ਸਖ਼ਤ ਹਾਲਾਤਾਂ ਵਿੱਚ ਵੀ ਰਿਸ਼ਤਿਆਂ ਦੀ ਮਹਿਕ ਇਹੀ ਹੈ ਸਾਡਾ ਪੰਜਾਬ

ਬਿਉਰੋ ਰਿਪੋਰਟ – ਹੜ੍ਹ ਪ੍ਰਭਾਵਿਤ ਇਲਾਕਿਆਂ ਵਿੱਚ ਜਦੋਂ ਅਸੀਂ ਕਿਸ਼ਤੀਆਂ ਰਾਹੀਂ ਰਾਸ਼ਨ ਤੇ ਪਾਣੀ ਦੀ ਸੇਵਾ ਕਰ ਰਹੇ ਸੀ, ਇੱਕ ਘਰ ਵਿੱਚ ਪਹੁੰਚੇ ਜੋ ਚਾਰੀਂ ਪਾਸੀਂ ਪਾਣੀ ਨਾਲ ਘਿਰਿਆ ਹੋਇਆ ਸੀ। ਉਥੇ ਇਕ ਬਜ਼ੁਰਗ ਜੋੜਾ ਸੀ, ਇਕ ਨੂਹ ਸੀ ਤੇ ਦੋ ਛੋਟੇ ਬੱਚੇ ਸਨ। ਘਰ ਦੀ ਹਾਲਤ ਵੇਖਕੇ ਲੱਗ ਰਿਹਾ ਸੀ ਕਿ ਉਨ੍ਹਾਂ ਲਈ ਰੋਟੀ ਵੀ ਵੱਡੀ ਮੁਸ਼ਕਲ ਨਾਲ ਹੀ ਨਸੀਬ ਹੁੰਦੀ ਹੋਵੇਗੀ, ਕਿਉਂਕਿ ਘਰ ਅਬਾਦੀ ਤੋਂ ਕਾਫੀ ਦੂਰ ਸੀ ਅਤੇ ਲਗਭਗ 10 ਫੁੱਟ ਪਾਣੀ ਵਿੱਚ ਘਿਰਿਆ ਸੀ।

ਅਸੀਂ ਉਨ੍ਹਾਂ ਨੂੰ ਰਾਸ਼ਨ ਦਿੱਤਾ ਅਤੇ ਵਾਪਸ ਮੁੜਨ ਲੱਗੇ ਤਾਂ ਗੱਲਾਂ-ਗੱਲਾਂ ਵਿੱਚ ਉਹਨਾਂ ਨੇ ਪੁੱਛਿਆ – “ਤੁਸੀਂ ਕਿੱਥੋਂ ਹੋ?” ਜਦੋਂ ਮੈਂ ਆਪਣਾ ਪਿੰਡ ਦੱਸਿਆ ਤਾਂ ਉਹਨਾਂ ਨੇ ਮੇਰੇ ਪਿਓ ਦਾ ਨਾਂ ਪੁੱਛਿਆ। ਜਦੋਂ ਮੈਂ ਦੱਸਿਆ, ਤਾਂ ਬਜ਼ੁਰਗ ਮਾਤਾ ਕਹਿਣ ਲੱਗੀ – “ਤੂੰ ਫਲਾਣੇ ਪਿੰਡ ਮੰਗਿਆ ਹੋਇਆ?”

ਅੱਗੋਂ ਉਸ ਮਾਤਾ ਨੇ ਜੋ ਕੀਤਾ, ਉਹ ਵੇਖਕੇ ਮੇਰਾ ਦਿਲ ਭਾਵੁਕ ਹੋ ਗਿਆ। ਉਹ ਛੱਤ ਉੱਤੇ ਰੱਖੀ ਪੇਟੀ (ਜਿਸ ‘ਚ ਸਮਾਨ ਪਾਣੀ ਕਾਰਨ ਉੱਪਰ ਚੜ੍ਹਾਇਆ ਹੋਇਆ ਸੀ) ਵਿੱਚੋਂ ਕੁਝ ਕੱਪੜੇ ਤੇ 100 ਰੁਪਏ ਕੱਢਕੇ ਮੇਰੇ ਹੱਥ ਵਿਚ ਫੜਾਉਣ ਲੱਗੀ। ਮੈਂ ਹੈਰਾਨ ਹੋਇਆ, ਕਿਹਾ – “ਮਾਂ ਜੀ, ਇਹ ਕੀ ਕਰ ਰਹੇ ਹੋ, ਤੁਸੀਂ ਤਾਂ ਖੁਦ ਮੁਸੀਬਤ ਵਿੱਚ ਹੋ।” ਪਰ ਉਹ ਬਜ਼ੁਰਗ ਮਾਂ ਕਹਿੰਦੀ –
“ਕਾਕਾ, ਜਿਥੇ ਤੂੰ ਮੰਗਿਆ ਹੋਇਆ ਉਹ ਸਾਡੇ ਰਿਸ਼ਤੇਦਾਰ ਨੇ। ਜਵਾਈ ਭਾਈ ਪਹਿਲੀ ਵਾਰ ਘਰ ਆਇਆ ਹੋਵੇ, ਅਸੀਂ ਖਾਲੀ ਹੱਥ ਥੋੜਾ ਜਾਣ ਦਿੰਦੇ ਹਾਂ।”

ਇਹ ਗੱਲ ਸੁਣਕੇ ਮੇਰੀਆਂ ਅੱਖਾਂ ਭਰ ਆਈਆਂ। ਅਜਿਹੇ ਲੋਕਾਂ ਨੂੰ ਵੇਖਕੇ ਸੱਚਮੁੱਚ ਸੋਚਣ ‘ਤੇ ਮਜਬੂਰ ਹੋ ਜਾਂਦਾ ਹੈ ਬੰਦਾ – ਕਿਹੜੀ ਮਿੱਟੀ ਦੇ ਬਣੇ ਨੇ ਇਹ ਲੋਕ। ਐਨੇ ਸਖ਼ਤ ਹਾਲਾਤ ਵਿੱਚ ਵੀ ਰਿਸ਼ਤਿਆਂ ਦਾ ਮਾਣ ਕਾਇਮ ਰੱਖਣਾ ਨਹੀਂ ਭੁੱਲਦੇ।

ਕਈ ਵਾਰ ਅਖੌਤੀ ਵਿਦਵਾਨ ਆਖਦੇ ਹਨ – “ਹਾਏ ਪੰਜਾਬ ਲੁੱਟ ਗਿਆ, ਹਾਏ ਪੰਜਾਬ ਖਤਮ ਹੋ ਗਿਆ।” ਪਰ ਸੱਚ ਇਹ ਹੈ ਕਿ ਜਦ ਤੱਕ ਅਜਿਹੇ ਚੜ੍ਹਦੀਕਲਾ ਵਾਲੇ ਲੋਕ ਜੀਉਂਦੇ ਹਨ, ਪੰਜਾਬ ਨੂੰ ਕੋਈ ਵੀ ਤਾਕਤ ਝੁਕਾ ਨਹੀਂ ਸਕਦੀ।

ਇਹੀ ਹੈ ਸਾਡਾ ਪੰਜਾਬ – ਪਿਆਰ, ਰਿਸ਼ਤੇਦਾਰੀ, ਤੇ ਮਨੁੱਖਤਾ ਨਾਲ ਭਰਿਆ ਹੋਇਆ।

Leave a Comment

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।

Scroll to Top