ਪੀ.ਐਨ.ਬੀ. ਅਧਿਕਾਰੀਆਂ ਨੇ ਹੜ੍ਹ ਪੀੜਤਾਂ ਦੀ ਮਦਦ ਲਈ ਡਿਪਟੀ ਕਮਿਸ਼ਨਰ ਨੂੰ 2.11 ਲੱਖ ਰੁਪਏ ਦਾ ਚੈੱਕ ਸੌਂਪਿਆ

ਕੁਦਰਤੀ ਆਫ਼ਤ ਦੌਰਾਨ ਪੀੜਤਾਂ ਦੀ ਮਦਦ ਕਰਨਾ ਸਾਡਾ ਸਭ ਦਾ ਨੈਤਿਕ ਫਰਜ਼ : ਡਿਪਟੀ ਕਮਿਸ਼ਨਰ

ਜਲੰਧਰ, 24 ਅਕਤੂਬਰ : ਹੜ੍ਹ ਪੀੜਤਾਂ ਦੀ ਮਦਦ ਲਈ ਜ਼ਿਲ੍ਹੇ ਦੇ ਵੱਖ-ਵੱਖ ਵਰਗਾਂ ਦੇ ਲੋਕ ਲਗਾਤਾਰ ਅੱਗੇ ਆ ਰਹੇ ਹਨ। ਇਸੇ ਕੜੀ ਤਹਿਤ ਅੱਜ ਪੰਜਾਬ ਨੈਸ਼ਨਲ ਬੈਂਕ ਦੇ ਜਲੰਧਰ ਸਰਕਲ ਦੇ ਅਧਿਕਾਰੀਆਂ ਵੱਲੋਂ ਡਿਪਟੀ ਕਮਿਸ਼ਨਰ ਡਾ. ਹਿਮਾਂਸ਼ੂ ਅਗਰਵਾਲ ਨੂੰ 2.11 ਲੱਖ ਰੁਪਏ ਦਾ ਚੈੱਕ ਮੁੱਖ ਮੰਤਰੀ ਰੰਗਲਾ ਪੰਜਾਬ ਫੰਡ ਲਈ ਸੌਂਪਿਆ ਗਿਆ।

ਇਹ ਚੈੱਕ ਸਰਕਲ ਹੈੱਡ ਜਲੰਧਰ ਅਮਿਤ ਦੱਤਾ, ਡਿਪਟੀ ਸਰਕਲ ਹੈੱਡ ਰਾਜੀਵ ਵਰਮਾ, ਪ੍ਰਧਾਨ ਰਾਜੇਸ਼ ਕ੍ਰਿਚ ਅਤੇ ਸਕੱਤਰ ਏ.ਆਈ.ਪੀ.ਐਨ.ਬੀ.ਓ.ਏ. ਜਲੰਧਰ ਮੁਨੀਸ਼ ਕੁਮਾਰ ਨੇ ਜਲੰਧਰ ਸਰਕਲ ਦੇ ਸਮੂਹ ਪੀ.ਐਨ.ਬੀ. ਅਧਿਕਾਰੀਆਂ ਵੱਲੋਂ ਡਿਪਟੀ ਕਮਿਸ਼ਨਰ ਨੂੰ ਭੇਟ ਕੀਤਾ।

ਡਿਪਟੀ ਕਮਿਸ਼ਨਰ ਨੇ ਮਨੁੱਖਤਾ ਦੀ ਭਲਾਈ ਵਾਲੇ ਇਸ ਉਪਰਾਲੇ ਲਈ ਪੀ.ਐਨ.ਬੀ. ਅਧਿਕਾਰੀਆਂ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਹੜ੍ਹਾਂ ਦੀ ਕੁਦਰਤੀ ਆਫ਼ਤ ਦੌਰਾਨ ਬਹੁਤ ਸਾਰੇ ਲੋਕ ਘਰੋਂ ਬੇਘਰ ਹੋਏ ਹਨ, ਜਿਨ੍ਹਾਂ ਦੇ ਰਹਿਣ-ਸਹਿਣ ਸਮੇਤ ਹੋਰ ਜ਼ਰੂਰਤਾਂ ਲਈ ਸਹਿਯੋਗ ਕਰਨਾ ਸਾਡਾ ਸਭ ਦਾ ਨੈਤਿਕ ਫਰਜ਼ ਹੈ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਹੜ੍ਹ ਪੀੜਤਾਂ ਦੀ ਮਦਦ ਲਈ ਲਗਾਤਾਰ ਕੰਮ ਕਰ ਰਹੀ ਹੈ। ਇਸ ਦੇ ਨਾਲ ਹੀ ਸਮਾਜ ਸੇਵੀ ਸੰਸਥਾਵਾਂ, ਦਾਨੀ ਸੱਜਣਾਂ ਵੱਲੋਂ ਵੀ ਆਪਣਾ ਯੋਗਦਾਨ ਦਿੱਤਾ ਜਾ ਰਿਹਾ ਹੈ।

ਡਾ. ਅਗਰਵਾਲ ਨੇ ਕਿਹਾ ਕਿ ਪੀ.ਐਨ.ਬੀ. ਦੇ ਇਸ ਉਪਰਾਲੇ ਨਾਲ ਹੜ੍ਹ ਪੀੜਤਾਂ ਲਈ ਚੱਲ ਰਹੇ ਰਾਹਤ ਕਾਰਜਾਂ ਨੂੰ ਹੋਰ ਮਜ਼ਬੂਤੀ ਮਿਲੇਗੀ। ਉਨ੍ਹਾਂ ਕਿਹਾ ਕਿ ਇਹ ਯੋਗਦਾਨ ਹੋਰਨਾਂ ਸਮਾਜ ਸੇਵੀ ਸੰਸਥਾਵਾਂ ਅਤੇ ਦਾਨੀ ਸੱਜਣਾਂ ਨੂੰ ਵੀ ਹੜ੍ਹ ਪੀੜਤਾਂ ਦੀ ਮਦਦ ਲਈ ਹੱਥ ਵਧਾਉਣ ਲਈ ਪ੍ਰੇਰਿਤ ਕਰੇਗਾ। ਉਨ੍ਹਾਂ ਹੋਰਨਾਂ ਦਾਨੀ ਸੱਜਣਾਂ ਨੂੰ ਵੀ ਹੜ੍ਹ ਪੀੜਤਾਂ ਦੀ ਮਦਦ ਲਈ ਅੱਗੇ ਆਉਣ ਦੀ ਅਪੀਲ ਕੀਤੀ।
——–

Leave a Comment

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।

Scroll to Top