ਜਲੰਧਰ, 29 ਜੂਨ : ਖਾਣ-ਪੀਣ ਵਾਲੇ ਪਦਾਰਥਾਂ ਵਿੱਚ ਮਿਲਾਵਟ ਨੂੰ ਰੋਕਣ ਲਈ ਚੁੱਕੇ ਜਾ ਰਹੇ ਕਦਮਾਂ ਦੀ ਲੜੀ ਤਹਿਤ ਫੂਡ ਸੇਫ਼ਟੀ ਟੀਮ ਜਲੰਧਰ ਵੱਲੋਂ ਕਮਿਸ਼ਨਰ ਫੂਡ ਅਤੇ ਡਰੱਗ ਐਡਮਿਨੀਸਟ੍ਰੇਸ਼ਨ ਦਿਲਰਾਜ ਸਿੰਘ ਦੇ ਨਿਰਦੇਸ਼ਾਂ ਅਨੁਸਾਰ ਸ਼ਹਿਰ ਦੇ ਵੱਖ-ਵੱਖ ਇਲਾਕਿਆਂ ਵਿੱਚ ਨਿਰੀਖਣ ਦੌਰਾਨ ਖਾਧ ਪਦਾਰਥਾਂ ਦੇ 7 ਸੈਂਪਲ ਭਰੇ ਗਏ।
ਸਹਾਇਕ ਕਮਿਸ਼ਨਰ ਫੂਡ ਡਾ. ਹਰਜੋਤ ਪਾਲ ਸਿੰਘ ਦੀ ਨਿਗਰਾਨੀ ਹੇਠ ਫੂਡ ਟੀਮ ਵੱਲੋਂ ਮਿੱਠੂ ਬਸਤੀ ਅਤੇ ਬਸਤੀ ਸ਼ੇਖ ਰੋਡ ਇਲਾਕਿਆਂ ਵਿੱਚ ਖਾਧ ਪਦਾਰਥਾਂ ਨਾਲ ਸਬੰਧਤ ਵੱਖ-ਵੱਖ ਅਦਾਰਿਆਂ ਦਾ ਨਿਰੀਖਣ ਕੀਤਾ ਗਿਆ। ਇਸ ਦੌਰਾਨ ਅਗਲੇਰੀ ਜਾਂਚ ਲਈ ਖਾਣ-ਪੀਣ ਵਾਲੇ ਪਦਾਰਥਾਂ ਦੇ 7 ਸੈਂਪਲ ਭਰੇ ਗਏ, ਜਿਨ੍ਹਾਂ ਵਿੱਚ ਖਾਣ ਵਾਲੇ ਤੇਲ, ਘਿਓ, ਟੀ-ਲੀਵਸ, ਪੇਠਾ ਆਦਿ ਸ਼ਾਮਲ ਹੈ।
ਇਸ ਦੌਰਾਨ ਟੀਮ ਵੱਲੋਂ ਖਾਧ ਪਦਾਰਥ ਵੇਚਣ ਵਾਲਿਆਂ ਨੂੰ ਆਪਣੀ ਸਾਲਾਨਾ ਆਮਦਨ ਅਨੁਸਾਰ ਫੂਡ ਸੇਫ਼ਟੀ ਐਕਟ ਅਧੀਨ ਲਾਇਸੈਂਸ ਪ੍ਰਾਪਤ ਕਰਨ ਲਈ ਜਾਗਰੂਕ ਵੀ ਕੀਤਾ ਗਿਆ। ਸਹਾਇਕ ਕਮਿਸ਼ਨਰ ਨੇ ਕਿਹਾ ਕਿ ਸ਼ਹਿਰ ਵਾਸੀਆਂ ਲਈ ਸੁਰੱਖਿਅਤ ਅਤੇ ਮਿਆਰੀ ਭੋਜਨ ਪਦਾਰਥ ਯਕੀਨੀ ਬਣਾਉਣ ਲਈ ਇਹ ਜਾਂਚ ਮੁਹਿੰਮ ਭਵਿੱਖ ਵਿੱਚ ਵੀ ਜਾਰੀ ਰਹੇਗੀ।
