ਵੜਿੰਗ ਨੇ ਪੱਤਰਕਾਰਾਂ ਵਿਰੁੱਧ ਐਫਆਈਆਰ ਦਰਜ ਕਰਨ ਦੀ ਨਿੰਦਾ ਕੀਤੀ, ਅਪਰਾਧੀਆਂ ਖ਼ਿਲਾਫ਼ ਵੀ ਓਨੀ ਹੀ ਤੇਜ਼ੀ ਦਿਖਾਏ ਪੁਲਿਸ: ਵੜਿੰਗ

ਚੰਡੀਗੜ੍ਹ, 1 ਜਨਵਰੀ: ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਕੁਝ ਪੱਤਰਕਾਰਾਂ ਅਤੇ ਆਰਟੀਆਈ ਵਰਕਰਾਂ ਵਿਰੁੱਧ ਐਫਆਈਆਰ ਦਰਜ ਕਰਨ ਦੀ ਕੜੀ ਨਿੰਦਾ ਕਰਦਿਆਂ, ਕਿਹਾ ਕਿ ਇਹ ਆਮ ਆਦਮੀ ਪਾਰਟੀ ਸਰਕਾਰ ਵੱਲੋਂ ਆਮ ਲੋਕਾਂ ਦੀ ਪ੍ਰਗਟਾਵੇ ਦੀ ਆਜ਼ਾਦੀ ਨੂੰ ਦਬਾਉਣ ਦੀ ਇਕ ਹੋਰ ਨੀਚ ਕੋਸ਼ਿਸ਼ ਹੈ, ਜਿਹੜੀ ਸਰਕਾਰ ਦੀ ਨਿਰਾਸ਼ਾ ਅਤੇ ਅਸੁਰੱਖਿਆ ਨੂੰ ਬੇਨਕਾਬ ਕਰਦੀ ਹੈ।

ਵੜਿੰਗ ਨੇ ਕਿਹਾ ਕਿ ਉਮੀਦ ਕਰਦੇ ਹਨ  ਕਿ ‘ਆਪ’ ਸਰਕਾਰ ਅਤੇ ਇਸਦੀ ਪੁਲਿਸ ਅਪਰਾਧੀਆਂ ਤੇ ਗੈਂਗਸਟਰਾਂ ਦਾ ਪਿੱਛਾ ਕਰਨ ਵਿੱਚ ਵੀ ਓਨੀ ਹੀ ਫੁਰਤੀ ਅਤੇ ਸਰਗਰਮੀ ਦਿਖਾਏਗੀ, ਜਿੰਨੀ ਤੇਜ਼ੀ ਨਾਲ ਪੱਤਰਕਾਰਾਂ ਅਤੇ ਆਰਟੀਆਈ ਵਰਕਰਾਂ ਨੂੰ ਨਿਸ਼ਾਨਾ ਬਣਾਇਆ ਗਿਆ ਹੈ। ਜੇਕਰ ਅਜਿਹਾ ਹੁੰਦਾ, ਤਾਂ ਅੱਜ ਪੰਜਾਬ ਕਿਤੇ ਵੱਧ ਬਿਹਤਰ ਅਤੇ ਸੁਰੱਖਿਅਤ ਸੂਬਾ ਹੋਣਾ ਸੀ। ਉਨ੍ਹਾਂ ਨੇ ਕਾਨੂੰਨੀ ਤੌਰ ‘ਤੇ ਆਪਣਾ ਫ਼ਰਜ਼ ਨਿਭਾ ਰਹੇ ਪੱਤਰਕਾਰਾਂ ਅਤੇ ਆਰਟੀਆਈ ਵਰਕਰਾਂ ਨੂੰ ਨਿਸ਼ਾਨਾ ਬਣਾਉਣ ਲਈ ਪੰਜਾਬ ਪੁਲਿਸ ‘ਤੇ ਵੀ ਭਾਰੀ ਰੋਸ ਪ੍ਰਗਟਾਇਆ।

ਵੜਿੰਗ ਨੇ ਜ਼ੋਰ ਦਿੰਦਿਆਂ ਕਿਹਾ ਕਿ ਸੂਚਨਾ ਦੇਣ ਵਾਲਿਆਂ ਨੂੰ ਨਿਸ਼ਾਨਾਂ ਬਣਾਉਣ ਦੀ ਬਜਾਏ ‘ਆਪ’ ਸਰਕਾਰ ਨੂੰ ਆਪਣੇ ਆਪ ਨੂੰ ਸੁਧਾਰਨ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ, ਭਾਵੇਂ ਹੁਣ ਇਸ ਲਈ ਕਾਫ਼ੀ ਦੇਰ ਹੋ ਚੁੱਕੀ ਹੈ। ਉਨ੍ਹਾਂ ਕਿਹਾ ਕਿ ਜਿਨ੍ਹਾਂ ਉੱਤੇ ਐਫਆਈਆਰਾਂ ਦਰਜ ਕੀਤੀਆਂ ਗਈਆਂ ਹਨ, ਉਹ ਸਿਰਫ਼ ਸਰਕਾਰ ਨੂੰ ਸ਼ੀਸ਼ਾ ਦਿਖਾਉਣ ਦੀ ਕੋਸ਼ਿਸ਼ ਕਰ ਰਹੇ ਸਨ।

ਉਨ੍ਹਾਂ ਕਿਹਾ ਕਿ ਇਨ੍ਹਾਂ ਸਾਲਾਂ ਦੌਰਾਨ ‘ਆਪ’ ਸਰਕਾਰ ਨੇ ਬਚਾਅ ਲਈ ਇਸ਼ਤਿਹਾਰਾਂ ‘ਤੇ ਸੈਂਕੜੇ ਕਰੋੜ ਰੁਪਏ ਖਰਚ ਕਰਕੇ ਸਿਰਫ“ ਪ੍ਰਚਾਰ ਦਾ ਆਕਸੀਜਨ” ਖਰੀਦਿਆ ਹੈ। ਲੇਕਿਨ ਫਿਰ ਵੀ ਕੁਝ ਵਿਅਕਤੀਆਂ ਵੱਲੋਂ ਸੱਚ ਸਾਹਮਣੇ ਲਿਆਉਣ ਨਾਲ ਸਰਕਾਰ ਬੇਨਕਾਬ ਹੋ ਗਈ ਹੈ, ਜਿਸਦੇ ਬਦਲੇ ਵਜੋਂ ਇਨ੍ਹਾਂ ਲੋਕਾਂ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਹੈ।

ਵੜਿੰਗ ਨੇ ਕਿਹਾ ਕਿ ਪੱਤਰਕਾਰਾਂ ਵਿਰੁੱਧ ਐਫਆਈਆਰ ਦਰਜ ਕਰਨਾ ਇਹ ਦਰਸਾਉਂਦਾ ਹੈ ਕਿ ‘ਆਪ’ ਸਰਕਾਰ ਖੁਦ ਨੂੰ ਕਿੰਨੀ ਅਸੁਰੱਖਿਅਤ ਅਤੇ ਨਿਰਾਸ਼ ਮਹਿਸੂਸ ਕਰ ਰਹੀ ਹੈ, ਜਿਹੜੀ ਸਿਰਫ਼ ਸੱਚ ਬਿਆਨ ਕਰਨ ਵਾਲੇ ਕੁਝ ਲੋਕਾਂ ਖ਼ਿਲਾਫ਼ ਆਪਣੀ ਪੂਰੀ ਤਾਕਤ ਵਰਤ ਰਹੀ ਹੈ।

ਸੂਬਾ ਕਾਂਗਰਸ ਪ੍ਰਧਾਨ ਨੇ ਪੱਤਰਕਾਰਾਂ ਅਤੇ ਆਰਟੀਆਈ ਵਰਕਰਾਂ ਪ੍ਰਤੀ ਪੂਰੀ ਏਕਜੁੱਟਤਾ ਅਤੇ ਸਮਰਥਨ ਜਤਾਉਂਦੇ ਹੋਏ, ਕਿਹਾ ਕਿ ਉਨ੍ਹਾਂ ਨੇ ਸੂਬੇ ਲਈ ਸ਼ਲਾਘਾਯੋਗ ਸੇਵਾ ਕੀਤੀ ਹੈ ਅਤੇ ਹਰ ਪੰਜਾਬੀ ਉਨ੍ਹਾਂ ਦੇ ਨਾਲ ਖੜ੍ਹਾ ਹੈ।

ਵੜਿੰਗ ਨੇ ਅਜਿਹੇ ਪੁਲਿਸ ਅਧਿਕਾਰੀਆਂ ਨੂੰ ਪੂਰੀ ਸਾਵਧਾਨੀ ਅਤੇ ਵਿਵੇਕ ਨਾਲ ਕੰਮ ਕਰਨ ਦੀ ਚੇਤਾਵਨੀ ਦਿਤੀ, ਜਿਹੜੇ ਸਿਆਸੀ ਦਬਾਅ ਹੇਠ ਨਿਰਦੋਸ਼ ਲੋਕਾਂ ਨੂੰ ਡਰਾਉਣ ਲਈ ਵਰਤੇ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਤੁਹਾਨੂੰ ਆਪਣੀ ਹਰ ਕਾਰਵਾਈ ਦਾ ਜਵਾਬ ਦੇਣਾ ਪਵੇਗਾ, ਕਿਉਂਕਿ ਉਸ ਵੇਲੇ ਕੋਈ ਵੀ ਤੁਹਾਡੇ ਬਚਾਅ ਲਈ ਅੱਗੇ ਨਹੀਂ ਆਵੇਗਾ।

ਅੰਤ ਵਿੱਚ ਉਨ੍ਹਾਂ ਚੇਤਾਵਨੀ ਦਿੰਦਿਆ ਕਿਹਾ ਕਿ ਸਭ ਕੁਝ ਨੋਟ ਕੀਤਾ ਜਾ ਰਿਹਾ ਹੈ, ਰਿਕਾਰਡ ਹੋ ਰਿਹਾ ਹੈ ਅਤੇ ਯਾਦ ਰੱਖਿਆ ਜਾ ਰਿਹਾ ਹੈ। ਨਾ ਤਾਂ ਕੁਝ ਭੁੱਲਿਆ ਜਾਵੇਗਾ ਅਤੇ ਨਾ ਹੀ ਕੁਝ ਮੁਆਫ ਕੀਤਾ ਜਾਵੇਗਾ।

Leave a Comment

Your email address will not be published. Required fields are marked *

Scroll to Top