ਜਲੰਧਰ, 31 ਅਕਤੂਬਰ : ਪੰਜਾਬ ਦੇ ਕੈਬਨਿਟ ਮੰਤਰੀ ਮੋਹਿੰਦਰ ਭਗਤ ਵਲੋਂ ਪੰਜਾਬ ਸਰਕਾਰ ਦੀ ਮਹੱਤਵਪੂਰਨ ਮੁਹਿੰਮ ‘ਯੁੱਧ ਨਸ਼ਿਆਂ ਵਿਰੁੱਧ’ ਤਹਿਤ ਮੀਲ ਪੱਥਰ ਸਥਾਪਿਤ ਕਰਦਿਆਂ ਸ਼ਹਿਰ ਦੇ ਪ੍ਰਮੁੱਖ ਬੀ.ਐਮ.ਸੀ. ਚੌਕ ਵਿਖੇ ਬਣਾਏ ਗਏ ਬਾਕਸ ਕ੍ਰਿਕਟ ਦਾ ਉਦਘਾਟਨ ਕੀਤਾ ਗਿਆ।
ਜਲੰਧਰ ਪ੍ਰਸ਼ਾਸਨ ਵਲੋਂ ਨਿਵੇਕਲੀ ਪਹਿਲ ਕਰਦਿਆਂ ਨੌਜਵਾਨਾਂ ਦੀ ਅਥਾਹ ਊਰਜਾ ਨੂੰ ਖੇਡਾਂ ਅਤੇ ਹੋਰ ਸਾਕਰਾਤਮਕ ਗਤੀਵਿਧੀਆਂ ਵਿੱਚ ਲਗਾਉਣ ਲਈ ਬੀ.ਐਮ.ਸੀ. ਚੌਕ ਦੇ ਅੰਡਰ ਬ੍ਰਿਜ ਨੂੰ ਇਕ ਵਿਲੱਖਣ ਕ੍ਰਿਕਟ ਬਾਕਸ ਗਰਾਊਂਡ ਵਿੱਚ ਤਬਦੀਲ ਕਰ ਦਿੱਤਾ ਹੈ। ਡਿਪਟੀ ਕਮਿਸ਼ਨਰ ਡਾ. ਹਿਮਾਂਸ਼ੂ ਅਗਰਵਾਲ, ਸੀਨੀਅਰ ਆਪ ਆਗੂ ਨਿਤਿਨ ਕੋਹਲੀ ਦੇ ਨਾਲ ਕੈਬਨਿਟ ਮੰਤਰੀ ਨੇ ਕਿਹਾ ਕਿ ਇਹ ਪ੍ਰੋਜੈਕਟ ਮੁੱਖ ਮੰਤਰੀ ਪੰਜਾਬ ਸ.ਭਗਵੰਤ ਸਿੰਘ ਮਾਨ ਵਲੋਂ ਸੂਬੇ ਦੀ ਭਲਾਈ ਅਤੇ ਖੇਡ ਸਭਿਆਚਾਰ ਨੂੰ ਹੋਰ ਪ੍ਰਫੁੱਲਿਤ ਕਰਨ ਦੇ ਦ੍ਰਿਸ਼ਟੀਕੋਨ ਦਾ ਹਿੱਸਾ ਹੈ, ਜਿਸ ਨਾਲ ਨੌਜਵਾਨ ਪੀੜ੍ਹੀ ਨੂੰ ਉਸਾਰੂ ਗਤੀਵਿਧੀਆਂ ਵਿੱਚ ਸ਼ਾਮਿਲ ਕੀਤਾ ਜਾ ਸਕੇਗਾ।
ਇਸ ਮੌਕੇ ਬੋਲਦਿਆਂ ਕੈਬਨਿਟ ਮੰਤਰੀ ਮੋਹਿੰਦਰ ਭਗਤ ਨੇ ਪ੍ਰਸ਼ਾਸਨ ਦੁਆਰਾ ਕੀਤੇ ਗਏ ਯਤਨਾਂ ਦੀ ਭਰਪੂਰ ਸ਼ਲਾਘਾ ਕਰਦਿਆਂ ਕਿਹਾ ਕਿ ਇਹ ਨਵੀਂ ਸਹੂਲਤ ਜਿਥੇ ਸਰੀਰਿਕ ਤੰਦਰੁਸਤੀ ਨੂੰ ਉਤਸ਼ਾਹਿਤ ਕਰੇਗੀ, ਉਥੇ ਹੀ ਨੌਜਵਾਨਾਂ ਨੂੰ ਖੇਡ ਗਤੀਵਿਧੀਆਂ ਨਾਲ ਜੋੜ ਕੇ ਨਸ਼ਿਆਂ ਤੋਂ ਦੂਰ ਰੱਖਣ ਵਿੱਚ ਵੀ ਮਦਦਗਾਰ ਭੂਮਿਕਾ ਨਿਭਾਏਗੀ। ਉਨ੍ਹਾਂ ਕਿਹਾ ਕਿ ਆਉਣ ਵਾਲੇ ਦਿਨਾਂ ਵਿੱਚ ਅਜਿਹੇ ਹੋਰ ਪ੍ਰੋਜੈਕਟ ਸ਼ਹਿਰ ਵਿੱਚ ਲਿਆਂਦੇ ਜਾਣਗੇ। ਉਨ੍ਹਾਂ ਸਮਾਜ ਵਿੱਚੋਂ ਨਸ਼ਿਆਂ ਦੀ ਲਾਹਨਤ ਨੂੰ ਖ਼ਤਮ ਕਰਨ ਲਈ ਪੰਜਾਬ ਸਰਕਾਰ ਦੀ ਵਚਨਬੱਧਤਾ ਨੂੰ ਵੀ ਦੁਹਰਾਇਆ। ਉਨ੍ਹਾਂ ਕਿਹਾ ਕਿ ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਰੱਖਣ ਲਈ ਅਜਿਹੇ ਕ੍ਰਾਂਤੀਕਾਰੀ ਉਪਰਾਲਿਆਂ ਲਈ ਫੰਡਾਂ ਦੀ ਕੋਈ ਕਮੀ ਨਹੀਂ ਹੈ।
ਡਿਪਟੀ ਕਮਿਸ਼ਨਰ ਡਾ. ਹਿਮਾਂਸ਼ੂ ਅਗਰਵਾਲ ਜਿਨ੍ਹਾਂ ਵਲੋਂ ਸਾਰੇ ਪ੍ਰੋਜੈਕਟ ਦੀ ਨਿਗਰਾਨੀ ਕੀਤੀ ਗਈ, ਨੇ ਕਿਹਾ ਕਿ ਬਾਕਸ ਕ੍ਰਿਕਟ ਦੀ ਸਹੂਲਤ ਵਿਦਿਆਰਥੀਆਂ, ਦਫ਼ਤਰ ਜਾਣ ਵਾਲਿਆਂ ਅਤੇ ਸਥਾਨਕ ਵਾਸੀਆਂ ਨੂੰ ਵੇਹਲੇ ਸਮੇਂ ਖੇਡ ਦੀ ਸਹੂਲਤ ਮੁਹੱਈਆ ਕਰਵਾਏਗੀ। ਉਨ੍ਹਾਂ ਦੱਸਿਆ ਕਿ ਸ਼ਾਮ ਦੇ ਮੈਚਾਂ ਲਈ ਰੌਸ਼ਨੀ ਆਦਿ ਦੇ ਪੁਖ਼ਤਾ ਪ੍ਰਬੰਧ ਕੀਤੇ ਗਏ ਹਨ ।
ਇਸ ਮੌਕੇ ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਨਿਤਿਨ ਕੋਹਲੀ ਵਲੋਂ ਇਸ ਉਪਰਾਲੇ ਨੂੰ ‘ਯੁੱਧ ਨਸ਼ਿਆਂ ਵਿਰੁੱਧ’ ਮੁਹਿੰਮ ਤਹਿਤ ਮੀਲ ਦਾ ਪੱਥਰ ਕਰਾਰ ਦਿੱਤਾ ਗਿਆ। ਉਨ੍ਹਾਂ ਦੱਸਿਆ ਕਿ ਅਜਿਹੇ ਕ੍ਰਾਂਤੀਕਾਰੀ ਉਪਰਾਲਿਆਂ ਨਾਲ ਸ਼ਹਿਰੀ ਖੇਤਰਾਂ ਵਿੱਚ ਖੇਡਾਂ ਨੂੰ ਹੋਰ ਪ੍ਰਫੁੱਲਿਤ ਕਰਨ ਦੇ ਸ਼ਾਨਦਾਰ ਨਤੀਜੇ ਸਾਹਮਣੇ ਆਉਣਗੇ।
ਜ਼ਿਕਰਯੋਗ ਹੈ ਕਿ ਬਾਕਸ ਕ੍ਰਿਕਟ ਨੇ ਸ਼ਹਿਰੀ ਖੇਤਰ ਵਿੱਚ ਵੱਡੇ ਪੱਧਰ ਉਤੇ ਲੋਕਪ੍ਰਿਅਤਾ ਹਾਸਿਲ ਕੀਤੀ ਹੋਈ ਹੈ। ਆਪਣੀ ਕਿਸਮ ਦੀ ਇਹ ਪਹਿਲੀ ਸਹੂਲਤ ਸ਼ੁਰੂ ਕਰਨ ਨਾਲ ਜਲੰਧਰ ਜ਼ਮੀਨੀ ਪੱਧਰ ਉਤੇ ਖੇਡ ਸਭਿਆਚਾਰ ਨੂੰ ਹੋਰ ਉਤਸ਼ਾਹਿਤ ਕਰਨ ਵਿੱਚ ਮੋਹਰੀ ਭੂਮਿਕਾ ਨਿਭਾਅ ਰਿਹਾ ਹੈ।

















































