ਜਲੰਧਰ, 6 ਨਵੰਬਰ : ਰਾਜ ਸਭਾ ਮੈਂਬਰ ਸੰਤ ਬਲਬੀਰ ਸਿੰਘ ਸੀਚੇਵਾਲ ਨੇ ਕਿਹਾ ਕਿ ਗਲੋਬਲ ਵਾਰਮਿੰਗ ਅੱਜ ਪੂਰੀ ਦੁਨੀਆ ਲਈ ਸਭ ਤੋਂ ਵੱਡੀ ਚੁਣੌਤੀ ਬਣੀ ਹੋਈ ਹੈ। ਧਰਤੀ ਦੇ ਵਧ ਰਹੇ ਤਾਪਮਾਨ ਕਾਰਨ ਵਾਤਾਵਰਣ ਦਾ ਸੰਤੁਲਨ ਵਿਗੜ ਰਿਹਾ ਹੈ ਅਤੇ ਇਸ ਦੇ ਗੰਭੀਰ ਨਤੀਜੇ ਸਾਹਮਣੇ ਆ ਰਹੇ ਹਨ।
ਉਹ ਅੱਜ ਇਥੇ ਗਰੀਨ ਮਾਡਲ ਟਾਊਨ ਵਿਖੇ ਇਨੋਸੈਂਟ ਹਾਰਟਸ ਗਰੁੱਪ ਵੱਲੋਂ ਸਕੂਲ ਵਿੱਚ ਕਰਵਾਏ ਗਏ ਸਮਾਗਮ ਨੂੰ ਸੰਬੋਧਨ ਕਰ ਰਹੇ ਸਨ। ਸੰਤ ਸੀਚੇਵਾਲ ਨੇ ਕਿਹਾ ਕਿ ਤਾਪਮਾਨ ਵਿੱਚ ਲਗਾਤਾਰ ਹੋ ਰਹੇ ਵਾਧੇ ਕਾਰਨ ਗਲੇਸ਼ੀਅਰ ਤੇਜ਼ੀ ਨਾਲ ਪਿਘਲ ਰਹੇ ਹਨ। ਉਨ੍ਹਾਂ ਨੇ ਹਾਲ ਹੀ ਵਿੱਚ ਨੇਪਾਲ ਵਿੱਚ ਗਲੇਸ਼ੀਅਰ ਦਾ ਵੱਡਾ ਹਿੱਸਾ ਟੁੱਟਣ ਕਾਰਨ ਹੋਈ ਭਾਰੀ ਤਬਾਹੀ ਦਾ ਜ਼ਿਕਰ ਕਰਦਿਆਂ ਕਿਹਾ ਕਿ ਕੁਦਰਤ ਨਾਲ ਕੀਤੀ ਜਾ ਰਹੀ ਛੇੜਛਾੜ ਦੇ ਨਤੀਜੇ ਮਨੁੱਖਤਾ ਨੂੰ ਭੁਗਤਣੇ ਪੈ ਰਹੇ ਹਨ। ਜਲਵਾਯੂ ਪਰਿਵਰਤਨ ਕਾਰਨ ਕਿਤੇ ਭਿਆਨਕ ਹੜ੍ਹ ਆ ਰਹੇ ਹਨ ਅਤੇ ਕਿਤੇ ਸੋਕੇ ਵਰਗੇ ਹਾਲਾਤ ਪੈਦਾ ਹੋ ਰਹੇ ਹਨ।
ਉਨ੍ਹਾਂ ਕਿਹਾ ਕਿ ਦੁਨੀਆ ਭਰ ਵਿੱਚ ਚੱਲ ਰਹੀਆਂ ਜੰਗਾਂ ਕਾਰਨ ਮਨੁੱਖਤਾ ਦਾ ਭਾਰੀ ਨੁਕਸਾਨ ਹੋ ਰਿਹਾ ਹੈ। ਉਨ੍ਹਾਂ ਕਿਹਾ ਕਿ ਦੁਨੀਆ ਨੂੰ ਕਈ ਵਾਰ ਤਬਾਹ ਕਰਨ ਦੇ ਸਮਰੱਥ ਹਥਿਆਰ ਤਾਂ ਤਿਆਰ ਕਰ ਲਏ ਗਏ ਹਨ, ਪਰ ਮਨੁੱਖੀ ਜੀਵਨ ਨੂੰ ਬਚਾਉਣ ਲਈ ਲੋੜੀਂਦਾ ਸਾਫ਼ ਪਾਣੀ ਅਤੇ ਸ਼ੁੱਧ ਹਵਾ ਵੀ ਸੁਰੱਖਿਅਤ ਨਹੀਂ ਰਹੇ।
ਸੰਤ ਸੀਚੇਵਾਲ ਨੇ ਕਿਹਾ ਕਿ ਸਾਡੀ ਸਾਰਿਆਂ ਦੀ ਜ਼ਿੰਮੇਵਾਰੀ ਬਣਦੀ ਹੈ ਕਿ ਅਸੀਂ ਆਉਣ ਵਾਲੀਆਂ ਪੀੜ੍ਹੀਆਂ ਲਈ ਸਾਫ਼ ਪਾਣੀ ਅਤੇ ਸ਼ੁੱਧ ਹਵਾ ਦਾ ਕੁਦਰਤੀ ਸਰਮਾਇਆ ਸੰਭਾਲ ਕੇ ਜਾਈਏ। ਵਾਤਾਵਰਣ ਦੀ ਸੰਭਾਲ ਸਮਾਜ ਦੇ ਹਰ ਵਿਅਕਤੀ ਦੀ ਸਾਂਝੀ ਜ਼ਿੰਮੇਵਾਰੀ ਹੈ।
ਉਨ੍ਹਾਂ ਸਕੂਲ ਪ੍ਰਬੰਧਕਾਂ ਨੂੰ ਅਪੀਲ ਕੀਤੀ ਕਿ ਬੱਚਿਆਂ ਨੂੰ ਕਿਤਾਬੀ ਸਿੱਖਿਆ ਦੇ ਨਾਲ-ਨਾਲ ਨੈਤਿਕ ਕਦਰਾਂ-ਕੀਮਤਾਂ ਦੀ ਸਿੱਖਿਆ ਵੀ ਦਿੱਤੀ ਜਾਵੇ, ਤਾਂ ਜੋ ਉਹ ਇੱਕ ਚੰਗੇ ਨਾਗਰਿਕ ਬਣਨ ਦੇ ਨਾਲ-ਨਾਲ ਸਮਾਜ ਅਤੇ ਵਾਤਾਵਰਣ ਪ੍ਰਤੀ ਆਪਣੀਆਂ ਜ਼ਿੰਮੇਵਾਰੀਆਂ ਨੂੰ ਵੀ ਸਮਝ ਸਕਣ।