼ਿਕਰ ਕਰਦਿਆਂ ਉਨ੍ਹਾਂ ਕਿਹਾ ਕਿ ਜਿਥੇ ਜ਼ਰੂਰੀ ਗੁਪਤਤਾ ਦੀ ਰਾਖੀ ਜ਼ਰੂਰੀ ਹੈ, ਉੱਥੇ ਪਾਰਦਰਸ਼ਤਾ ਹੀ ਮੁੱਖ ਸਿਧਾਂਤ ਹੋਣਾ ਚਾਹੀਦਾ ਹੈ। ਉਨ੍ਹਾਂ ਨੇ ਅਧਿਕਾਰੀਆਂ ਨੂੰ ਨਿਆਂਇਕ ਅਤੇ ਸੂਚਨਾ ਕਮਿਸ਼ਨ ਦੇ ਫੈਸਲਿਆਂ ਦਾ ਨਿਯਮਿਤ ਤੌਰ ‘ਤੇ ਅਧਿਐਨ ਕਰਨ ਲਈ ਵੀ ਉਤਸ਼ਾਹਿਤ ਕੀਤਾ ਤਾਂ ਜੋ ਕਾਨੂੰਨੀ ਤੌਰ ‘ਤੇ ਸਹੀ ਫੈਸਲੇ ਲਏ ਜਾ ਸਕਣ।
ਆਰ.ਟੀ.ਆਈ. ਐਕਟ ਦੀ ਧਾਰਾ 4 ਤਹਿਤ ਵਧੇਰੇ ਸਰਗਰਮੀ ਨਾਲ ਜਾਣਕਾਰੀ ਜਨਤਕ ਕਰਨ ਦੀ ਅਪੀਲ ਕਰਦਿਆਂ ਸ਼੍ਰੀ ਹਰਪ੍ਰੀਤ ਸੰਧੂ ਨੇ ਕਿਹਾ ਕਿ ਪਾਰਦਰਸ਼ਤਾ ਨਾਲ ਭਰੋਸੇਯੋਗਤਾ ਬਣਦੀ ਹੈ, ਭਰੋਸੇਯੋਗਤਾ ਜਨਤਕ ਸਹਿਯੋਗ ਨੂੰ ਮਜ਼ਬੂਤ ਕਰਦੀ ਹੈ ਅਤੇ ਜਨਤਕ ਸਹਿਯੋਗ ਵਧੇਰੇ ਪ੍ਰਭਾਵਸ਼ਾਲੀ ਪੁਲਿਸਿੰਗ ਵਿੱਚ ਯੋਗਦਾਨ ਦਿੰਦਾ ਹੈ।

ਆਪਣੇ ਸੰਬੋਧਨ ਦੇ ਅਖੀਰ ਵਿੱਚ ਉਨ੍ਹਾਂ ਕਿਹਾ ਕਿ ਆਰ.ਟੀ.ਆਈ. ਐਕਟ ਸਿਰਫ਼ ਜਾਣਕਾਰੀ ਪ੍ਰਦਾਨ ਕਰਨ ਬਾਰੇ ਨਹੀਂ ਹੈ, ਸਗੋਂ ਜਨਤਕ ਵਿਸ਼ਵਾਸ ਬਣਾਉਣ, ਲੋਕਤੰਤਰ ਨੂੰ ਮਜ਼ਬੂਤ ਕਰਨ ਅਤੇ ਪਾਰਦਰਸ਼ੀ ਤੇ ਜਵਾਬਦੇਹ ਸ਼ਾਸਨ ਵਿਵਸਥਾ ਯਕੀਨੀ ਬਣਾਉਣ ਬਾਰੇ ਵੀ ਹੈ।
ਉਨ੍ਹਾਂ ਨੇ ਸਿਖ਼ਲਾਈ ਪ੍ਰੋਗਰਾਮ ਲਈ ਪੰਜਾਬ ਪੁਲਿਸ ਅਕੈਡਮੀ ਨੂੰ ਮੁਬਾਰਕਬਾਦ ਦਿੱਤੀ। ਸਮਾਗਮ ਦੀ ਸਮਾਪਤੀ ਮੌਕੇ ਪੰਜਾਬ ਪੁਲਿਸ ਅਕੈਡਮੀ ਦੇ ਡਾਇਰੈਕਟਰ-ਕਮ-ਇੰਸਪੈਕਟਰ ਜਨਰਲ ਆਫ਼ ਪੁਲਿਸ, ਧਨਪ੍ਰੀਤ ਕੌਰ (ਆਈ.ਪੀ.ਐਸ.) ਵੱਲੋਂ ਰਾਜ ਸੂਚਨਾ ਕਮਿਸ਼ਨਰ, ਪੰਜਾਬ ਹਰਪ੍ਰੀਤ ਸੰਧੂ ਨੂੰ ਪੰਜਾਬ ਪੁਲਿਸ ਅਕੈਡਮੀ ਦਾ ਯਾਦਗਾਰੀ ਚਿੰਨ੍ਹ ਭੇਟ ਕੀਤਾ ਗਿਆ ।