ਖਣਨ ਵਿਭਾਗ ਵੱਲੋਂ ਦੋ ਥਾਈਂ ਗ਼ੈਰ-ਕਾਨੂੰਨੀ ਮਾਈਨਿੰਗ ਦਾ ਪਰਦਾਫ਼ਾਸ਼: ਬਰਿੰਦਰ ਕੁਮਾਰ ਗੋਇਲ

ਚੰਡੀਗੜ੍ਹ/ਅੰਮ੍ਰਿਤਸਰ/ਲੁਧਿਆਣਾ, 7 ਅਕਤੂਬਰ: ਪੰਜਾਬ ਦੇ ਖਣਨ ਅਤੇ ਭੂ-ਵਿਗਿਆਨ ਮੰਤਰੀ ਸ੍ਰੀ ਬਰਿੰਦਰ ਕੁਮਾਰ ਗੋਇਲ ਨੇ ਅੱਜ ਦੱਸਿਆ ਕਿ ਖਣਨ ਵਿਭਾਗ ਅਤੇ ਪੁਲਿਸ ਦੀ ਸਾਂਝੀ ਟੀਮ ਵੱਲੋਂ ਦੇਰ ਰਾਤ ਚਲਾਏ ਗਏ ਅਹਿਮ ਆਪ੍ਰੇਸ਼ਨ ਦੌਰਾਨ ਜ਼ਿਲ੍ਹਾ ਅੰਮ੍ਰਿਤਸਰ ਦੀ ਤਹਿਸੀਲ ਲੋਪੋਕੇ ਦੇ ਪਿੰਡ ਕੋਟ ਸਿੱਧੂ ਵਿਖੇ ਗ਼ੈਰ-ਕਾਨੂੰਨੀ ਰੇਤ ਖਣਨ ਵਾਲੀ ਥਾਂ ’ਤੇ ਛਾਪੇਮਾਰੀ ਕਰਦਿਆਂ ਮੌਕੇ ’ਤੇ ਚੱਲ ਰਹੀ ਗ਼ੈਰ-ਕਾਨੂੰਨੀ ਮਾਈਨਿੰਗ ਦਾ ਪਰਦਾਫ਼ਾਸ਼ ਕੀਤਾ ਗਿਆ।

ਉਨ੍ਹਾਂ ਦੱਸਿਆ ਕਿ ਅਧਿਕਾਰੀਆਂ ਨੇ ਮੌਕੇ ਤੋਂ ਤਿੰਨ ਜੇ.ਸੀ.ਬੀ. ਮਸ਼ੀਨਾਂ (ਚੈਸੀ ਨੰਬਰ  ਆਰ.ਏ.ਜੇ.3ਡੀ.ਐਕਸ.ਐਕਸ.4ਏ03117476, ਐਚ.ਏ.ਆਰ.3ਡੀ.ਐਕਸਐਕਸ.4ਕੇ03070706  ਤੇ ਇੱਕ ਬਿਨਾਂ ਨੰਬਰ ਵਾਲੀ ਜੇ.ਸੀ.ਬੀ. ਮਸ਼ੀਨ) ਅਤੇ ਸੱਤ ਟਿੱਪਰ ਟਰੱਕਾਂ (ਨੰਬਰ ਪੀ.ਬੀ 02 ਡੀ.ਐਕਸ 5572, ਪੀ.ਬੀ 02 ਈ.ਜੇ 0301, ਪੀ.ਬੀ 02 ਈ.ਸੀ 7695, ਪੀ.ਬੀ 02 ਈ.ਆਰ 7191, ਪੀ.ਬੀ 02 ਈ.ਈ 6944, ਪੀ.ਬੀ 02 ਈ.ਜੇ 0410 ਅਤੇ ਪੀ.ਬੀ 02 ਈ.ਕਿਊ 9399) ਦੀ ਪਛਾਣ ਕੀਤੀ ਹੈ।

ਕੈਬਨਿਟ ਮੰਤਰੀ ਨੇ ਦੱਸਿਆ ਕਿ ‘ਮਾਈਨਜ਼ ਐਂਡ ਮਿਨਰਲਜ਼ (ਡਿਵੈਲਪਮੈਂਟ ਐਂਡ ਰੈਗੂਲੇਸ਼ਨ) ਐਕਟ, 1957’ ਦੀ ਧਾਰਾ 21(1) ਤਹਿਤ ਥਾਣਾ ਭਿੰਦੀ ਸੈਦਾਂ ਵਿਖੇ ਐਫ.ਆਈ.ਆਰ. ਨੰਬਰ 0160/2026 ਦਰਜ ਕੀਤੀ ਗਈ ਹੈ। ਇਸ ਮਾਮਲੇ ਵਿੱਚ ਸ਼ਾਮਲ ਸਾਰੇ ਦੋਸ਼ੀਆਂ ਵਿਰੁੱਧ ਸਖ਼ਤ ਕਾਨੂੰਨੀ ਕਾਰਵਾਈ ਯਕੀਨੀ ਬਣਾਉਣ ਲਈ ਜ਼ਮੀਨ ਮਾਲਕਾਂ ਅਤੇ ਵਾਹਨਾਂ/ਮਸ਼ੀਨਾਂ ਦੇ ਮਾਲਕਾਂ ਦੀ ਪਛਾਣ ਕਰਨ ਤੇ ਵੇਰਵਿਆਂ ਦੀ ਪੁਣਛਾਣ ਲਈ ਪੁਲਿਸ ਜਾਂਚ ਜਾਰੀ ਹੈ।

ਖਣਨ ਅਤੇ ਭੂ-ਵਿਗਿਆਨ ਮੰਤਰੀ ਨੇ ਅੱਗੇ ਦੱਸਿਆ ਕਿ ਇਸੇ ਤਰ੍ਹਾਂ ਖਣਨ ਵਿਭਾਗ ਲੁਧਿਆਣਾ ਵੱਲੋਂ ਕੀਤੀ ਇੱਕ ਹੋਰ ਕਾਰਵਾਈ ਤਹਿਤ ਸਿੱਧਵਾਂ ਬੇਟ ਖੇਤਰ ਤੋਂ ਆ ਰਹੇ ਰੇਤ ਨਾਲ ਭਰੇ ਇੱਕ ਟਿੱਪਰ ਨੂੰ ਰਾਤ ਸਮੇਂ ਰੋਕ ਕੇ ਚੈੱਕ ਕੀਤਾ ਗਿਆ। ਜਾਂਚ ਦੌਰਾਨ ਪਾਇਆ ਗਿਆ ਕਿ ਵਾਹਨ ’ਤੇ ਕੋਈ ਨੰਬਰ ਪਲੇਟ ਨਹੀਂ ਲੱਗੀ ਹੋਈ ਸੀ।

ਇਸ ਮਾਮਲੇ ਵਿੱਚ ਸਖ਼ਤ ਕਾਰਵਾਈ ਕਰਦਿਆਂ ਖਣਨ ਵਿਭਾਗ ਨੇ ਬਿਨਾਂ ਨੰਬਰ ਵਾਲਾ ਟਿੱਪਰ ਥਾਣਾ ਸਿੱਧਵਾਂ ਬੇਟ ਦੇ ਹਵਾਲੇ ਕੀਤਾ ਅਤੇ ਮਿਤੀ 06-10-2026 ਨੂੰ ਐਫ.ਆਈ.ਆਰ. ਨੰਬਰ 283 ਤਹਿਤ ਕੇਸ ਦਰਜ ਕੀਤਾ ਗਿਆ ਹੈ।

ਖਣਨ ਅਤੇ ਭੂ-ਵਿਗਿਆਨ ਮੰਤਰੀ ਨੇ ਅੱਗੇ ਦੱਸਿਆ ਕਿ ਗ਼ੈਰ-ਕਾਨੂੰਨੀ ਮਾਈਨਿੰਗ ਵਿਰੁੱਧ ਕਾਰਵਾਈ ਕਰਦਿਆਂ 6 ਅਕਤੂਬਰ, 2026 ਤੱਕ ਸੂਬੇ ਭਰ ਵਿੱਚ 247 ਐਫ.ਆਈ.ਆਰ. ਦਰਜ ਕੀਤੀਆਂ ਗਈਆਂ ਹਨ ਅਤੇ ਨਿਯਮ 74 ਤੇ 75 ਤਹਿਤ 598 ਚਲਾਨ ਜਾਰੀ ਕੀਤੇ ਹਨ। ਉਨ੍ਹਾਂ ਦੱਸਿਆ ਕਿ ਕੁੱਲ 7.92 ਕਰੋੜ ਰੁਪਏ ਤੋਂ ਵੱਧ ਦਾ ਜੁਰਮਾਨਾ ਲਗਾਇਆ ਗਿਆ, ਜਿਸ ਵਿੱਚੋਂ 7.69 ਕਰੋੜ ਰੁਪਏ ਤੋਂ ਵੱਧ ਦੀ ਰਾਸ਼ੀ ਵਸੂਲੀ ਜਾ ਚੁੱਕੀ ਹੈ।

ਕੁਝ ਮੁੱਖ ਜ਼ਿਲ੍ਹਿਆਂ ਦੇ ਵੇਰਵੇ ਸਾਂਝੇ ਕਰਦਿਆਂ ਸ੍ਰੀ ਬਰਿੰਦਰ ਕੁਮਾਰ ਗੋਇਲ ਨੇ ਦੱਸਿਆ ਕਿ ਅੰਮ੍ਰਿਤਸਰ ਵਿੱਚ 16 ਐਫ.ਆਈ.ਆਰ. ਦਰਜ ਕੀਤੀਆਂ ਗਈਆਂ ਅਤੇ 25 ਚਲਾਨਾਂ ਤਹਿਤ  46.87 ਲੱਖ ਰੁਪਏ ਦੇ ਜੁਰਮਾਨੇ ਕੀਤੇ ਗਏ ਜਿਸ ਵਿੱਚੋਂ 42.79 ਲੱਖ ਰੁਪਏ ਦੀ ਵਸੂਲੀ ਕੀਤੀ ਜਾ ਚੁੱਕੀ ਹੈ। ਹੁਸ਼ਿਆਰਪੁਰ ਵਿੱਚ 20 ਐਫ.ਆਈ.ਆਰ. ਅਤੇ 84 ਚਲਾਨ ਦਰਜ ਕੀਤੇ ਗਏ, ਜਿਸ ਵਿੱਚ 129.39 ਲੱਖ ਰੁਪਏ ਦਾ ਜੁਰਮਾਨਾ ਕੀਤਾ ਗਿਆ ਅਤੇ 125.81 ਲੱਖ ਰੁਪਏ ਦੀ ਵਸੂਲੀ ਹੋਈ ਜਦਕਿ ਪਠਾਨਕੋਟ ਵਿੱਚ 5 ਐਫ.ਆਈ.ਆਰ. ਅਤੇ 101 ਚਲਾਨ ਦਰਜ ਕੀਤੇ ਗਏ, ਜਿਸ ਵਿੱਚ 176.89 ਲੱਖ ਰੁਪਏ ਦਾ ਜੁਰਮਾਨਾ ਲਗਾਇਆ ਗਿਆ ਅਤੇ ਪੂਰੀ ਰਕਮ ਵਸੂਲੀ ਗਈ।

ਉਨ੍ਹਾਂ ਅੱਗੇ ਦੱਸਿਆ ਕਿ ਗੁਰਦਾਸਪੁਰ ਵਿੱਚ ਸਾਰੇ ਜ਼ਿਲ੍ਹਿਆਂ ਨਾਲੋਂ ਵੱਧ 55 ਐਫ.ਆਈ.ਆਰ. ਦਰਜ ਕੀਤੀਆਂ ਗਈਆਂ ਅਤੇ 24 ਚਲਾਨ ਕੀਤੇ ਗਏ, ਜਿਸ ਵਿੱਚ 39.57 ਲੱਖ ਰੁਪਏ ਦਾ ਜੁਰਮਾਨਾ ਲਗਾਇਆ ਗਿਆ ਅਤੇ ਪੂਰੀ ਰਕਮ ਵਸੂਲੀ ਜਾ ਚੁੱਕੀ ਹੈ। ਐਸ.ਏ.ਐਸ. ਨਗਰ ਵਿੱਚ 27 ਐਫ.ਆਈ.ਆਰ. ਅਤੇ 67 ਚਲਾਨ ਕੀਤੇ ਗਏ ਜਿਸ ਵਿੱਚ 87.95 ਲੱਖ ਰੁਪਏ ਦਾ ਜੁਰਮਾਨਾ ਲਾਇਆ ਗਿਆ ਅਤੇ 82.86 ਲੱਖ ਰੁਪਏ ਦੀ ਵਸੂਲੀ ਹੋਈ ਜਦਕਿ ਸ੍ਰੀ ਅਨੰਦਪੁਰ ਸਾਹਿਬ ਵਿੱਚ 32 ਐਫ.ਆਈ.ਆਰ. ਅਤੇ 30 ਚਲਾਨ ਕੀਤੇ ਗਏ, ਜਿਸ ਵਿੱਚ 52.99 ਲੱਖ ਰੁਪਏ ਦਾ ਜੁਰਮਾਨਾ ਕੀਤਾ ਗਿਆ ਅਤੇ 48.91 ਲੱਖ ਰੁਪਏ ਦੀ ਵਸੂਲੀ ਹੋਈ।

Table of Contents

Scroll to Top