ਖੇਡਾਂ ਵਤਨ ਪੰਜਾਬ ਦੀਆਂ-3 : ਕੈਬਨਿਟ ਮੰਤਰੀ ਵੱਲੋਂ ਰਾਜ ਪੱਧਰੀ ਵਾਲੀਬਾਲ ਤੇ ਸ਼ਤਰੰਜ ਖੇਡਾਂ ਦੀ ਸ਼ੁਰੂਆਤ

ਜਲੰਧਰ, 15 ਨਵੰਬਰ : ਪੰਜਾਬ ਦੇ ਬਾਗਬਾਨੀ, ਰੱਖਿਆ ਸੇਵਾਵਾਂ ਭਲਾਈ ਅਤੇ ਅਜ਼ਾਦੀ ਘੁਲਾਟੀਆਂ ਬਾਰੇ ਮੰਤਰੀ ਮਹਿੰਦਰ ਭਗਤ ਵੱਲੋਂ ਅੱਜ ਇੱਥੇ ਸਰਕਾਰੀ ਸਪੋਰਟਸ ਐਂਡ ਆਰਟਸ ਕਾਲਜ ਵਿਖੇ ‘ਖੇਡਾਂ ਵਤਨ ਪੰਜਾਬ ਦੀਆਂ’ ਦੇ ਤੀਜੇ ਸੀਜ਼ਨ ਤਹਿਤ ਕਰਵਾਏ ਜਾ ਰਹੇ ਰਾਜ ਪੱਧਰੀ ਵਾਲੀਬਾਲ ਅਤੇ ਸ਼ਤਰੰਜ ਖੇਡ ਮੁਕਾਬਲਿਆਂ ਦਾ ਉਦਘਾਟਨ ਕੀਤਾ ਗਿਆ। ਇਸ ਮੌਕੇ ਕੈਬਨਿਟ ਮੰਤਰੀ ਨੇ ਸੂਬੇ ਭਰ ਵਿੱਚ ਖੇਡ ਸੱਭਿਆਚਾਰ ਨੂੰ ਪ੍ਰਫੁੱਲਤ ਕਰਨ ਲਈ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਸ਼ੁਰੂ ਕੀਤੀ ਇਸ ਵਿਲੱਖਣ ਪਹਿਲਕਦਮੀ ਦੀ ਸ਼ਲਾਘਾ ਕੀਤੀ।
ਖੇਡ ਸਮਾਗਮ ਨੂੰ ਸੰਬੋਧਨ ਕਰਦਿਆਂ ਸ੍ਰੀ ਭਗਤ ਨੇ ਖੇਡਾਂ ਪ੍ਰਤੀ ਲੋਕਾਂ ਦੇ ਭਰਵੇਂ ਹੁੰਗਾਰੇ ਬਾਰੇ ਚਾਨਣਾ ਪਾਉਂਦਿਆਂ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਪੱਧਰ ’ਤੇ ਪੰਜਾਬੀ ਅਥਲੀਟਾਂ ਦੀ ਨੁਮਾਇੰਦਗੀ ਵਧਾਉਣ ਵਿੱਚ ਇਨ੍ਹਾਂ ਖੇਡਾਂ ਦੀ ਭੂਮਿਕਾ ’ਤੇ ਜ਼ੋਰ ਦਿੱਤਾ। ਉਨ੍ਹਾਂ ਆਸ ਪ੍ਰਗਟ ਕੀਤੀ ਕਿ ਤੀਜਾ ਸੀਜ਼ਨ ਖੇਡਾਂ ਵਿੱਚ ਸਫ਼ਲਤਾ ਦੇ ਨਵੇਂ ਮੀਲ ਪੱਥਰ ਸਥਾਪਤ ਕਰੇਗਾ।
ਉਨ੍ਹਾਂ ਕਿਹਾ ਕਿ ਸਰੀਰਕ ਤੰਦਰੁਸਤੀ ਅਤੇ ਅਨੁਸ਼ਾਸਨ ਲਈ ਖੇਡਾਂ ਬਹੁਤ ਜ਼ਰੂਰੀ ਹਨ। ਖੇਡਾਂ ਨਸ਼ਿਆਂ ਦੀ ਲਤ ਲਈ ਅਸਰਦਾਰ ‘ਐਂਟੀਡੋਟ’ ਦਾ ਕੰਮ ਕਰਦੀਆਂ ਹਨ ਕਿਉਂਕਿ ਖੇਡਾਂ ਵਿੱਚ ਹਿੱਸਾ ਲੈਣ ਵਾਲੇ ਵਿਅਕਤੀ ਨਸ਼ਿਆਂ ਦੇ ਜੰਜਾਲ ਵਿੱਚ ਘੱਟ ਹੀ ਫਸਦੇ ਹਨ। ਉਨ੍ਹਾਂ ਵਾਲੀਬਾਲ ਖਿਡਾਰੀਆਂ ਨਾਲ ਗੱਲਬਾਤ ਕੀਤੀ ਅਤੇ ਉਨ੍ਹਾਂ ਨੂੰ ਵਧੀਆ ਪ੍ਰਦਰਸ਼ਨ ਕਰਨ ਲਈ ਸ਼ੁਭਕਾਮਨਾਵਾਂ ਦਿੱਤੀਆਂ ਅਤੇ ਮੈਚਾਂ ਦੀ ਰਸਮੀ ਤੌਰ ’ਤੇ ਸ਼ੁਰੂਆਤ ਕਰਵਾਈ।
ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ ਜਸਬੀਰ ਸਿੰਘ, ਜ਼ਿਲ੍ਹਾ ਖੇਡ ਅਫ਼ਸਰ ਗੁਰਪ੍ਰੀਤ ਸਿੰਘ ਅਤੇ ਤੈਰਾਕੀ ਕੋਚ ਉਮੇਸ਼ ਸ਼ਰਮਾ ਨੇ ਮੰਤਰੀ ਦਾ ਖੇਡ ਸਮਾਗਮ ਵਾਲੇ ਸਥਾਨ ’ਤੇ ਪੁੱਜਣ ’ਤੇ ਸਵਾਗਤ ਕੀਤਾ। ਵਧੀਕ ਡਿਪਟੀ ਕਮਿਸ਼ਨਰ ਨੇ ਮੰਤਰੀ ਨੂੰ ਦੱਸਿਆ ਕਿ ਵਾਲੀਬਾਲ ਅਤੇ ਸ਼ਤਰੰਜ ਮੁਕਾਬਲੇ 15 ਤੋਂ 22 ਨਵੰਬਰ ਤੱਕ ਕਰਵਾਏ ਜਾਣਗੇ। ਉਨ੍ਹਾਂ ਭਰੋਸਾ ਦਿਵਾਇਆ ਕਿ ਖੇਡਾਂ ਨੂੰ ਸੁਚਾਰੂ ਅਤੇ ਸਫ਼ਲਤਾਪੂਰਵਕ ਨੇਪਰੇ ਚਾੜ੍ਹਨ ਲਈ ਸਮੁੱਚੇ ਲੋੜੀਂਦੇ ਪ੍ਰਬੰਧ ਕੀਤੇ ਗਏ ਹਨ।

Leave a Comment

Your email address will not be published. Required fields are marked *

Scroll to Top