ਜਲੰਧਰ, 18 ਮਾਰਚ : ਜ਼ਿਲ੍ਹਾ ਰੱਖਿਆ ਸੇਵਾਵਾਂ ਭਲਾਈ ਅਫ਼ਸਰ ਕਮਾਂਡਰ ਬਲਜਿੰਦਰ ਸਿੰਘ ਵਿਰਕ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਵਜਰਾ ਸੈਨਿਕ ਇੰਸਟੀਚਿਊਟ, ਜਲੰਧਰ ਕੈਂਟ ਵਿਖੇ ਸਾਬਕਾ ਸੈਨਿਕ ਰੈਲੀ ਕਰਵਾਈ ਗਈ, ਜਿਸ ਵਿੱਚ 315 ਤੋਂ ਵੱਧ ਸਾਬਕਾਂ ਸੈਨਿਕਾਂ ਨੇ ਭਾਗ ਲਿਆ। ਰੈਲੀ ਦੌਰਾਨ ਸਾਬਕਾ ਸੈਨਿਕਾਂ, ਵੀਰ ਨਾਰੀਆਂ ਅਤੇ ਵੀਰ ਮਾਤਾਵਾਂ ਨੂੰ ਦੇਸ਼ ਪ੍ਰਤੀ ਉਨ੍ਹਾਂ ਦੇ ਸਮਰਪਣ, ਸੇਵਾ ਅਤੇ ਬਲਿਦਾਨ ਲਈ ਸਮਾਨਿਤ ਕੀਤਾ ਗਿਆ।
ਇਸ ਮੌਕੇ ਬ੍ਰਿਗੇਡੀਅਰ ਕੇ.ਪੀ.ਸਿੰਘ, ਕਰਨਲ ਯਤੀਸ਼ਵਰ ਮੁੱਕੂ, ਕਰਨਲ ਰਿਕਾਰਡ, ਲੈਫਟੀਨੈਂਟ ਕਰਨਲ ਅਜੈ ਕੁਮਾਰ, ਸੀਨੀਅਰ ਰਿਕਾਰਡ ਅਫ਼ਸਰ, ਮੇਜਰ ਸੰਦੀਪ ਕੁਮਾਰ ਨੇ ਵਿਸ਼ੇਸ਼ ਤੌਰ ’ਤੇ ਸ਼ਿਕਰਤ ਕੀਤੀ।
ਰੈਲੀ ਦੌਰਾਨ ਸਾਬਕਾ ਸੈਨਿਕਾਂ ਦੀਆਂ ਵੱਖ-ਵੱਖ ਸਮੱਸਿਆਵਾਂ ਸੁਣਨ ਅਤੇ ਸੇਵਾਮੁਕਤੀ ਤੋਂ ਬਾਅਦ ਉਨ੍ਹਾਂ ਨੂੰ ਮਿਲਣ ਵਾਲੇ ਲਾਭਾਂ ਦੀ ਸੁਚਾਰੂ ਢੰਗ ਨਾਲ ਉਪਲਬੱਧਤਾ ਯਕੀਨੀ ਬਣਾਉਣ ਲਈ ਇਕ ਮੰਚ ਪ੍ਰਦਾਨ ਕੀਤਾ ਗਿਆ ਸੀ। ਪੀ.ਸੀ.ਡੀ.ਏ.(ਪੀ), ਰਾਜ ਸਰਕਾਰ ਦੇ ਅਧਿਕਾਰੀਆਂ ਤੇ ਬੈਂਕ ਅਧਿਕਾਰੀਆਂ ਦੇ ਸਹਿਯੋਗ ਨਾਲ ਪੈਨਸ਼ਨ ਨਾਲ ਸਬੰਧਤ ਕਈ ਸਮੱਸਿਆਵਾਂ ਦਾ ਉੱਚਿਤ ਦਸਤਾਵੇਜ਼ਾਂ ਦੇ ਰਾਹੀਂ ਮੌਕੇ ’ਤੇ ਹੱਲ ਕੀਤਾ ਗਿਆ। ਇਸ ਤੋਂ ਇਲਾਵਾ ਸਾਬਕਾ ਸੈਨਿਕਾਂ ਤੇ ਉਨ੍ਹਾਂ ਦੇ ਪਰਿਵਾਰਾਂ ਲਈ ਸਿਹਤ ਸਹੂਲਤਾਂ ਮੁਹੱਈਆ ਕਰਵਾਉਣ ਹਿੱਤ ਇੱਕ ਕੈਂਪ ਵੀ ਲਗਾਇਆ ਗਿਆ। ਇਸ ਰੈਲੀ ਵਿੱਚ ਕਮਾਂਡੈਂਟ ਵੱਲੋਂ 25 ਬੈਟਲ ਕੈਜੁਅਲਟੀ ਜਾਂ ਫਿਜ਼ੀਕਲ ਕੈਜੂਅਲਟੀ ਕੇਸਾਂ ਦੀਆਂ ਵੀਰ ਨਾਰੀਆਂ, ਮਾਤਾਵਾਂ ਤੇ ਆਸ਼ਰਿਤਾਂ ਨੂੰ ਸਨਮਾਨਿਤ ਕੀਤਾ ਗਿਆ।
ਸਮਾਗਮ ਨੂੰ ਸੰਬੋਧਨ ਕਰਦਿਆਂ ਮੁੱਖ ਮਹਿਮਾਨ ਬ੍ਰਿਗੇਡੀਅਰ ਕਰੁਣ ਪ੍ਰਤਾਪ ਸਿੰਘ, ਕਰਨਲ ਰਿਕਾਰਡ, ਕਮਾਂਡੈਂਟ ਬੰਗਾਲ ਇੰਜੀਨੀਅਰ ਗਰੁੱਪ ਤੇ ਸੈਂਟਰ ਰੂੜਕੀ ਨੇ ਰਾਸ਼ਟਰ ਨਿਰਮਾਣ ਵਿੱਚ ਸਾਬਕਾ ਸੈਨਿਕਾਂ ਦੇ ਮਹੱਤਵਪੂਰਣ ਯੋਗਦਾਨ ਪ੍ਰਤੀ ਧੰਨਵਾਦ ਪ੍ਰਗਟ ਕੀਤਾ। ਉਨ੍ਹਾਂ ਨੇ ਸੈਨਾ ਦੇ ਨਿਰੰਤਰ ਸਹਿਯੋਗ ਦਾ ਭਰੋਸਾ ਦਿੰਦਿਆਂ ਕਿਹਾ ਕਿ ਸਾਬਕਾ ਸੈਨਿਕ ਸ਼ਸ਼ਤਰ ਬਲਾਂ ਦੇ ਪਰਿਵਾਰਾਂ ਦਾ ਅਨਿੰਖੜਵਾਂ ਅੰਗ ਹਨ ਅਤੇ ਉਨ੍ਹਾਂ ਦੀ ਭਲਾਈ ਨੂੰ ਪਹਿਲ ਦਿੱਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਇਹ ਰੈਲੀ ਕੇਵਲ ਇੱਕ ਸਮਾਰੋਹ ਨਹੀਂ ਹੈ ਬਲਕਿ ਇਹ ਭਾਈਚਾਰੇ ਦੀ ਭਾਵਨਾ ਅਤੇ ਉਸਦੇ ਅਟੁੱਟ ਸਬੰਧ ਦਾ ਉਤਸਵ ਹੈ, ਜੋ ਵਰਦੀ ਦੇ ਪਰੇ ਵੀ ਬਣਿਆ ਰਹਿੰਦਾ ਹੈ।

















































