ਡਿਪਟੀ ਕਮਿਸ਼ਨਰ ਵਲੋਂ ਪੀ ਏ ਪੀ ਚੌਂਕ ਵਿਖੇ ਵਾਧੂ ਅਟੈਚਮੈਂਟ ਸਬੰਧੀ ਪ੍ਰਗਤੀ ਦਾ ਜਾਇਜ਼ਾ – ਜੰਗੀ ਪੱਧਰ ਤੇ ਕੰਮ ਕਰਨ ਦੇ ਨਿਰਦੇਸ਼

ਜਲੰਧਰ, 18 ਜੁਲਾਈ :- ਡਿਪਟੀ ਕਮਿਸ਼ਨਰ ਡਾ. ਹਿਮਾਂਸ਼ੂ ਅਗਰਵਾਲ ਵੱਲੋਂ ਅੱਜ ਪੀ.ਏ.ਪੀ. ਚੌਂਕ ਵਿਖੇ ਆਵਾਜਾਈ ਨੂੰ ਸੁਚਾਰੂ ਬਣਾਉਣ ਤੇ ਵਿਸ਼ੇਸ਼ ਕਰਕੇ ਜਲੰਧਰ ਤੋਂ ਅੰਮ੍ਰਿਤਸਰ ਜਾਣ ਵਾਲੇ ਲੋਕਾਂ ਲਈ ਵਾਧੂ ਅਟੈਚਮੈਂਟ ਬਣਾਉਣ ਲਈ ਪ੍ਰਗਤੀ ਦਾ ਜਾਇਜ਼ਾ ਲਿਆ ਗਿਆ ।

ਉਨ੍ਹਾਂ ਵਿਸਥਾਰ ਵਿੱਚ ਕੌਮੀ ਹਾਈਵੇ ਅਥਾਰਟੀ, ਲੋਕ ਨਿਰਮਾਣ ਵਿਭਾਗ ਆਦਿ ਦੇ ਅਧਿਕਾਰੀਆਂ ਨਾਲ ਮੀਟਿੰਗ ਦੌਰਾਨ ਕਿਹਾ ਕਿ ਇਸ ਪ੍ਰਾਜੈਕਟ ਨੂੰ ਰੂਪਮਾਨ ਕਰਨ ਲਈ ਜੰਗੀ ਪੱਧਰ ਉੱਪਰ ਕੰਮ ਕੀਤਾ ਜਾਵੇ ।

ਡਾ. ਅਗਰਵਾਲ ਨੇ ਪੀ.ਏ.ਪੀ. ਚੌਕ ਦੇ ਨਾਲ ਸਰਵਿਸ ਲੇਨ ’ਤੇ ਇਸ ਪ੍ਰਾਜੈਕਟ ਲਈ ਬਿਜਲੀ ਦੀਆਂ ਤਾਰਾਂ ਹਟਾਉਣ ਸਮੇਤ ਹੋਰ ਬੁਨਿਆਂਦੀ ਢਾਂਚੇ ਨਾਲ ਸਬੰਧਤ ਲੋੜੀਂਦੀਆਂ ਜ਼ਰੂਰਤਾਂ ਸਬੰਧੀ ਜਲਦ ਤੋਂ ਜਲਦ ਰਿਪੋਰਟ ਤਿਆਰ ਕਰ ਕੇ ਦੇਣ ਲਈ ਕਿਹਾ ਤਾਂ ਜੋ ਇਸ ਸਬੰਧੀ ਅਗਲੇਰੀ ਕਰਵਾਈ ਅਮਲ ਵਿੱਚ ਲਿਆਂਦੀ ਜਾ ਸਕੇ।

ਰਿਪੋਰਟ ਸਮੇਂ ਸਿਰ ਪੇਸ਼ ਕਰਨ ਦੀ ਅਹਿਮੀਅਤ ’ਤੇ ਜ਼ੋਰ ਦਿੰਦਿਆਂ ਡਾ. ਅਗਰਵਾਲ ਨੇ ਕਿਹਾ ਕਿ ਇਸ ਰਿਪੋਰਟ ਦੇ ਆਧਾਰ ’ਤੇ ਪ੍ਰਾਜੈਕਟ ਸਬੰਧੀ ਅਗਲੀ ਕਾਰਵਾਈ ਵਿੱਢੀ ਜਾਵੇਗੀ। ਉਨ੍ਹਾਂ ਕਿਹਾ ਕਿ ਇਸ ਪੁਆਇੰਟ ’ਤੇ ਟ੍ਰੈਫਿਕ ਦਿੱਕਤਾਂ ਨੂੰ ਦੂਰ ਕਰਨਾ ਸਮੇਂ ਦੀ ਵੱਡੀ ਲੋੜ ਹੈ ਅਤੇ ਇਸ ਅਟੈਚਮੈਂਟ ਦੇ ਬਣਨ ਨਾਲ ਯਾਤਰੀਆਂ ਦੀ ਸ਼ਹਿਰ ਤੋਂ ਅੰਮ੍ਰਿਤਸਰ ਵੱਲ ਪਹੁੰਚ ਆਸਾਨ ਹੋਣ ਦੇ ਨਾਲ-ਨਾਲ ਰਾਮਾ ਮੰਡੀ ਵਿਖੇ ਟ੍ਰੈਫਿਕ ਜਾਮ ਦੀ ਸਮੱਸਿਆ ਤੋਂ ਵੀ ਨਿਜਾਤ ਮਿਲੇਗੀ।

ਡਿਪਟੀ ਕਮਿਸ਼ਨਰ ਦੇ ਨਿਰਦੇਸ਼ਾਂ ’ਤੇ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀਆਂ ਵੱਲੋਂ ਸਾਂਝੇ ਤੌਰ ’ਤੇ ਪੀ.ਏ.ਪੀ. ਚੌਕ ਦਾ ਦੌਰਾ ਵੀ ਕੀਤਾ ਗਿਆ, ਜਿਥੇ ਵਾਧੂ ਅਟੈਚਮੈਂਟ ਬਣਾਉਣ ਤਜਵੀਜ਼ ਵਿਚਾਰ ਅਧੀਨ ਹੈ ਤਾਂ ਜੋ ਸ਼ਹਿਰ ਤੋਂ ਅੰਮ੍ਰਿਤਸਰ ਜਾਣ ਵਾਲੇ ਯਾਤਰੀਆਂ ਦੀ ਆਵਾਜਾਈ ਨੂੰ ਸੁਖਾਲਾ ਬਣਾਇਆ ਜਾ ਸਕੇ।

ਇਸ ਦੌਰਾਨ ਡਿਪਟੀ ਕਮਿਸ਼ਨਰ ਨੇ ਅਧਿਕਾਰੀਆਂ ਨੂੰ ਜਲੰਧਰ ਵਿਖੇ ਪੁਲਾਂ ਹੇਠਾਂ ਸਪੋਰਟਸ ਕੋਰਟ ਬਣਾਉਣ ਦੀਆਂ ਸੰਭਾਵਨਾਵਾਂ ਤਲਾਸ਼ਣ ਲਈ ਵੀ ਕਿਹਾ। ਉਨ੍ਹਾਂ ਕਿਹਾ ਕਿ ਇਸ ਨਾਲ ਜਿਥੇ ਲੋਕਾਂ ਖਾਸ ਕਰ ਨੌਜਵਾਨ ਪੀੜ੍ਹੀ ਨੂੰ ਖੇਡਾਂ ਨਾਲ ਜੋੜਨ ਵਿੱਚ ਮਦਦ ਮਿਲੇਗੀ ਉਥੇ ਪੁਲਾਂ ਹੇਠਾਂ ਸਾਫ-ਸਫਾਈ ਵੀ ਯਕੀਨੀ ਬਣੇਗੀ। ਉਨ੍ਹਾਂ ਅਧਿਕਾਰੀਆਂ ਨੂੰ ਇਸ ਸਬੰਧੀ ਸਰਵੇਖਣ ਕਰਕੇ ਵਿਸਥਾਰਤ ਰਿਪੋਰਟ ਤਿਆਰ ਕਰਨ ਦੀਆਂ ਹਦਾਇਤਾਂ ਵੀ ਦਿੱਤੀਆਂ।

ਮੀਟਿੰਗ ਦੌਰਾਨ ਐਸ.ਡੀ.ਐਮ. ਜੈ ਇੰਦਰ ਸਿੰਘ, ਏ.ਸੀ.ਪੀ. ਟ੍ਰੈਫਿਕ ਜਲੰਧਰ ਆਤਿਸ਼ ਭਾਟੀਆ, ਡੀ.ਐਸ.ਪੀ. ਪੀ.ਏ.ਪੀ. ਵਰਿੰਦਰ ਸਿੰਘ, ਐਕਸੀਅਨ ਨਗਰ ਨਿਗਮ ਜਲੰਧਰ ਜਸਪਾਲ ਤੋਂ ਇਲਾਵਾ ਲੋਕ ਨਿਰਮਾਣ, ਪਾਵਰਕਾਮ ਅਤੇ ਨੈਸ਼ਨਲ ਹਾਈਵੇ ਅਥਾਰਟੀ ਆਫ਼ ਇੰਡੀਆ ਦੇ ਅਧਿਕਾਰੀ ਵੀ ਮੌਜੂਦ ਸਨ।

ਕੈਪਸ਼ਨ: ਡਿਪਟੀ ਕਮਿਸ਼ਨਰ ਡਾ. ਹਿਮਾਂਸ਼ੂ ਅਗਰਵਾਲ ਪੀ.ਏ.ਪੀ. ਚੌਕ ਵਿਖੇ ਵਾਧੂ ਅਟੈਚਮੈਂਟ ਸਬੰਧੀ ਅਧਿਕਾਰੀਆਂ ਨਾਲ ਮੀਟਿੰਗ ਕਰਦੇ ਹੋਏ।

ਕੈਪਸ਼ਨ : ਐਸ.ਡੀ.ਐਮ. ਜੈ ਇੰਦਰ ਸਿੰਘ ਹੋਰਨਾਂ ਅਧਿਕਾਰੀਆਂ ਸਮੇਤ ਪੀ.ਏ.ਪੀ. ਚੌਕ ਦਾ ਦੌਰਾ ਕਰਦੇ ਹੋਏ।

Leave a Comment

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।

Scroll to Top