ਜਲੰਧਰ, 23 ਅਪ੍ਰੈਲ(ਬਿਊਰੋ ਰਿਪੋਰਟ)- ਸਹਾਇਕ ਕਮਿਸ਼ਨਰ (ਆਬਕਾਰੀ) ਜਲੰਧਰ ਰੇਂਜ ਵੈਸਟ ਨਵਜੀਤ ਸਿੰਘ ਨੇ ਦੱਸਿਆ ਕਿ ਚੋਣ ਕਮਿਸ਼ਨ ਦੀਆਂ ਹਦਾਇਤਾਂ ’ਤੇ ਆਬਕਾਰੀ ਵਿਭਾਗ ਵਲੋਂ ਨਜ਼ਾਇਜ਼ ਸ਼ਰਾਬ ਦੇ ਖਿਲਾਫ਼ ਸ਼ੁਰੂ ਕੀਤੀ ਗਈ ਮੁਹਿੰਮ ਤਹਿਤ ਦਰਿਆ ਸਤਲੁਜ ਦੇ ਨਾਲ ਲੱਗਦੇ 15 ਕਿਲੋਮੀਟਰ ਦੇ ਖੇਤਰ ਵਿੱਚ ਬਾਰੀਕੀ ਨਾਲ ਤਲਾਸ਼ੀ ਅਭਿਆਨ ਚਲਾਇਆ ਗਿਆ।
ਸਹਾਇਕ ਕਮਿਸ਼ਨਰ(ਆਬਕਾਰੀ) ਨਵਜੀਤ ਸਿੰਘ ਨੇ ਅੱਗੇ ਦੱਸਿਆ ਕਿ ਉਪ ਕਮਿਸ਼ਨਰ (ਆਬਕਾਰੀ) ਜਲੰਧਰ ਜ਼ੋਨ ਸੁਰਿੰਦਰ ਕੁਮਾਰ ਗਰਗ ਦੀ ਅਗਵਾਈ ਵਿੱਚ ਛਾਪੇਮਾਰੀ ਕੀਤੀ ਗਈ। ਉਨ੍ਹਾਂ ਦੱਸਿਆÇ ਕ ਆਬਕਾਰੀ ਅਫ਼ਸਰ ਸੁਨੀਲ ਗੁਪਤਾ ਅਤੇ ਆਬਕਾਰੀ ਨਿਰੀਖਕ ਸਾਹਿਲ ਰੰਗਾ, ਸਰਵਨ ਸਿੰਘ ਢਿਲੋਂ ਅਤੇ ਹਰਪ੍ਰੀਤ ਸਿੰਘ ਵਲੋਂ ਸਤਲੁਜ ਦਰਿਆ ਦੇ ਨਾਲ ਲੱਗਦੇ ਪਿੰਡ ਵੇਹਰਾਂ, ਭੋਡੇ, ਗਦਰੇ, ਬੁਰਜ, ਸੰਘੋਵਾਲ ਅਤੇ ਮਾਊ ਸਾਹਿਬ ਆਦਿ ਖੇਤਰਾਂ ਵਿੱਚ ਤਲਾਸ਼ੀ ਅਭਿਆਨ ਚਲਾਕੇ 15 ਤਰਪਾਲਾਂ ਵਿੱਚ ਲਗਭਗ 18000 ਲੀਟਰ ਲਾਹਨ ਫੜੀ ਗਈ ਅਤੇ ਮੌਕੇ ’ਤੇ ਹੀ ਸੁੱਕੇ ਥਾਂ ’ਤੇ ਇਸ ਨੂੰ ਨਸ਼ਟ ਕਰ ਦਿੱਤਾ ਗਿਆ। ਉਨ੍ਹਾਂ ਦੱਸਿਆ ਕਿ ਇਹ ਲਾਹਨ ਦਰਿਆ ਦੇ ਪਾਣੀ ਵਿੱਚ ਛੁਪਾ ਕੇ ਰੱਖੀ ਹੋਈ ਸੀ।
ਉਨ੍ਹਾਂ ਦੱਸਿਆ ਕਿ ਨਜ਼ਾਇਜ ਸ਼ਰਾਬ ਦੇ ਕਾਰੋਬਾਰੀਆਂ ਨੂੰ ਕਿਸੇ ਵੀ ਕੀਮਤ ’ਤੇ ਬਖਸ਼ਿਆ ਨਹੀਂ ਜਾਵੇਗਾ। ਉਨ੍ਹਾਂ ਨੇ ਲੋਕਾਂ ਨੂੰ ਵੀ ਅਪੀਲ ਕੀਤੀ ਕਿ ਇਸ ਲਾਹਨ ਤੋਂ ਬਣੀ ਸ਼ਰਾਬ ਦਾ ਸੇਵਨ ਨਾ ਕਰਨ ਕਿਉਂਕਿ ਇਸ ਦੀ ਕੋਈ ਡਿਗਰੀ ਨਹੀਂ ਹੁੰਦੀ ਅਤੇ ਇਸ ਦੇ ਸੇਵਨ ਨਾਲ ਜਾਨੀ ਨੁਕਸਾਨ ਵੀ ਹੋ ਸਕਦਾ ਹੈ। ਉਨ੍ਹਾਂ ਇਹ ਵੀ ਦੱਸਿਆ ਕਿ ਭਵਿੱਖ ਵਿੱਚ ਇਸ ਤਲਾਸ਼ੀ ਅਭਿਆਨ ਨੂੰ ਹੋਰ ਤੇਜ਼ ਕੀਤਾ ਜਾਵੇਗਾ ਅਤੇ ਨਜਾਇਜ਼ ਸ਼ਰਾਬ ਦੇ ਕਾਰੋਬਾਰ ਵਿੱਚ ਲਿਪਤ ਕਿਸੇ ਵੀ ਵਿਅਕਤੀ ਖਿਲਾਫ਼ ਸਖ਼ਤ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ।