ਜਲੰਧਰ, 1 ਜੁਲਾਈ – ਜਲੰਧਰ ਲੋਕ ਸਭਾ ਚੋਣ ਲੜਨ ਵਾਲੇ ਉਮੀਦਵਾਰਾਂ ਦੇ ਖਰਚਾ ਰਜਿਸਟਰਾਂ ਦਾ ਅੱਜ ਖਰਚਾ ਟੀਮਾਂ ਵੱਲੋਂ ਮੈਨਟੇਨ ਕੀਤੇ ਗਏ ਸ਼ੈਡੋ ਰਜਿਸਟਰਾਂ ਨਾਲ ਅੰਤਿਮ ਮਿਲਾਨ ਕੀਤਾ ਗਿਆ।
ਇਥੇ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਅਕਾਊਂਟ ਰੀਕਨਸਾਈਲੇਸ਼ਨ ਮੀਟਿੰਗ ਦੌਰਾਨ ਖਰਚਾ ਆਬਜ਼ਰਵਰ ਮਾਧਵ ਦੇਸ਼ਮੁੱਖ ਨੇ ਖਰਚੇ ਸਬੰਧੀ ਨੋਡਲ ਅਫ਼ਸਰ ਅਮਰਜੀਤ ਬੈਂਸ ਸਮੇਤ ਉਮੀਦਵਾਰਾਂ ਅਤੇ ਉਨ੍ਹਾਂ ਦੇ ਨੁਮਾਇੰਦਿਆਂ ਨੂੰ ਕਿਹਾ ਕਿ ਇਹ ਯਕੀਨੀ ਬਣਾਇਆ ਜਾਵੇ ਕਿ ਉਨ੍ਹਾਂ ਵੱਲੋਂ ਆਪਣੇ ਚੋਣ ਖਰਚੇ ਦਾ ਮੁਕੰਮਲ ਅਤੇ ਸਹੀ ਢੰਗ ਨਾਲ ਜ਼ਿਕਰ ਅਤੇ ਹਿਸਾਬ ਕੀਤਾ ਗਿਆ ਹੈ।
ਉਨ੍ਹਾਂ ਦੱਸਿਆ ਕਿ ਸਮੂਹ ਉਮੀਦਵਾਰ ਖਰਚਾ ਰਜਿਸਟਰ ਵਿੱਚ ਆਪੋ-ਆਪਣੇ ਚੋਣ ਖਰਚੇ ਦਾ ਪੂਰਾ ਹਿਸਾਬ ਸਮੇਤ ਲੋੜੀਂਦੇ ਦਸਤਾਵੇਜ਼ ਚੋਣ ਨਤੀਜੇ ਦੇ ਐਲਾਨ ਤੋਂ 30 ਦਿਨਾਂ ਦੇ ਅੰਦਰ-ਅੰਦਰ (4 ਜੁਲਾਈ ਤੱਕ) ਜ਼ਿਲ੍ਹਾ ਚੋਣ ਅਫ਼ਸਰ ਪਾਸ ਜਮ੍ਹਾ ਕਰਵਾਉਣ ਲਈ ਪਾਬੰਦ ਹਨ। ਉਨ੍ਹਾਂ ਸਾਰੇ ਉਮੀਦਵਾਰਾਂ ਨੂੰ ਚੋਣ ਕਮਿਸ਼ਨ ਦੀਆਂ ਹਦਾਇਤਾਂ ਅਨੁਸਾਰ ਆਪਣੇ ਚੋਣ ਖਰਚੇ ਦਾ ਮੁਕੰਮਲ ਤੇ ਦਰੁੱਸਤ ਲੇਖਾ-ਜੋਖਾ ਨਿਰਧਾਰਤ ਮਿਤੀ ਤੱਕ ਨਿਯਮਾਂ ਅਨੁਸਾਰ ਜਮ੍ਹਾ ਕਰਾਉਣ ਲਈ ਕਿਹਾ।
ਮੀਟਿੰਗ ਦੌਰਾਨ ਖਰਚਾ ਨਿਗਰਾਨ ਟੀਮਾਂ ਵੱਲੋਂ ਖਰਚਾ ਆਬਜ਼ਰਵਰ ਦੀ ਅਗਵਾਈ ਹੇਠ ਉਮੀਦਵਾਰਾਂ ਦੇ ਖਰਚਾ ਰਜਿਸਟਰਾਂ ਦੀ ਤੁਲਨਾ ਖਰਚਾ ਟੀਮਾਂ ਵੱਲੋਂ ਮੇਨਟੇਨ ਕੀਤੇ ਗਏ ਸ਼ੈਡੋ ਰਜਿਸਟਰਾਂ ਨਾਲ ਕੀਤੀ ਗਈ।
ਜ਼ਿਕਰਯੋਗ ਹੈ ਕਿ ਭਾਰਤ ਚੋਣ ਕਮਿਸ਼ਨ ਵੱਲੋਂ ਲੋਕ ਸਭਾ ਚੋਣਾਂ ਲਈ ਇਕ ਉਮੀਦਵਾਰ ਵੱਲੋਂ ਚੋਣ ਖਰਚੇ ਦੀ ਵੱਧ ਤੋਂ ਵੱਧ ਹੱਦ 95 ਲੱਖ ਰੁਪਏ ਤੈਅ ਕੀਤੀ ਗਈ ਸੀ। ਚੋਣ ਖਰਚੇ ਵਿੱਚ ਉਮੀਦਵਾਰਾਂ ਵੱਲੋਂ ਨਾਮਜ਼ਦਗੀ ਭਰਨ ਦੀ ਮਿਤੀ ਤੋਂ ਲੈ ਕੇ ਵੋਟਾਂ ਦੀ ਗਿਣਤੀ ਵਾਲੇ ਦਿਨ ਤੱਕ ਕੀਤਾ ਗਿਆ ਚੋਣ ਖਰਚ ਸ਼ਾਮਲ ਹੈ।
ਇਸ ਮੌਕੇ ਚੋਣ ਕਾਨੂੰਨਗੋ ਰਾਕੇਸ਼ ਕੁਮਾਰ, ਸਹਾਇਕ ਖਰਚਾ ਨਿਗਰਾਨ, ਖਰਚਾ ਟੀਮਾਂ ਦੇ ਮੈਂਬਰ ਆਦਿ ਵੀ ਮੌਜੂਦ ਸਨ।

















































