ਡਿਪਟੀ ਕਮਿਸ਼ਨਰ ਵੱਲੋਂ ਗਿਣਤੀ ਕੇਂਦਰਾਂ ਦਾ ਦੌਰਾ, ਈ.ਵੀ.ਐਮਜ਼ ਦੀ ਸੁਰੱਖਿਆ ਦਾ ਲਿਆ ਜਾਇਜ਼ਾ, 4 ਜੂਨ ਨੂੰ ਸਵੇਰੇ 8 ਵਜੇ ਸ਼ੁਰੂ ਹੋਵੇਗੀ ਗਿਣਤੀ

ਜਲੰਧਰ, 3 ਜੂਨ :- ਡਿਪਟੀ ਕਮਿਸ਼ਨਰ-ਕਮ-ਜ਼ਿਲ੍ਹਾ ਚੋਣ ਅਫ਼ਸਰ ਡਾ. ਹਿਮਾਂਸ਼ੂ ਅਗਰਵਾਲ ਨੇ ਅੱਜ ਸਥਾਨਕ ਸਰਕਾਰੀ ਆਰਟਸ ਤੇ ਸਪੋਰਟਸ ਕਾਲਜ, ਸਟੇਟ ਪਟਵਾਰ ਸਕੂਲ, ਦਫ਼ਤਰ ਡਾਇਰੈਕਟਰ ਲੈਂਡ ਰਿਕਾਰਡ ਅਤੇ ਸਰਕਾਰੀ ਸਪੋਰਟਸ ਸਕੂਲ ਹੋਸਟਲ ਵਿਖੇ ਸਥਾਪਤ ਕੀਤੇ ਗਏ ਗਿਣਤੀ ਕੇਂਦਰਾਂ ਦਾ ਦੌਰਾ ਕੀਤਾ, ਜਿਥੇ ਕੱਲ 4 ਜੂਨ ਨੂੰ ਲੋਕ ਸਭਾ ਹਲਕਾ 04-ਜਲੰਧਰ (ਅ.ਜ) ਦੀ ਚੋਣ ਲਈ ਪਈਆਂ ਵੋਟਾਂ ਦੀ ਗਿਣਤੀ ਹੋਵੇਗੀ।
ਡਿਪਟੀ ਕਮਿਸ਼ਨਰ ਨੇ ਸਾਰੇ 9 ਗਿਣਤੀ ਕੇਂਦਰਾਂ ਦਾ ਦੌਰਾ ਕਰਦਿਆਂ ਪ੍ਰਬੰਧਾਂ ਨੂੰ ਅੰਤਿਮ ਰੂਪ ਦਿੱਤਾ। ਉਨ੍ਹਾਂ ਕਿਹਾ ਕਿ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਲੋਕ ਸਭਾ ਚੋਣਾਂ ਲਈ ਵੋਟਾਂ ਦੀ ਗਿਣਤੀ ਨੂੰ ਸੁਚੱਜੇ ਢੰਗ ਨਾਲ ਨੇਪਰੇ ਚਾੜ੍ਹਨ ਲਈ ਸਮੁੱਚੇ ਲੋੜੀਂਦੇ ਪ੍ਰਬੰਧ ਯਕੀਨੀ ਬਣਾਏ ਗਏ ਹਨ। ਉਨ੍ਹਾਂ ਨੇ ਕਿਹਾ ਕਿ ਸੁਰੱਖਿਆ ਅਤੇ ਵੋਟਾਂ ਦੀ ਗਿਣਤੀ ਲਈ ਸਿਵਲ ਅਤੇ ਪੁਲਿਸ ਪ੍ਰਸ਼ਾਸਨ ਵੱਲੋਂ ਪੁਖ਼ਤਾ ਪ੍ਰਬੰਧ ਕੀਤੇ ਗਏ ਹਨ ਅਤੇ ਸਮੁੱਚੀ ਪ੍ਰਕਿਰਿਆ ਨੂੰ ਸ਼ਾਂਤੀਪੂਰਵਕ ਨੇਪਰੇ ਚਾੜ੍ਹਨ ਲਈ ਕੋਈ ਕਸਰ ਨਹੀਂ ਛੱਡੀ ਜਾਵੇਗੀ।
ਵੋਟਿੰਗ ਮਸ਼ੀਨਾਂ ਦੀ ਸੁਰੱਖਿਆ ਦਾ ਜਾਇਜ਼ਾ ਲੈਂਦਿਆਂ ਉਨ੍ਹਾਂ ਕਿਹਾ ਕਿ ਈ.ਵੀ.ਐਮ ਅਤੇ ਵੀਵੀ ਪੈਟ ਮਸ਼ੀਨਾਂ ਲਗਾਤਾਰ ਸੀ.ਸੀ.ਟੀ.ਵੀ. ਕੈਮਰਿਆਂ ਦੀ ਨਿਗਰਾਨੀ ਹੇਠ ਹਨ ਅਤੇ ਸੂਬਾ ਪੁਲਿਸ, ਪੰਜਾਬ ਆਰਮਡ ਪੁਲਿਸ ਅਤੇ ਪੈਰਾ ਮਿਲਟਰੀ ਫੋਰਸ ਵੱਲੋਂ ਵੋਟਿੰਗ ਮਸ਼ੀਨਾਂ ਨੂੰ ਤਿੰਨ-ਪਰਤੀ ਸੁਰੱਖਿਆ ਪ੍ਰਦਾਨ ਕੀਤੀ ਜਾ ਰਹੀ ਹੈ।ਇਸੇ ਤਰ੍ਹਾਂ ਗਿਣਤੀ ਹਾਲਾਂ ਦੇ ਬਾਹਰ ਅਮਨ-ਕਾਨੂੰਨ ਦੀ ਸਥਿਤੀ ਯਕੀਨੀ ਬਣਾਉਣ ਲਈ ਰੈਪਿਡ ਐਕਸ਼ਨ ਫੋਰਸ, ਕੁਇੱਕ ਰਿਸਪਾਂਸ ਟੀਮ ਅਤੇ ਦੰਗਾ ਕੰਟਰੋਲ ਵਾਹਨ ਆਦਿ ਤਾਇਨਾਤ ਕੀਤੇ ਗਏ ਹਨ। ਉਨ੍ਹਾਂ ਕਿਹਾ ਕਿ ਅਮਨ-ਕਾਨੂੰਨ ਨੂੰ ਹਰ ਕੀਮਤ ‘ਤੇ ਬਰਕਰਾਰ ਰੱਖਣ ਲਈ ਸਖ਼ਤ ਚੌਕਸੀ ਰੱਖੀ ਜਾ ਰਹੀ ਹੈ।
ਜ਼ਿਕਰਯੋਗ ਹੈ ਕਿ ਵੋਟਾਂ ਦੀ ਗਿਣਤੀ ਸਵੇਰੇ 8 ਵਜੇ ਤੋਂ ਸਾਰੇ ਗਿਣਤੀ ਹਾਲਾਂ ਵਿੱਚ ਇੱਕੋ ਸਮੇਂ ਹੋਵੇਗੀ।
ਉਨ੍ਹਾਂ ਦੱਸਿਆ ਕਿ ਫਿਲੌਰ ਵਿਧਾਨ ਸਭਾ ਹਲਕੇ ਲਈ ਗਿਣਤੀ ਕੇਂਦਰ ਸਰਕਾਰੀ ਆਰਟਸ ਐਂਡ ਸਪੋਰਟਸ ਕਾਲਜ, ਕਪੂਰਥਲਾ ਰੋਡ ਦੀ ਜ਼ਮੀਨੀ ਮੰਜ਼ਿਲ ’ਤੇ ਮੈਸ ਹਾਲ ਵਿੱਚ ਬਣਾਇਆ ਗਿਆ ਹੈ।
ਇਸੇ ਤਰ੍ਹਾਂ ਸਟੇਟ ਪਟਵਾਰ ਸਕੂਲ ਦਾ ਹਾਲ ਨੰਬਰ ਦੋ ਵਿਧਾਨ ਸਭਾ ਹਲਕਾ ਨਕੋਦਰ ਦਾ ਗਿਣਤੀ ਕੇਂਦਰ ਹੋਵੇਗਾ। ਦਫ਼ਤਰ, ਡਾਇਰੈਕਟਰ ਲੈਂਡ ਰਿਕਾਰਡ ਸੁਸਾਇਟੀ ਵਿਖੇ ਜ਼ਮੀਨੀ ਮੰਜ਼ਿਲ ‘ਤੇ ਹਾਲ ਅਤੇ ਸਪੋਰਟਸ ਕਾਲਜ ਦੇ ਇਨਡੋਰ ਸਟੇਡੀਅਮ ਦੇ ਹਾਲ ਵਿਖੇ ਕ੍ਰਮਵਾਰ ਸ਼ਾਹਕੋਟ ਅਤੇ ਕਰਤਾਰਪੁਰ ਵਿਧਾਨ ਸਭਾ ਹਲਕਿਆਂ ਲਈ ਗਿਣਤੀ ਕੇਂਦਰ ਹੋਣਗੇ।
ਇਸ ਤੋਂ ਇਲਾਵਾ ਸਪੋਰਟਸ ਕਾਲਜ ਦੇ ਜਿਮਨੇਜ਼ੀਅਮ ਹਾਲ ਵਿਖੇ ਜਲੰਧਰ ਪੱਛਮੀ, ਸਟੇਟ ਪਟਵਾਰ ਸਕੂਲ ਦੇ ਹਾਲ ਨੰਬਰ 1 ਵਿੱਚ ਜਲੰਧਰ ਕੇਂਦਰੀ, ਸਪੋਰਟਸ ਸਕੂਲ ਹੋਸਟਲ ਦੇ ਡਾਈਨਿੰਗ ਹਾਲ ਵਿਖੇ ਜਲੰਧਰ ਉੱਤਰੀ, ਸਰਕਾਰੀ ਆਰਟਸ ਐਂਡ ਸਪੋਰਟਸ ਕਾਲਜ ਦੇ ਪੈਵੀਲੀਅਨ ਹਾਲ ਵਿੱਚ ਜਲੰਧਰ ਛਾਉਣੀ ਅਤੇ ਸਰਕਾਰੀ ਸਪੋਰਟਸ ਕਾਲਜ ਦੇ ਇਨਡੋਰ ਸਟੇਡੀਅਮ ਦੇ ਖੱਬੇ ਪਾਸੇ ਹਾਲ ਵਿੱਚ ਆਦਮਪੁਰ ਹਲਕੇ ਲਈ ਗਿਣਤੀ ਕੇਂਦਰ ਸਥਾਪਤ ਕੀਤੇ ਗਏ ਹਨ।

Leave a Comment

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।

Scroll to Top