ਚੰਡੀਗੜ੍ਹ, 10 ਸਤੰਬਰ: ਪੰਜਾਬ ਕਾਂਗਰਸ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਕਿਹਾ ਹੈ ਕਿ ਕੇਂਦਰ ਅਤੇ ਸੂਬੇ ਦੀਆਂ ਦੋਨਾਂ ਸਰਕਾਰਾਂ ਨੇ ਭਿਆਨਕ ਕੁਦਰਤੀ ਆਫ਼ਤ ਦੌਰਾਨ ਪੰਜਾਬ ਦੇ ਲੋਕਾਂ ਨੂੰ ਬੁਰੀ ਤਰ੍ਹਾਂ ਨਿਰਾਸ਼ ਕੀਤਾ ਹੈ, ਜਿਸਨੇ ਹਜ਼ਾਰਾਂ ਕਰੋੜ ਰੁਪਏ ਦੀ ਤਬਾਹੀ ਮਚਾਈ ਹੈ।
ਇੱਥੇ ਕਾਂਗਰਸ ਭਵਨ ਵਿਖੇ ਸੀਨੀਅਰ ਪਾਰਟੀ ਆਗੂਆਂ ਨਾਲ ਇੱਕ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ, ਵੜਿੰਗ ਨੇ ਕਿਹਾ ਕਿ ਜਿੱਥੇ ਮੁੱਖ ਮੰਤਰੀ ਹਸਪਤਾਲ ਵਿੱਚ ਦਾਖਲ ਹਨ, ਉੱਥੇ ਹੀ ਬਾਕੀ ਦੀ ਸੂਬਾ ਸਰਕਾਰ ਸੰਕਟ ਦੇ ਸਮੇਂ ਗਾਇਬ ਹੋ ਗਈ ਹੈ। ਇਹ ਮੁੱਖ ਮੰਤਰੀ ਅਤੇ ਉਨ੍ਹਾਂ ਦੀ ਸਰਕਾਰ ਦੀ ਪੂਰੀ ਅਸਫਲਤਾ ਅਤੇ ਨਾਕਾਬਲਿਅਤ ਹੈ, ਜਿਨ੍ਹਾਂ ਦੋਵਾਂ ਨੇ ਲੋਕਾਂ ਨੂੰ ਨਿਰਾਸ਼ ਕੀਤਾ ਹੈ, ਜਦੋਂ ਇਨ੍ਹਾਂ ਦੀ ਸਭ ਤੋਂ ਵੱਧ ਲੋੜ ਸੀ। ਉਨ੍ਹਾਂ ਕਿਹਾ ਕਿ ਇਨ੍ਹਾਂ ਨੇ ਸੰਕਟ ਤੋਂ ਪਹਿਲਾਂ, ਸੰਕਟ ਦੌਰਾਨ ਅਤੇ ਸੰਕਟ ਤੋਂ ਬਾਅਦ ਹੁਣ ਤੱਕ ਵੀ ਲੋਕਾਂ ਨੂੰ ਨਿਰਾਸ਼ ਕੀਤਾ ਹੈ।
ਇਸੇ ਤਰ੍ਹਾਂ, ਪ੍ਰਧਾਨ ਮੰਤਰੀ ਦੇ 1600 ਕਰੋੜ ਰੁਪਏ ਦੇ ਹੜ੍ਹ ਰਾਹਤ ਪੈਕੇਜ ਦਾ ਹਵਾਲਾ ਦਿੰਦੇ ਹੋਏ, ਉਨ੍ਹਾਂ ਨੇ ਦੁਹਰਾਇਆ ਕਿ ਇਹ ਸੂਬੇ ਵਿੱਚ ਹੋਏ ਵੱਡੇ ਨੁਕਸਾਨ ਦੇ ਮੁਕਾਬਲੇ ਕੁਝ ਵੀ ਨਹੀਂ ਹੈ। ਇਸ ਦੌਰਾਨ ਉਨ੍ਹਾਂ ਨੇ 12,000 ਕਰੋੜ ਰੁਪਏ ਦੇ ਆਫ਼ਤ ਰਾਹਤ ਫੰਡ ਬਾਰੇ ਪ੍ਰਧਾਨ ਮੰਤਰੀ ਦੇ ਦਾਅਵਿਆਂ ਦਾ ਵੀ ਖੰਡਨ ਕੀਤਾ ਅਤੇ ਕਿਹਾ ਕਿ ਇਸ ਵਿੱਚ ਕੁਝ ਖਾਸ ਨਹੀਂ ਹੈ, ਕਿਉਂਕਿ ਇਹ ਸੂਬਿਆਂ ਨੂੰ ਰੁਟੀਨ ਦੇ ਤੌਰ ‘ਤੇ ਪ੍ਰਦਾਨ ਕੀਤਾ ਗਿਆ ਸੀ।
ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਕੋਲ ਇਸ ਫੰਡ ਵਿੱਚੋਂ ਇੱਕ ਪੈਸਾ ਵੀ ਨਹੀਂ ਬਚਿਆ ਹੈ, ਕਿਉਂਕਿ ਇਸਨੇ ਸਪੱਸ਼ਟ ਤੌਰ ‘ਤੇ ਇਸਨੂੰ ਕੁਝ ਹੋਰ ਉਦੇਸ਼ਾਂ ਲਈ ਵਰਤ ਲਿਆ ਹੈ, ਜਿਵੇਂ ਕਿ ਸਟਾਫ ਨੂੰ ਤਨਖਾਹਾਂ ਦੇਣਾ ਆਦਿ, ਕਿਉਂਕਿ ਸਰਕਾਰ ਲਗਭਗ ਦੀਵਾਲੀਆ ਹੋ ਚੁੱਕੀ ਹੈ।
ਵੜਿੰਗ ਨੇ ਕਿਹਾ ਕਿ 12,000 ਰੁਪਏ ਦੇ ਆਫ਼ਤ ਰਾਹਤ ਫੰਡ ਦੀ ਰਕਮ ਨੂੰ ਉਨ੍ਹਾਂ ਦੁਆਰਾ ਐਲਾਨੀ ਗਈ ਰਾਹਤ ਨਾਲ ਜੋੜਨ ਦੀ ਕੋਸ਼ਿਸ਼ ਕਰਦਿਆਂ ਪ੍ਰਧਾਨ ਮੰਤਰੀ ਨੇ ਸਥਿਤੀ ਤੋਂ ਬਾਹਰ ਨਿਕਲਣ ਦੀ ਕੋਸ਼ਿਸ਼ ਕੀਤੀ ਹੈ, ਕਿਉਂਕਿ ਉਹ ਇਹ ਵੀ ਜਾਣਦੇ ਸਨ ਕਿ ਉਨ੍ਹਾਂ ਵਲੋਂ ਪੰਜਾਬ ਨੂੰ ਦਿੱਤੀ ਜਾ ਰਹੀ ਰਾਹਤ ਬਹੁਤ ਘੱਟ ਹੈ।
ਪੰਜਾਬ ਵਿਧਾਨ ਸਭਾ ਵਿੱਚ ਵਿਰੋਧੀ ਧਿਰ ਦੇ ਲੀਡਰ ਪ੍ਰਤਾਪ ਸਿੰਘ ਬਾਜਵਾ ਨੇ ਕਿਹਾ ਕਿ ਪ੍ਰਧਾਨ ਮੰਤਰੀ ਮੋਦੀ ਦੁਆਰਾ ਰਾਹਤ ਵਜੋਂ ਐਲਾਨੀ ਗਈ 1600 ਕਰੋੜ ਰੁਪਏ ਦੀ ਰਕਮ ਹੜ੍ਹਾਂ ਦੀ ਤਬਾਹੀ ਕਾਰਨ ਪੰਜਾਬ ਨੂੰ ਹੋਏ ਕੁੱਲ ਅਨੁਮਾਨਿਤ ਨੁਕਸਾਨ ਦਾ ਸਿਰਫ਼ 8 ਪ੍ਰਤੀਸ਼ਤ ਹੈ।
ਵੜਿੰਗ ਨੇ ਆਪਣੇ ਦੋਸ਼ ਨੂੰ ਦੁਹਰਾਉਂਦੇ ਹੋਏ ਕਿ ਪੰਜਾਬ ਵਿੱਚ ਹੜ੍ਹ ਇੱਕ “ਮਨੁੱਖ ਦੁਆਰਾ ਬਣਾਈ ਆਫ਼ਤ” ਸੀ, ਖੁਲਾਸਾ ਕੀਤਾ ਕਿ ਭਾਖੜਾ ਬਿਆਸ ਪ੍ਰਬੰਧਨ ਬੋਰਡ ਨੇ ਪਾਣੀ ਉਦੋਂ ਚੁੱਪਚਾਪ ਛੱਡਿਆ, ਜਦੋਂ ਪੱਧਰ 1678 ਫੁੱਟ ਤੱਕ ਵੱਧ ਗਿਆ ਸੀ। ਉਨ੍ਹਾਂ ਕਿਹਾ ਕਿ ਜੇਕਰ ਪਿਛਲੇ ਇਤਿਹਾਸ ਅਤੇ ਮੌਸਮ ਦੀ ਭਵਿੱਖਬਾਣੀ ਨੂੰ ਧਿਆਨ ਵਿੱਚ ਰੱਖਦੇ ਹੋਏ ਡੈਮ ਵਿੱਚ ਪਾਣੀ ਨੂੰ ਸਹੀ ਢੰਗ ਨਾਲ ਕੰਟਰੋਲ ਕੀਤਾ ਜਾਂਦਾ, ਤਾਂ ਪੰਜਾਬ ਵਿੱਚ ਹੋਏ ਨੁਕਸਾਨ ਦਾ ਲਗਭਗ 25 ਪ੍ਰਤੀਸ਼ਤ ਹੋਣਾ ਸੀ।
ਉਨ੍ਹਾਂ ਕਿਹਾ ਕਿ ਆਮ ਨਾਲੋਂ ਲਗਭਗ 105 ਪ੍ਰਤੀਸ਼ਤ ਬਾਰਸ਼ ਹੋਣ ਦੀ ਭਵਿੱਖਬਾਣੀ ਕੀਤੇ ਜਾਣ ਦੇ ਮੱਦੇਨਜਰ ਡੈਮ ਵਿੱਚ ਪਾਣੀ ਹੌਲੀ-ਹੌਲੀ ਪੜਾਅਵਾਰ ਢੰਗ ਨਾਲ ਬਹੁਤ ਪਹਿਲਾਂ ਹੀ ਛੱਡਿਆ ਜਾ ਸਕਦਾ ਸੀ। ਉਨ੍ਹਾਂ ਨੇ ਇਸਨੂੰ ਮਨੁੱਖ ਵੱਲੋਂ ਬਣਾਈ ਆਫ਼ਤ ਦਸਦਿਆਂ ਸਵਾਲ ਕੀਤਾ ਕਿ ਪਾਣੀ ਦੇ ਪੱਧਰ ਦੇ 1678 ਫੁੱਟ ਤੱਕ ਵਧਣ ਦੀ ਉਡੀਕ ਕਰਨ ਅਤੇ ਫਿਰ ਕਿਸੇ ਨੂੰ ਦੱਸੇ ਬਿਨਾਂ ਚੁੱਪਚਾਪ ਛੱਡਣ ਦੀ ਕੀ ਲੋੜ ਸੀ?
ਪ੍ਰਦੇਸ਼ ਕਾਂਗਰਸ ਪ੍ਰਧਾਨ ਨੇ ਇਸ ਕੁਦਰਤੀ ਆਫ਼ਤ ਵਿਰੁੱਧ ਲੜਨ ਵਿੱਚ ਪੰਜਾਬੀਆਂ ਦੀ ਹਿੰਮਤ ਅਤੇ ਭਾਵਨਾ ਨੂੰ ਸਲਾਮ ਕੀਤਾ। ਉਨ੍ਹਾਂ ਕਿਹਾ ਕਿ ਜਦੋਂ ਸਰਕਾਰ ਕਿਤੇ ਵੀ ਦਿਖਾਈ ਨਹੀਂ ਦੇ ਰਹੀ ਸੀ, ਵੱਖ-ਵੱਖ ਐਨ.ਜੀ.ਓ., ਖਿਡਾਰੀ, ਗਾਇਕ ਅਤੇ ਹੋਰ ਲੋਕਾਂ ਦੀ ਮਦਦ ਅਤੇ ਸਮਰਥਨ ਲਈ ਅਗਵਾਈ ਕੀਤੀ।
ਉਨ੍ਹਾਂ ਨੇ ਵਿਰੋਧੀ ਧਿਰ ਦੇ ਲੀਡਰ ਪ੍ਰਤਾਪ ਸਿੰਘ ਬਾਜਵਾ, ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ, ਸਾਬਕਾ ਉਪ ਮੁੱਖ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਅਤੇ ਹੋਰਨਾਂ ਸਮੇਤ ਪਾਰਟੀ ਆਗੂਆਂ ਦਾ ਵੀ ਧੰਨਵਾਦ ਕੀਤਾ, ਜਿਨ੍ਹਾਂ ਨੇ ਇਸ ਆਫ਼ਤ ਦੌਰਾਨ ਲੋਕਾਂ ਨਾਲ ਖੜ੍ਹੇ ਹੋਣ ਵਿੱਚ ਮੋਹਰੀ ਭੂਮਿਕਾ ਨਿਭਾਈ।
ਉਨ੍ਹਾਂ ਕਿਹਾ ਕਿ ਕਾਂਗਰਸ ਨੇ ਬਲਾਕ ਪੱਧਰ ਤੱਕ ਵੱਖ-ਵੱਖ ਖੇਤਰਾਂ ਲਈ ਟੀਮਾਂ ਬਣਾਈਆਂ ਹਨ, ਜੋ ਆਖਰੀ ਕਣਕ ਦੇ ਬੀਜ ਬੀਜਣ ਤੱਕ ਜ਼ਮੀਨ ‘ਤੇ ਰਹਿਣਗੀਆਂ। ਉਨ੍ਹਾਂ ਕਿਹਾ ਕਿ ਮਿੱਟੀ ਦੀ ਨਮੀ ਕਾਰਨ ਕਣਕ ਦੀ ਬਿਜਾਈ ਵਿੱਚ ਕੁਝ ਸਮੱਸਿਆਵਾਂ ਆ ਸਕਦੀਆਂ ਹਨ। ਉਨ੍ਹਾਂ ਕਿਹਾ ਕਿ ਕਾਂਗਰਸ ਕਿਸਾਨਾਂ ਦੀ ਹਰ ਸੰਭਵ ਤਰੀਕੇ ਨਾਲ ਮਦਦ ਕਰਨ ਦੀ ਕੋਸ਼ਿਸ਼ ਕਰੇਗੀ।
ਇਸ ਪ੍ਰੈਸ ਕਾਨਫਰੰਸ ਦੌਰਾਨ ਡਾ. ਅਮਰ ਸਿੰਘ, ਸੁੱਖ ਸਰਕਾਰੀਆ, ਤ੍ਰਿਪਤ ਰਾਜਿੰਦਰ ਸਿੰਘ ਬਾਜਵਾ, ਗੁਰਕੀਰਤ ਕੋਟਲੀ ਅਤੇ ਕੈਪਟਨ ਸੰਦੀਪ ਸੰਧੂ ਵੀ ਸ਼ਾਮਲ ਸਨ।

















































