ਚੰਡੀਗੜ੍ਹ/ਨਵੀਂ ਦਿੱਲੀ, 25 ਅਗਸਤ: ਪੰਜਾਬ ਕਾਂਗਰਸ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਪਾਰਟੀ ਵੱਲੋਂ ਜ਼ਿਲ੍ਹਾ ਕਾਂਗਰਸ ਕਮੇਟੀ ਦੇ ਪ੍ਰਧਾਨਾਂ ਦੀ ਚੋਣ ਕਰਨ ਸਬੰਧੀ ਨਵੀਂ ਪ੍ਰਕਿਰਿਆ ਦੀ ਸ਼ਲਾਘਾ ਕੀਤੀ ਹੈ।
ਇਸ ਮੌਕੇ ਵੜਿੰਗ, ਪੰਜਾਬ ਵਿਧਾਨ ਸਭਾ ਵਿਰੋਧੀ ਧਿਰ ਦੇ ਆਗੂ ਪ੍ਰਤਾਪ ਸਿੰਘ ਬਾਜਵਾ ਅਤੇ ਵੱਖ-ਵੱਖ ਨਿਗਰਾਨਾਂ ਦੇ ਨਾਲ ਅੱਜ ਦਿੱਲੀ ਵਿਖੇ ਹੋਈ ਇੱਕ ਮੀਟਿੰਗ ਵਿੱਚ ਸ਼ਾਮਲ ਹੋਏ। ਜਿਸ ਮੀਟਿੰਗ ਦੀ ਪ੍ਰਧਾਨਗੀ ਕਾਂਗਰਸ ਪ੍ਰਧਾਨ ਮਲਿਕਾਰਜੁਨ ਖੜਗੇ ਨੇ ਕੀਤੀ ਅਤੇ ਲੋਕ ਸਭਾ ਵਿੱਚ ਵਿਰੋਧੀ ਧਿਰ ਦੇ ਲੀਡਰ ਰਾਹੁਲ ਗਾਂਧੀ, ਜਨਰਲ ਸਕੱਤਰ ਇੰਚਾਰਜ ਸੰਗਠਨ ਕੇ.ਸੀ. ਵੇਣੂਗੋਪਾਲ ਸਣੇ ਹੋਰ ਆਗੂਆਂ ਨੇ ਵੀ ਸ਼ਿਰਕਤ ਕੀਤੀ।
ਮੀਟਿੰਗ ਤੋਂ ਬਾਅਦ ਪੱਤਰਕਾਰਾਂ ਨਾਲ ਇਕ ਗੈਰ-ਰਸਮੀ ਗੱਲਬਾਤ ਦੌਰਾਨ, ਵੜਿੰਗ ਨੇ ਕਿਹਾ ਕਿ ਨਵੀਂ ਪ੍ਰਕਿਰਿਆ ਕਾਫ਼ੀ ਪਾਰਦਰਸ਼ੀ ਹੈ, ਜਿਸ ਤਹਿਤ ਜਿਲਾ ਕਾਂਗਰਸ ਕਮੇਟੀਆਂ ਦੇ ਪ੍ਰਧਾਨਾਂ ਦੀ ਚੋਣ ਇਸ ਉਦੇਸ਼ ਲਈ ਵਿਸ਼ੇਸ਼ ਤੌਰ ‘ਤੇ ਨਿਯੁਕਤ ਕੀਤੇ ਗਏ ਨਿਗਰਾਨਾਂ ਦੁਆਰਾ ਤਿਆਰ ਕੀਤੀਆਂ ਜ਼ਮੀਨੀ ਰਿਪੋਰਟਾਂ ਦੇ ਆਧਾਰ ‘ਤੇ ਕੀਤੀ ਜਾਵੇਗੀ। ਇਸ ਦੌਰਾਨ ਕੋਈ ਵੀ ਪਛਾਣ ਜਾਂ ਸਿਫ਼ਾਰਸ਼ਾਂ ਨਹੀਂ ਚੱਲਣਗੇ ਅਤੇ ਸਿਰਫ਼ ਯੋਗ ਉਮੀਦਵਾਰਾਂ ਨੂੰ ਹੀ ਜਿਲਾ ਕਾਂਗਰਸ ਕਮੇਟੀ ਦਾ ਪ੍ਰਧਾਨ ਨਿਯੁਕਤ ਕੀਤਾ ਜਾਵੇਗਾ।
ਜਦਕਿ ਪੰਜਾਬ ਵਿੱਚ ਹੜ੍ਹਾਂ ਦੀ ਸਥਿਤੀ ਬਾਰੇ ਇੱਕ ਸਵਾਲ ਦੇ ਜਵਾਬ ਵਿੱਚ, ਉਨ੍ਹਾਂ ਕਿਹਾ ਕਿ ਸਥਿਤੀ ਬਹੁਤ ਖਰਾਬ ਹੈ ਅਤੇ ਹੋਰ ਬਾਰਿਸ਼ਾਂ ਦੀ ਭਵਿਖ ਬਾਣੀ ਦੇ ਮੱਦੇਨਜ਼ਰ ਹਾਲਾਤ ਹੋਰ ਵੀ ਵਿਗੜ ਸਕਦੇ ਹਨ। ਉਨ੍ਹਾਂ ਕਿਹਾ ਕਿ ਪੰਜਾਬ ਵਿੱਚ ‘ਆਪ’ ਸਰਕਾਰ ਨੇ ਅਜਿਹੇ ਐਮਰਜੈਂਸੀ ਵਾਲੇ ਹਾਲਾਤਾਂ ਨਾਲ ਨਜਿੱਠਣ ਲਈ ਪਹਿਲਾਂ ਤੋਂ ਕੋਈ ਤਿਆਰੀਆਂ ਨਹੀਂ ਕੀਤੀਆਂ ਹਨ।
ਇਸੇ ਤਰ੍ਹਾਂ, ਭਾਜਪਾ ਦੇ ਆਊਟਰੀਚ ਪ੍ਰੋਗਰਾਮ ਅਤੇ ਇਨ੍ਹਾਂ ਨੂੰ ਰੋਕਣ ਲਈ ਸੂਬਾ ਸਰਕਾਰ ਦੀਆਂ ਕੋਸ਼ਿਸ਼ਾਂ ਬਾਰੇ ਸਵਾਲ ‘ਤੇ, ਵੜਿੰਗ ਨੇ ਪੁੱਛਿਆ ਕਿ ਗਿਆਰਾਂ ਸਾਲਾਂ ਬਾਅਦ ਭਾਜਪਾ ਕਿਉਂ ਜਾਗੀ ਹੈ?
ਇਸ ਤੋਂ ਇਲਾਵਾ, ਉਨ੍ਹਾਂ ਕਿਹਾ ਕਿ ਕੇਂਦਰ ਦੀ ਭਾਜਪਾ ਸਰਕਾਰ ਨੇ ਹਮੇਸ਼ਾ ਪੰਜਾਬ ਨਾਲ ਵਿਤਕਰਾ ਕੀਤਾ ਹੈ। ਉਨ੍ਹਾਂ ਖ਼ੁਲਾਸਾ ਕੀਤਾ ਕਿ ਪਿਛਲੇ ਗਿਆਰਾਂ ਸਾਲਾਂ ਦੌਰਾਨ ਸੂਬੇ ਵਿੱਚ ਇੱਕ ਵੀ ਉਦਯੋਗ ਨਹੀਂ ਲਗਾਇਆ ਗਿਆ।
ਉਨ੍ਹਾਂ ਨੇ ਕਿਸਾਨਾਂ ਨੂੰ ਹਰ ਸਾਲ ਦਿੱਤੇ ਜਾਣ ਵਾਲੇ 6000 ਰੁਪਇਆਂ ‘ਤੇ ਵੀ ਚੁਟਕੀ ਲਈ। ਉਨ੍ਹਾਂ ਨੇ ਕਿਹਾ ਕਿ ਇਹ ਰਕਮ ਤਾਂ ਕੁਝ ਵੀ ਨਹੀਂ ਹੈ। ਜਦਕਿ ਇੱਕ ਬੱਕਰੀ ਵੀ ਇੱਕ ਮਹੀਨੇ ਵਿੱਚ ਇਸ ਤੋਂ ਵੱਧ ਰਕਮ ਦਾ ਖਾਣਾ ਖਾ ਜਾਂਦੀ ਹੈ।
ਸੂਬਾ ਕਾਂਗਰਸ ਪ੍ਰਧਾਨ ਨੇ ਕਿਹਾ ਕਿ ਭਾਜਪਾ ਪੰਜਾਬ ਵਿੱਚ ਆਪਣੇ ਪੈਰ ਜਮਾਉਣ ਦੀ ਕੋਸ਼ਿਸ਼ ਕਰਨ ਲਈ ਇਹ ਸਾਰੀ ਡਰਾਮੇਬਾਜ਼ੀ ਕਰ ਰਹੀ ਹੈ। ਲੇਕਿਨ ਇਹ ਜ਼ਮੀਨ ‘ਤੇ ਆਪਣੇ ਪੈਰ ਨਹੀਂ ਧਰ ਸਕਦੀ, ਕਿਉਂਕਿ ਪੰਜਾਬ ਦੇ ਲੋਕ ਪਹਿਲਾਂ ਹੀ ਇਸਦੇ ਕਾਰਨਾਮੇ ਦੇਖ ਚੁੱਕੇ ਹਨ।
ਇਸ ਦੌਰਾਨ ਵੜਿੰਗ ਨੇ ਪੰਜਾਬ ਸਰਕਾਰ ਉਪਰ ਕੇਂਦਰ ਕੋਲ ਸੂਬੇ ਦਾ ਮਾਮਲਾ ਪ੍ਰਭਾਵਸ਼ਾਲੀ ਢੰਗ ਨਾਲ ਪੇਸ਼ ਕਰਨ ਵਿੱਚ ਅਸਫਲ ਰਹਿਣ ਦਾ ਵੀ ਦੋਸ਼ ਲਗਾਇਆ, ਜਿਸ ਕਾਰਨ ਸੂਬੇ ਨੂੰ ਭਾਰੀ ਵਿੱਤੀ ਨੁਕਸਾਨ ਹੋਇਆ ਹੈ।
