ਜਲੰਧਰ,28 ਜਨਵਰੀ : ਨਾਜਾਇਜ਼ ਸ਼ਰਾਬ ਖਿਲਾਫ਼ ਵੱਡੀ ਕਾਰਵਾਈ ਕਰਦਿਆਂ ਆਬਕਾਰੀ ਵਿਭਾਗ ਜਲੰਧਰ ਜ਼ੋਨ ਵੱਲੋਂ ਸਤਲੁਜ ਦਰਿਆ ਦੇ ਕੰਢਿਆਂ ’ਤੇ ਇੱਕ ਵਿਸ਼ੇਸ਼ ਮੁਹਿੰਮ ਚਲਾਈ ਗਈ ਅਤੇ ਲਗਭਗ 10,450 ਲੀਟਰ ਲਾਹਣ ਬਰਾਮਦ ਕੀਤੀ, ਜਿਸ ਨੂੰ ਮੌਕੇ ‘ਤੇ ਹੀ ਨਸ਼ਟ ਕਰ ਦਿੱਤਾ ਗਿਆ।
ਇਹ ਕਾਰਵਾਈ ਡਿਪਟੀ ਕਮਿਸ਼ਨਰ ਆਬਕਾਰੀ ਐਸ.ਕੇ. ਗਰਗ ਦੇ ਦਿਸ਼ਾ-ਨਿਰਦੇਸ਼ਾਂ ਅਤੇ ਸਹਾਇਕ ਕਮਿਸ਼ਨਰ ਆਬਕਾਰੀ, ਰੇਂਜ ਜਲੰਧਰ ਪੱਛਮੀ, ਨਵਜੀਤ ਸਿੰਘ ਦੀ ਨਿਗਰਾਨੀ ਹੇਠ ਕੀਤੀ ਗਈ। ਟੀਮ ਦੀ ਅਗਵਾਈ ਨਵਜੀਤ ਸਿੰਘ, ਏ.ਈ.ਟੀ.ਸੀ. ਨੇ ਕੀਤੀ, ਜਿਸ ਵਿੱਚ ਆਬਕਾਰੀ ਅਧਿਕਾਰੀ ਸੁਨੀਲ ਗੁਪਤਾ ਅਤੇ ਆਬਕਾਰੀ ਇੰਸਪੈਕਟਰ ਸ਼ਾਹਕੋਟ, ਬਿਕਰਮਜੀਤ ਸਿੰਘ ਘਈ, ਆਬਕਾਰੀ ਪੁਲਿਸ ਅਤੇ ਸਥਾਨਕ ਪੁਲਿਸ ਸਟਾਫ ਸ਼ਾਮਲ ਸੀ।
ਸੂਚਨਾ ’ਤੇ ਕਾਰਵਾਈ ਕਰਦਿਆਂ ਟੀਮ ਵੱਲੋਂ ਸ਼ਾਹਕੋਟ ਗਰੁੱਪ ਅਧੀਨ ਆਉਣ ਵਾਲੇ ਪਿੰਡਾਂ ਦਾਨੇਵਾਲ, ਬਾਓਪੁਰ ਅਤੇ ਰਾਮਪੁਰ ਵਿੱਚ ਸਤਲੁਜ ਦਰਿਆ ਦੇ ਕੰਢੇ ਵਿਆਪਕ ਚੈਕਿੰਗ ਮੁਹਿੰਮ ਚਲਾਈ ਗਈ, ਜੋ ਕਿ ਨਾਜਾਇਜ਼ ਸ਼ਰਾਬ ਸਬੰਧੀ ਗਤੀਵਿਧੀਆਂ ਲਈ ਸੰਵੇਦਨਸ਼ੀਲ ਸਥਾਨ ਮੰਨੇ ਜਾਂਦੇ ਹਨ।
ਇਸ ਮੁਹਿੰਮ ਦੌਰਾਨ ਅਧਿਕਾਰੀਆਂ ਨੇ ਵੱਖ-ਵੱਖ ਟੋਇਆਂ ਅਤੇ ਹੋਰ ਅਸਥਾਈ ਢਾਂਚਿਆਂ ਵਿੱਚ ਲੁਕਾਏ ਗਏ ਲੋਹੇ ਦੇ 11 ਖਾਲੀ ਡਰੰਮ, ਐਲੂਮੀਨੀਅਮ ਦੇ ਦੋ ਖਾਲੀ ਭਾਂਡੇ ਅਤੇ 19 ਤਰਪਾਲਾਂ ਬਰਾਮਦ ਕੀਤੀਆਂ। ਇਨ੍ਹਾਂ ਟੋਇਆਂ ਵਿੱਚ ਸਟੋਰ ਕੀਤੀ ਲਗਭਗ 10,450 ਲੀਟਰ ਲਾਹਣ ਜ਼ਬਤ ਕੀਤੀ ਗਈ। ਕਿਉਂਕਿ ਬਰਾਮਦ ਕੀਤੀਆਂ ਗਈਆਂ ਚੀਜ਼ਾਂ ਲਾਵਾਰਿਸ ਸਨ ਅਤੇ ਗੈਰ-ਕਾਨੂੰਨੀ ਸ਼ਰਾਬ ਬਣਾਉਣ ਲਈ ਵਰਤੀਆਂ ਜਾਂਦੀਆਂ ਸਨ, ਇਸ ਲਈ ਕਾਨੂੰਨੀ ਪ੍ਰਕਿਰਿਆਵਾਂ ਅਨੁਸਾਰ ਸਾਰੀ ਸਮੱਗਰੀ ਨੂੰ ਮੌਕੇ ‘ਤੇ ਹੀ ਨਸ਼ਟ ਕਰ ਦਿੱਤਾ ਗਿਆ।
ਸਹਾਇਕ ਕਮਿਸ਼ਨਰ ਨਵਜੀਤ ਸਿੰਘ ਨੇ ਕਿਹਾ ਕਿ ਨਾਜਾਇਜ਼ ਸ਼ਰਾਬ, ਜੋ ਕਿ ਜਨਤਾ ਲਈ ਗੰਭੀਰ ਸਿਹਤ ਜੋਖਮ ਪੈਦਾ ਕਰਦੀ ਹੈ ਅਤੇ ਸਰਕਾਰ ਦੇ ਮਾਲੀਏ ਨੂੰ ਨੁਕਸਾਨ ਪਹੁੰਚਾਉਂਦੀ ਹੈ, ਖਿਲਾਫ਼ ਵਿਭਾਗ ਵੱਲੋਂ ਦਰਿਆਈ ਅਤੇ ਪੇਂਡੂ ਖੇਤਰਾਂ ਵਿੱਚ ਨਿਗਰਾਨੀ ਤੇਜ਼ ਕਰ ਦਿੱਤੀ ਗਈ ਹੈ। ਉਨ੍ਹਾਂ ਅੱਗੇ ਕਿਹਾ ਕਿ ਆਬਕਾਰੀ ਕਾਨੂੰਨਾਂ ਨੂੰ ਸਖ਼ਤੀ ਨਾਲ ਲਾਗੂ ਕਰਨ ਨੂੰ ਯਕੀਨੀ ਬਣਾਉਣ ਲਈ ਆਉਣ ਵਾਲੇ ਦਿਨਾਂ ਵਿੱਚ ਵੀ ਅਜਿਹੀਆਂ ਵਿਸ਼ੇਸ਼ ਮੁਹਿੰਮਾਂ ਜਾਰੀ ਰਹਿਣਗੀਆਂ।
ਅਧਿਕਾਰੀਆਂ ਨੇ ਕਿਹਾ ਕਿ ਗੈਰ-ਕਾਨੂੰਨੀ ਨੈੱਟਵਰਕ ਨੂੰ ਖਤਮ ਕਰਨ ਅਤੇ ਜਨਤਕ ਸੁਰੱਖਿਆ ਯਕੀਨੀ ਬਣਾਉਣ ਲਈ ਜ਼ਿਲ੍ਹੇ ਭਰ ਵਿੱਚ ਲਗਾਤਾਰ ਕਾਰਵਾਈ ਜਾਰੀ ਰਹੇਗੀ।

















































