ਸੀ-ਪਾਈਟ ਕੈਂਪ ਥੇਹ ਕਾਂਜਲਾ ਵਿਖੇ ਮੁਫ਼ਤ ਕਰਵਾਇਆ ਜਾਵੇਗਾ ਡਰੋਨ ਓਪਰੇਟਿੰਗ ਕੋਰਸ

ਜਲੰਧਰ, 9 ਸਤੰਬਰ: ਸੀ-ਪਾਈਟ ਕੈਂਪ ਥੇਹ ਕਾਂਜਲਾ, ਕਪੂਰਥਲਾ ਵਿਖੇ ਡਰੋਨ ਓਪਰੇਟਿੰਗ ਕੋਰਸ ਕਰਵਾਇਆ ਜਾਵੇਗਾ, ਜਿਸ ਵਿੱਚ ਛੇ ਜ਼ਿਲ੍ਹਿਆਂ ਦੇ ਨੌਜਵਾਨਾਂ ਨੂੰ ਮੁਫ਼ਤ ਸਿਖ਼ਲਾਈ ਪ੍ਰਦਾਨ ਕੀਤੀ ਜਾਵੇਗੀ।
ਇਸ ਸਬੰਧੀ ਸੀ-ਪਾਈਟ ਕੈਂਪ ਕਪੂਰਥਲਾ ਦੇ ਅਧਿਕਾਰੀ ਕੈਪਟਨ ਅਜੀਤ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਜਲੰਧਰ, ਕਪੂਰਥਲਾ, ਹੁਸ਼ਿਆਰਪੁਰ, ਅੰਮ੍ਰਿਤਸਰ, ਤਰਨ ਤਾਰਨ ਅਤੇ ਗੁਰਦਾਸਪੁਰ ਜ਼ਿਲ੍ਹਿਆਂ ਦੇ 150 ਨੌਜਵਾਨਾਂ ਨੂੰ ਡਰੋਨ ਓਪਰੇਟਿੰਗ ਕੋਰਸ ਕਰਵਾਇਆ ਜਾਣਾ ਹੈ, ਜਿਸ ਉਪਰੰਤ ਪੰਜਾਬ ਸਰਕਾਰ ਦਾ ਸਰਟੀਫਿਕੇਟ ਵੀ ਦਿੱਤਾ ਜਾਵੇਗਾ।
ਉਨ੍ਹਾਂ ਦੱਸਿਆ ਕਿ ਚਾਹਵਾਨ ਨੌਜਵਾਨ ਆਪਣੇ ਦਸਤਾਵੇਜ਼ ਜਿਵੇਂ 10ਵੀਂ ਅਤੇ 12ਵੀਂ ਕਲਾਸ ਦੇ ਸਰਟੀਫਿਕੇਟ (ਘੱਟੋ-ਘੱਟ 50 ਫੀਸਦੀ ਅੰਕਾਂ ਨਾਲ ਪਾਸ), ਉਮਰ 18-25 ਸਾਲ, ਜਾਤੀ ਸਰਟੀਫਿਕੇਟ, ਰਿਹਾਇਸ਼ ਸਰਟੀਫਿਕੇਟ, ਆਧਾਰ ਕਾਰਡ ਦੀਆਂ ਦੋ-ਦੋ ਫੋਟੋ ਕਾਪੀਆਂ ਅਤੇ 4 ਪਾਸਪੋਰਟ ਸਾਈਜ਼ ਫੋਟੋਆਂ ਨਾਲ ਲੈ ਕੇ ਆਉਣ। ਉਨ੍ਹਾਂ ਦੱਸਿਆ ਕਿ ਕੋਰਸ ਦੌਰਾਨ ਨੌਜਵਾਨਾਂ ਨੂੰ ਖਾਣਾ ਅਤੇ ਰਿਹਾਇਸ਼ ਦੀ ਸਹੂਲਤ ਮੁਫ਼ਤ ਹੋਵੇਗੀ। ਉਨ੍ਹਾਂ ਚਾਹਵਾਨ ਨੌਜਵਾਨਾਂ ਨੂੰ ਇਸ ਕੋਰਸ ਦਾ ਵੱਧ ਤੋਂ ਵੱਧ ਲਾਭ ਲੈਣ ਦੀ ਅਪੀਲ ਕੀਤੀ।
ਉਨ੍ਹਾਂ ਇਹ ਵੀ ਦੱਸਿਆ ਕਿ ਜਿਹੜੇ ਨੌਜਵਾਨ ਫੌਜ ਵਿੱਚ ਅਗਨੀਵੀਰ, ਸੀ.ਆਰ.ਪੀ.ਐਫ./ਬੀ.ਐਸ.ਐਫ. ਅਤੇ ਪੰਜਾਬ ਪੁਲਿਸ ਦੀ ਭਰਤੀ ਲਈ ਫਿਜ਼ੀਕਲ ਟੈਸਟ ਦੀ ਤਿਆਰੀ ਕਰਨਾ ਚਾਹੁੰਦੇ ਹਨ, ਉਹ ਵੀ ਸੀ-ਪਾਈਟ ਕੈਂਪ ਵਿਖੇ ਤਿਆਰੀ ਕਰ ਸਕਦੇ ਹਨ। ਉਨ੍ਹਾਂ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਨੌਜਵਾਨਾਂ ਨੂੰ ਖਾਣਾ, ਰਿਹਾਇਸ਼ ਦੇ ਨਾਲ-ਨਾਲ ਲਿਖ਼ਤੀ ਪੇਪਰ ਅਤੇ ਫਿਜ਼ੀਕਲ ਟੈਸਟ ਦੀ ਤਿਆਰੀ ਬਿਲਕੁਲ ਮੁਫ਼ਤ ਕਰਵਾਈ ਜਾਵੇਗੀ। ਚਾਹਵਾਨ ਨੌਜਵਾਨ ਆਧਾਰ ਕਾਰਡ, ਦਸਵੀਂ ਜਾਂ ਬਾਰ੍ਹਵੀਂ ਕਲਾਸ ਦਾ ਸਰਟੀਫਿਕੇਟ, ਜਾਤੀ ਸਰਟੀਫਿਕੇਟ ਦੀਆਂ ਫੋਟੋ ਕਾਪੀਆਂ, ਦੋ ਪਾਸਪੋਰਟ ਸਾਈਜ਼ ਫੋਟੋਆਂ ਅਤੇ ਆਨਲਾਈਨ ਰਜਿਸਟ੍ਰੇਸ਼ਨ ਦੀ ਫੋਟੋ ਕਾਪੀ ਕੈਂਪ ਵਿੱਚ ਨਾਲ ਲੈ ਕੇ ਆਉਣ।
ਵਧੇਰੇ ਜਾਣਕਾਰੀ ਲਈ ਮੋਬਾਇਲ ਨੰਬਰ 83601-63527, 69002-00733 ਅਤੇ 99143-69376 ’ਤੇ ਸੰਪਰਕ ਕੀਤਾ ਜਾ ਸਕਦਾ ਹੈ।

Leave a Comment

Your email address will not be published. Required fields are marked *

Scroll to Top