ਜਲੰਧਰ, 29 ਮਾਰਚ : ਜਲੰਧਰ ਦਿਹਾਤੀ ਪੁਲਿਸ ਵੱਲੋਂ ਗੋਲਡੀ ਬਰਾੜ ਦੇ ਨਾਮ ‘ਤੇ ਇੱਕ ਐਨ.ਆਰ.ਆਈ. ਬਜ਼ੁਰਗ ਜੋੜੇ ਤੋਂ 2 ਕਰੋੜ ਰੁਪਏ ਦੀ ਫਿਰੋਤੀ ਮੰਗਣ ਵਾਲੇ 2 ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰਨ ਵਿੱਚ ਸਫ਼ਲਤਾ ਹਾਸਲ ਕੀਤੀ ਗਈ ਹੈ।
ਸੀਨੀਅਰ ਪੁਲਿਸ ਕਪਤਾਨ ਜਲੰਧਰ (ਦਿਹਾਤੀ) ਹਰਵਿੰਦਰ ਸਿੰਘ ਵਿਰਕ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਅਤੇ ਸਮਾਜ ਵਿਰੋਧੀ ਤੱਤਾਂ ਤੇ ਰੰਗਦਾਰੀ ਮੰਗਣ ਵਾਲਿਆਂ ਖ਼ਿਲਾਫ਼ ਚਲਾਈ ਜਾ ਰਹੀ ਵਿਸ਼ੇਸ਼ ਮੁਹਿੰਮ ਤਹਿਤ ਪੁਲਿਸ ਕਪਤਾਨ (ਤਫਤੀਸ਼) ਵਿਨੀਤ ਅਹਲਾਵਤ, ਉਪ ਪੁਲਿਸ ਕਪਤਾਨ, ਸਬ-ਡਵੀਜ਼ਨ ਨਕੋਦਰ ਉਂਕਾਰ ਸਿੰਘ ਬਰਾੜ ਅਤੇ ਡੀ.ਐਸ.ਪੀ (ਤਫਤੀਸ਼) ਇੰਦਰਜੀਤ ਸਿੰਘ ਦੀ ਦੇਖ-ਰੇਖ ਹੇਠ ਇੱਕ ਵਿਸ਼ੇਸ਼ ਟੀਮ ਗਠਿਤ ਕੀਤੀ ਗਈ। ਇਸ ਟੀਮ ਵਿੱਚ ਸੀ.ਆਈ.ਏ. ਇੰਚਾਰਜ ਇੰਸਪੈਕਟਰ ਪੁਸ਼ਪ ਬਾਲੀ ਅਤੇ ਸਬ-ਇੰਸਪੈਕਟਰ ਦਿਲਬਾਗ ਸਿੰਘ, ਮੁੱਖ ਅਫ਼ਸਰ ਥਾਣਾ ਸਦਰ ਨਕੋਦਰ ਵੀ ਸ਼ਾਮਲ ਸਨ।
ਟੀਮ ਵੱਲੋਂ ਆਧੁਨਿਕ, ਮਨੁੱਖੀ ਅਤੇ ਟੈਕਨੀਕਲ ਢੰਗਾਂ ਦੀ ਵਰਤੋਂ ਕਰਦੇ ਹੋਏ ਪਿੰਡ ਸ਼ੰਕਰ ਵਿੱਚ ਰਹਿੰਦੇ ਇੱਕ ਐਨ.ਆਰ.ਆਈ. ਬਜ਼ੁਰਗ ਜੋੜੇ ਤੋਂ 2 ਕਰੋੜ ਰੁਪਏ ਦੀ ਫਿਰੋਤੀ ਮੰਗਣ ਵਾਲੇ 2 ਮੁਲਜ਼ਮਾਂ ਨੂੰ ਟ੍ਰੇਸ ਕਰਕੇ ਗ੍ਰਿਫਤਾਰ ਕੀਤਾ ਗਿਆ।
ਮੀਡੀਆ ਨੂੰ ਜਾਣਕਾਰੀ ਦਿੰਦਿਆਂ ਪੁਲਿਸ ਕਪਤਾਨ (ਤਫਤੀਸ਼) ਵਿਨੀਤ ਅਹਲਾਵਤ ਨੇ ਦੱਸਿਆ ਕਿ ਮਿਤੀ 21.03.2026 ਨੂੰ ਬਲਜਿੰਦਰ ਕੌਰ ਪਤਨੀ ਪਵਿੱਤਰ ਸਿੰਘ ਵਾਸੀ ਪਿੰਡ ਸ਼ੰਕਰ, ਥਾਣਾ ਸਦਰ ਨਕੋਦਰ ਨੇ ਦਰਖ਼ਾਸਤ ਦਿੱਤੀ ਕਿ ਮਿਤੀ 12.01.2026 ਨੂੰ ਕਰੀਬ 11:30 ਵਜੇ ਰਾਤ ਸਮੇਂ ਉਸਦੇ ਪਤੀ ਨੂੰ ਇੱਕ ਅਣਪਛਾਤੇ ਵਿਦੇਸ਼ੀ ਨੰਬਰ ਤੋਂ ਫੋਨ ਆਇਆ, ਜਿਸ ਵਿੱਚ ਕਾਲਰ ਨੇ ਆਪਣੇ ਆਪ ਨੂੰ ਗੋਲਡੀ ਬਰਾੜ ਗਰੁੱਪ ਨਾਲ ਸੰਬੰਧਿਤ ਦੱਸਦਿਆਂ 2 ਕਰੋੜ ਰੁਪਏ ਦੀ ਮੰਗ ਕੀਤੀ ਅਤੇ 10 ਦਿਨਾਂ ਵਿੱਚ ਪੈਸੇ ਤਿਆਰ ਰੱਖਣ ਲਈ ਕਿਹਾ, ਨਹੀਂ ਤਾਂ ਗੰਭੀਰ ਨਤੀਜਿਆਂ ਦੀ ਧਮਕੀ ਦਿੱਤੀ।
ਇਸ ਤੋਂ ਬਾਅਦ, ਮਿਤੀ 21.03.2026 ਨੂੰ ਉਸਦੇ ਪੁੱਤਰ ਰਣਜੀਤ ਸਿੰਘ, ਜੋ ਕਿ ਵਿਦੇਸ਼ ਵਿੱਚ ਰਹਿੰਦਾ ਹੈ, ਨੇ ਦੱਸਿਆ ਕਿ ਉਸਨੂੰ ਵੀ ਇੱਕ ਵਿਦੇਸ਼ੀ ਨੰਬਰ ਤੋਂ ਕਾਲ ਅਤੇ ਵਟਸਐਪ ਮੈਸੇਜ ਪ੍ਰਾਪਤ ਹੋਇਆ, ਜਿਸ ਵਿੱਚ ਇੱਕ ਦਿਨ ਵਿੱਚ 1.5 ਕਰੋੜ ਰੁਪਏ ਦੀ ਮੰਗ ਕੀਤੀ ਗਈ ਅਤੇ ਧਮਕੀ ਦਿੱਤੀ ਗਈ ਕਿ ਪਿੰਡ ਸ਼ੰਕਰ ਵਿੱਚ ਉਸਦੇ ਘਰ ‘ਤੇ ਗੋਲੀਆਂ ਚਲਾਈਆਂ ਜਾਣਗੀਆਂ। ਦੋਸ਼ੀਆਂ ਵੱਲੋਂ ਉਸਦੀ ਜਾਇਦਾਦ ਬਾਰੇ ਵੀ ਜਾਣਕਾਰੀ ਦਿੱਤੀ ਗਈ, ਜਿਸ ਵਿੱਚ ਇੱਕ ਫਾਰਚੂਨਰ ਗੱਡੀ ਅਤੇ ਵੱਡੀ ਕੋਠੀ ਦਾ ਜ਼ਿਕਰ ਸੀ।
ਇਸ ਸ਼ਿਕਾਇਤ ਦੇ ਆਧਾਰ ‘ਤੇ ਮੁਕੱਦਮਾ ਨੰਬਰ 53 ਮਿਤੀ 21.03.2026 ਅਧੀਨ ਧਾਰਾ 308(5), 3(5) ਬੀ.ਐਨ.ਐਸ. ਥਾਣਾ ਸਦਰ ਨਕੋਦਰ, ਜ਼ਿਲ੍ਹਾ ਜਲੰਧਰ ਵਿੱਚ ਦਰਜ ਕੀਤਾ ਗਿਆ।
ਤਫਤੀਸ਼ ਦੌਰਾਨ ਇਹ ਗੱਲ ਸਾਹਮਣੇ ਆਈ ਕਿ ਸ਼ਿਕਾਇਤਕਰਤਾ ਦਾ ਪੁੱਤਰ ਰਣਜੀਤ ਸਿੰਘ ਵਿਦੇਸ਼ ਵਿੱਚ ਰਹਿੰਦਾ ਹੈ, ਜਦਕਿ ਉਸਦੇ ਬਜ਼ੁਰਗ ਮਾਤਾ-ਪਿਤਾ ਪਿੰਡ ਸ਼ੰਕਰ ਵਿੱਚ ਰਹਿੰਦੇ ਹਨ। ਮੁਲਜ਼ਮ ਤੀਰਥ ਸਿੰਘ, ਜੋ ਕਿ ਸਹੁਰੇ ਪਰਿਵਾਰ ਵੱਲੋਂ ਰਿਸ਼ਤੇਦਾਰ ਹੈ ਅਤੇ ਕਨੇਡਾ ਦਾ ਵਸਨੀਕ ਹੈ, ਫਰਵਰੀ ਮਹੀਨੇ ਵਿੱਚ ਆਪਣੇ ਪਰਿਵਾਰ ਸਮੇਤ ਭਾਰਤ ਆਇਆ ਸੀ। ਉਸਨੇ ਜਸ਼ਨਦੀਪ ਸਿੰਘ ਉਰਫ ਜਸ਼ਨ, ਜੋ ਕਿ ਪਿੰਡ ਧਰਮਕੋਟ ਦਾ ਟੈਕਸੀ ਡਰਾਈਵਰ ਹੈ, ਨਾਲ ਮਿਲ ਕੇ ਸਾਜ਼ਿਸ਼ ਰਚੀ।
ਤੀਰਥ ਸਿੰਘ ਵੱਲੋਂ ਪੀੜਤ ਪਰਿਵਾਰ ਦੀ ਆਰਥਿਕ ਹਾਲਤ ਅਤੇ ਜਾਇਦਾਦ ਬਾਰੇ ਅੰਦਰੂਨੀ ਜਾਣਕਾਰੀ ਦਿੱਤੀ ਗਈ। ਮੁਲਜ਼ਮਾਂ ਨੇ ਧਮਕੀਆਂ ਦੇ ਕੇ ਪੈਸੇ ਵਸੂਲ ਕਰਨ ਦੀ ਯੋਜਨਾ ਬਣਾਈ। ਯੋਜਨਾ ਅਨੁਸਾਰ ਜਸ਼ਨਦੀਪ ਸਿੰਘ ਨੂੰ 25 ਲੱਖ ਰੁਪਏ ਅਤੇ ਤੀਰਥ ਸਿੰਘ ਨੂੰ 1.25 ਕਰੋੜ ਰੁਪਏ ਮਿਲਣੇ ਸਨ।
ਜਸ਼ਨਦੀਪ ਸਿੰਘ ਵੱਲੋਂ ਆਨਲਾਈਨ ਅੰਤਰਰਾਸ਼ਟਰੀ ਈ-ਸਿਮ (e-SIM) ਪ੍ਰਾਪਤ ਕਰਕੇ ਆਪਣੇ ਘਰ ਤੋਂ ਹੀ ਕਾਲਾਂ ਅਤੇ ਮੈਸੇਜ ਭੇਜੇ ਜਾਂਦੇ ਸਨ। ਤੀਰਥ ਸਿੰਘ, ਜੋ ਕਿ ਵਿਦੇਸ਼ ਵਿੱਚ ਟਰਾਂਸਪੋਰਟ ਦਾ ਚੰਗਾ ਕਾਰੋਬਾਰ ਕਰਦਾ ਹੈ, ਪੈਸੇ ਦੇ ਲਾਲਚ ਵਿੱਚ ਆ ਕੇ ਇਸ ਅਪਰਾਧ ਵਿੱਚ ਸ਼ਾਮਲ ਹੋ ਗਿਆ।
ਦੋਵੇਂ ਮੁਲਜ਼ਮਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ ਅਤੇ ਉਨ੍ਹਾਂ ਨੂੰ ਮਾਨਯੋਗ ਅਦਾਲਤ ਵਿੱਚ ਪੇਸ਼ ਕਰਕੇ ਪੁਲਿਸ ਰਿਮਾਂਡ ਹਾਸਲ ਕੀਤਾ ਜਾਵੇਗਾ, ਤਾਂ ਜੋ ਹੋਰ ਡੂੰਘਾਈ ਨਾਲ ਤਫਤੀਸ਼ ਕੀਤੀ ਜਾ ਸਕੇ।
ਦਰਜ ਮੁਕੱਦਮਾ
ਮੁਕੱਦਮਾ ਨੰਬਰ 53 ਮਿਤੀ 21.03.2026 ਅਧੀਨ ਧਾਰਾ 308(5), 3(5) ਬੀ.ਐਨ.ਐਸ. ਥਾਣਾ ਸਦਰ ਨਕੋਦਰ, ਜ਼ਿਲ੍ਹਾ ਜਲੰਧਰ
ਗ੍ਰਿਫਤਾਰ ਮੁਲਜ਼ਮਾਂ ਦੇ ਵੇਰਵੇ:
1. ਤੀਰਥ ਸਿੰਘ ਪੁੱਤਰ ਬਲਵਿੰਦਰ ਸਿੰਘ, ਵਾਸੀ ਬਹਾਦਰਪੁਰ, ਥਾਣਾ ਬਿਲਗਾ, ਜ਼ਿਲ੍ਹਾ ਜਲੰਧਰ।
2. ਜਸ਼ਨਦੀਪ ਸਿੰਘ ਉਰਫ ਜਸ਼ਨ ਪੁੱਤਰ ਅਮਰਜੀਤ ਸਿੰਘ, ਵਾਸੀ ਧਰਮਕੋਟ, ਥਾਣਾ ਸਦਰ ਨਵਾਂ ਸ਼ਹਿਰ, ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ।

















































