ਜਲੰਧਰ (ਸੁਲਿੰਦਰ ਕੰਡੀ) – ਪੰਜਾਬ ਕੇਸਰੀ ਗਰੁੱਪ ਵੱਲੋਂ 118ਵਾ ਸ਼ਹੀਦ ਪਰਿਵਾਰ ਫੰਡ ਸਮਾਗਮ ਕਰਵਾਇਆ ਗਿਆ। ਇਸ ਸਮਾਗਮ ਵਿੱਚ ਮੁੱਖ ਮੰਤਰੀ ਭਗਵੰਤ ਮਾਨ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ। ਇਹ ਸਮਾਗਮ 9 ਸਤੰਬਰ ਦੀ ਬਰਸੀ ਪੰਜਾਬ ਕੇਸਰੀ ਗਰੁੱਪ ਦੇ ਸੰਸਥਾਪਕ ਅਮਰ ਸ਼ਹੀਦ ਲਾਲਾ ਜਗਤ ਨਾਰਾਇਣ ਸੰਬੰਧੀ ਕਰਵਾਈ ਗਈ। ਜਿਸ ਵਿੱਚ 170 ਸ਼ਹੀਦ ਪਰਿਵਾਰਾਂ ਨੂੰ 1,41,80,000 ਰੁਪਏ ਦੀ ਵਿੱਤੀ ਮੱਦਦ ਕੀਤੀ ਗਈ। ਇਸ ਸਮਾਗਮ ਵਿੱਚ ਹਰ ਪੀੜਤ ਪਰਿਵਾਰ ਨੂੰ 5 ਕਿਲੋ ਆਟਾ, 5 ਕਿਲੋ ਚੌਲ, ਸਿਲਾਈ ਮਸ਼ੀਨ, ਭਾਂਡੇ, ਕੱਪੜੇ ਅਤੇ ਕੰਬਲ ਵੀ ਵੰਡੇ ਗਏ। ਮੁੱਖ ਮੰਤਰੀ ਮਾਨ ਨੇ ਸ਼ੑੀ ਵਿਜੇ ਚੋਪੜਾ ਜੀ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਉਹ ਪੀੜਤ ਲੋਕਾਂ ਦੀ ਮੱਦਦ ਕਰਕੇ ਬਹੁਤ ਨੇਕ ਕੰਮ ਕਰ ਰਹੇ ਹਨ ਅਤੇ ਸਾਨੂੰ ਉਨ੍ਹਾਂ ਤੋਂ ਪ੍ਰੇਰਨਾ ਲੈਣੀ ਚਾਹੀਦੀ ਹੈ। ਸਮਾਜ ਸੇਵਾ ਕਰਕੇ ਲੋਕਾਂ ਦੀਆਂ ਦੁਆਵਾਂ ਸਾਡੇ ਨਾਲ ਜਰੂਰ ਰਹਿਣਗੀਆਂ। ਮੁੱਖ ਮੰਤਰੀ ਮਾਨ ਨੇ ਕਿਹਾ ਕਿ ਸਾਡੇ ਗੁਰੂਆਂ ਨੇ ਸਾਨੂੰ ਹਵਾ, ਪਾਣੀ, ਵਾਤਾਵਰਣ ਅਤੇ ਧਰਤੀ ਇਹਨਾਂ ਸਭ ਦੀ ਸੰਭਾਲ ਕਰਨ ਦਾ ਸੰਦੇਸ਼ ਦਿੱਤਾ ਸੀ ਤੇ ਸਾਡਾ ਫ਼ਰਜ ਬਣਦਾ ਹੈ ਕਿ ਅਸੀਂ ਸਾਰੇ ਇਸ ਦੀ ਪਾਲਣਾ ਕਰੀਏ। ਨਸ਼ਿਆ ਵਿਰੁੱਧ ਬੋਲਦਿਆਂ ਮੁੱਖ ਮੰਤਰੀ ਮਾਨ ਨੇ ਨੌਜਵਾਨਾਂ ਨੂੰ ਨਸ਼ਿਆ ਤੋਂ ਦੂਰ ਰਹਿਣ ਲਈ ਕਿਹਾ। ਉਹਨਾਂ ਕਿਹਾ ਕਿ ਪੰਜਾਬ ਸਰਕਾਰ ਨੌਜਵਾਨਾਂ ਲਈ ਸਰਕਾਰੀ ਅਤੇ ਨਿੱਜੀ ਖੇਤਰ ਵਿੱਚ ਨੌਕਰੀਆਂ ਦੇ ਰਹੀ ਹੈ ਤਾਂ ਜੋ ਨੌਜਵਾਨਾਂ ਦਾ ਚੰਗਾ ਭਵਿੱਖ ਬਣੇ, ਬੱਚਿਆਂ ਨੂੰ ਵਿਦੇਸ ਜਾਣ ਦੀ ਲੋੜ ਨਾ ਪਵੇ। ਮਾਨ ਨੇ ਸ਼ਹੀਦਾਂ ਨੂੰ ਯਾਦ ਕਰਦਿਆ ਕਿਹਾ ਕਿ ਸਰਕਾਰ ਵੱਲੋਂ ਦਿੱਤਾ 1-1 ਕਰੋੜ ਪਰਿਵਾਰ ਵਿੱਚ ਸ਼ਹੀਦ ਹੋਏ ਜੁਆਨ ਦੀ ਘਾਟ ਪੂਰੀ ਨਹੀਂ ਕਰ ਸਕਦਾ, ਪਰ ਇਸ ਰਕਮ ਨਾਲ ਉਨ੍ਹਾਂ ਦੀ ਜ਼ਿੰਦਗੀ ਨੂੰ ਸੁਚਾਰੂ ਢੰਗ ਨਾਲ ਚਲਾਉਣ ਵਿੱਚ ਮਦਦ ਕਰੇਗੀ। ਇਹਨਾਂ ਸ਼ਹੀਦਾਂ ਦੀਆਂ ਸ਼ਹੀਦੀਆ ਕਦੇ ਭੁਲਾਇਆ ਵੀ ਭੁੱਲ ਨਹੀ ਸਕਦੀਆਂ। ਸਰਕਾਰ ਨੇ ਇਹ ਵੀ ਫੈਸਲਾ ਲਿਆ ਹੈ ਕਿ ਜਿਹੜੇ ਫੌਜੀ ਉੱਚੀਆਂ ਪਹਾੜੀਆਂ ਤੇ ਬਰਫ਼ ਵਿੱਚ ਦੱਬ ਕੇ ਮਰੇ, ਉਨ੍ਹਾਂ ਨੂੰ ਵੀ ਬਰਾਬਰ ਦੀ ਆਰਥਿਕ ਮਦਦ ਦਿੱਤੀ ਜਾਵੇਗੀ।

















































