ਜਲੰਧਰ ਦਿਹਾਤੀ ਪੁਲਿਸ ਨੇ ਰਿਕਾਰਡ ਸਮੇਂ ‘ਚ ਸੁਲਝਾਇਆ ਨਕੋਦਰ ਕਤਲ ਕਾਂਡ ਦਾ ਮਾਮਲਾ, ਪਤੀ ਦੀ ਹੱਤਿਆ ਦੇ ਦੋਸ਼ ‘ਚ ਪਤਨੀ ਅਤੇ ਉਸ ਦਾ ਪ੍ਰੇਮੀ ਗ੍ਰਿਫਤਾਰ

ਜਲੰਧਰ, 28 ਦਸੰਬਰ, 2024:- ਜਲੰਧਰ ਦਿਹਾਤੀ ਪੁਲਿਸ ਨੇ ਇੱਕ ਵੱਡੀ ਸਫਲਤਾ ਹਾਸਲ ਕਰਦੇ ਹੋਏ ਰਿਕਾਰਡ ਸਮੇਂ ਵਿੱਚ ਇੱਕ ਕਤਲ ਕੇਸ ਨੂੰ ਸੁਲਝਾਉਂਦੇ ਹੋਏ ਮ੍ਰਿਤਕ ਦੀ ਪਤਨੀ ਅਤੇ ਉਸਦੇ ਪ੍ਰੇਮੀ ਨੂੰ ਉਸਦੇ ਪਤੀ ਦੇ ਕਤਲ ਦੀ ਸਾਜ਼ਿਸ਼ ਰਚਣ ਦੇ ਦੋਸ਼ ਵਿੱਚ ਗ੍ਰਿਫਤਾਰ ਕੀਤਾ ਹੈ। ਪੁਲੀਸ ਨੇ ਦੋਸ਼ੀਆਂ ਦੇ ਕਬਜ਼ੇ ਵਿੱਚੋਂ ਕਤਲ ਦਾ ਹਥਿਆਰ, ਇੱਕ ਤੇਜ਼ਧਾਰ ਦਾਤਰ ਅਤੇ ਦੋ ਮੋਟਰਸਾਈਕਲ ਵੀ ਬਰਾਮਦ ਕੀਤੇ ਹਨ।

ਫੜੇ ਗਏ ਮੁਲਜ਼ਮਾਂ ਦੀ ਪਛਾਣ ਨੀਰੂ ਬਾਲਾ ਪਤਨੀ ਮੁਕੇਸ਼ ਕੁਮਾਰ ਵਾਸੀ ਤਿਲਕ ਨਗਰ, ਜਲੰਧਰ ਅਤੇ ਉਸ ਦੇ ਪ੍ਰੇਮੀ ਹਰਪ੍ਰੀਤ ਸਿੰਘ ਉਰਫ ਹੈਪੀ ਪੁੱਤਰ ਸੋਮਨਾਥ ਵਾਸੀ ਈਦਗਾਹ ਮੁਹੱਲਾ, ਜਲੰਧਰ ਵਜੋਂ ਹੋਈ ਹੈ।

ਇਸ ਸਬੰਧੀ ਪ੍ਰੈਸ ਮੀਡੀਆ ਨਾਲ ਗੱਲਬਾਤ ਕਰਦਿਆਂ ਸੀਨੀਅਰ ਕਪਤਾਨ ਪੁਲਿਸ ਹਰਕਮਲ ਪ੍ਰੀਤ ਸਿੰਘ ਖੱਖ ਨੇ ਦੱਸਿਆ ਕਿ 20 ਦਸੰਬਰ 2024 ਨੂੰ ਮ੍ਰਿਤਕ ਮੁਕੇਸ਼ ਕੁਮਾਰ ਪੁੱਤਰ ਸਤਪਾਲ ਵਾਸੀ ਪਿੰਡ ਮੁੱਧ ਦੀ ਲਾਸ਼ ਪੁਲਿਸ ਸਟੇਸ਼ਨ ਸਦਰ ਨਕੋਦਰ ਦੇ ਅਧਿਕਾਰ ਖੇਤਰ ਅਧੀਨ ਪੈਂਦੇ ਪਿੰਡ ਮੂੰਡ ਨੇੜੇ ਅਲੂਆ ਇਲਾਕੇ ਤੋਂ ਮਿਲੀ ਸੀ। ਇਸ ਸਬੰਧੀ ਤੁਰੰਤ ਕਾਰਵਾਈ ਕਰਦੇ ਹੋਏ ਅਣਪਛਾਤੇ ਵਿਅਕਤੀਆਂ ਖਿਲਾਫ ਥਾਣਾ ਸਦਰ ਨਕੋਦਰ ਵਿਖੇ ਮੁਕੱਦਮਾ ਨੰਬਰ 156 ਮਿਤੀ 20-12-2024 ਧਾਰਾ 103 ਬੀ.ਐਨ.ਐਸ ਤਹਿਤ ਦਰਜ ਕੀਤੀ ਗਈ ਸੀ।

ਡੀਐਸਪੀ ਨਕੋਦਰ ਸੁਖਪਾਲ ਸਿੰਘ ਦੀ ਨਿਗਰਾਨੀ ਹੇਠ ਐਸ.ਆਈ ਬਲਜਿੰਦਰ ਸਿੰਘ, ਐਸ.ਐਚ.ਓ ਸਦਰ ਨਕੋਦਰ ਦੀ ਅਗਵਾਈ ਵਿੱਚ ਵਿਸ਼ੇਸ਼ ਜਾਂਚ ਟੀਮ ਦਾ ਗਠਨ ਕੀਤਾ ਗਿਆ। ਤਕਨੀਕੀ ਮੁਹਾਰਤ ਅਤੇ ਖੁਫੀਆ ਜਾਣਕਾਰੀ ਦੀ ਵਰਤੋਂ ਕਰਦੇ ਹੋਏ, ਟੀਮ ਨੇ ਕੁਝ ਦਿਨਾਂ ਦੇ ਅੰਦਰ ਦੋਸ਼ੀਆ ਦੀ ਪਛਾਣ ਕੀਤੀ ਅਤੇ ਗ੍ਰਿਫਤਾਰ ਕਰ ਲਿਆ।

ਮੁੱਢਲੀ ਜਾਂਚ ਵਿੱਚ ਸਾਹਮਣੇ ਆਇਆ ਹੈ ਕਿ ਨੀਰੂ ਬਾਲਾ ਅਤੇ ਹਰਪ੍ਰੀਤ ਸਿੰਘ, ਜੋ ਕਿ ਜਲੰਧਰ ਦੇ ਡੀ-ਮਾਰਟ ਵਿੱਚ ਇਕੱਠੇ ਕੰਮ ਕਰਦੇ ਸਨ, ਵਿੱਚ ਨਾਜਾਇਜ਼ ਸਬੰਧ ਸਨ। ਮੁਕੇਸ਼ ਕੁਮਾਰ ਨੂੰ ਖਤਮ ਕਰਨ ਅਤੇ ਇੱਕ ਦੂਜੇ ਨਾਲ ਵਿਆਹ ਕਰਵਾਉਣ ਲਈ ਦੋਵਾਂ ਨੇ ਕਤਲ ਨੂੰ ਅੰਜਾਮ ਦੇਣ ਦੀ ਸਾਜ਼ਿਸ਼ ਰਚੀ। ਵਾਰਦਾਤ ਵਾਲੀ ਰਾਤ ਹਰਪ੍ਰੀਤ ਸਿੰਘ ਨੇ ਮੁਕੇਸ਼ ਕੁਮਾਰ ਦਾ ਤੇਜਧਾਰੀ ਦਾਤਰ ਨਾਲ ਵਾਰ ਕਰਕੇ ਬੇਰਹਿਮੀ ਨਾਲ ਕਤਲ ਕਰ ਦਿੱਤਾ।

ਪੁਲਿਸ ਨੇ ਮੁਲਜ਼ਮਾਂ ਕੋਲੋਂ ਵਾਰਦਾਤ ਵਿੱਚ ਵਰਤਿਆ ਹਥਿਆਰ(ਦਾਤਰ), ਅਤੇ ਦੋ ਮੋਟਰਸਾਈਕਲ ਬਰਾਮਦ ਕੀਤੇ  ਹਨ।

ਫਿਲਹਾਲ ਦੋਵੇਂ ਮੁਲਜ਼ਮ ਪੁਲਿਸ ਦੀ ਹਿਰਾਸਤ ਵਿੱਚ ਹਨ ਅਤੇ ਉਨ੍ਹਾਂ ਕੋਲੋਂ ਹੋਰ ਵੀ ਪੁੱਛਗਿੱਛ ਕੀਤੀ ਜਾ ਰਹੀ ਹੈ ਤਾਂ ਕਿ ਮਾਮਲੇ ਸਬੰਧੀ ਹੋਰ ਵੀ ਖੁਲਾਸੇ ਕੀਤੇ ਜਾ ਸਕਣ।

ਐਸਐਸਪੀ ਖੱਖ ਨੇ ਕਿਹਾ, “ਜ਼ਿਲੇ ਵਿੱਚ ਅਜਿਹੇ ਘਿਨਾਉਣੇ ਅਪਰਾਧਾਂ ਨੂੰ ਬਰਦਾਸ਼ਤ ਨਹੀਂ ਕੀਤਾ ਜਾਵੇਗਾ ਅਤੇ ਜਲਦੀ ਇਨਸਾਫ਼ ਦਿਵਾਉਣ ਲਈ ਹਰ ਸੰਭਵ ਕੋਸ਼ਿਸ਼ ਕੀਤੀ ਜਾਵੇਗੀ।

Leave a Comment

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।

Scroll to Top