ਚੁਗਿੱਟੀ/ਜੰਡੂਸਿੰਘਾ:- ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੁੱਖ ਸਕੱਤਰ ਚੁਣੇ ਗਏ ਸੀਨੀਅਰ ਅਕਾਲੀ ਆਗੂ ਜਥੇਦਾਰ ਕੁਲਵੰਤ ਸਿੰਘ ਮੰਨਣ ਦਾ ਲੰਮਾ ਪਿੰਡ ਖੇਤਰ ਦੇ ਵਸਨੀਕਾਂ ਵੱਲੋਂ ਜ਼ੋਰਦਾਰ ਸਵਾਗਤ ਕਰਦੇ ਹੋਏ ਉਨ੍ਹਾਂ ਦਾ ਸਨਮਾਨ ਕੀਤਾ ਗਿਆ। ਇਸ ਮੌਕੇ ਹਾਜ਼ਰੀਨ ਨੂੰ ਸੰਬੋਧਨ ਕਰਦਿਆਂ ਸ੍.ਮੰਨਣ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਦੀ ਸਮੁੱਚੀ ਲੀਡਰਸ਼ਿਪ ਵੱਲੋਂ ਉਨ੍ਹਾਂ ਤੇ ਜੋ ਵਿਸ਼ਵਾਸ ਜ਼ਾਹਰ ਕਰਦਿਆਂ ਮਾਣ-ਸਨਮਾਨ ਦੇ ਕੇ ਸੇਵਾ ਕਰਨ ਦਾ ਮੌਕਾ ਦਿੱਤਾ ਗਿਆ ਹੈ। ਉਸ ਗੱਲ ਨੂੰ ਸਾਹਮਣੇ ਰੱਖ ਕੇ ਉਹ ਡੱਟਕੇ ਮਿਹਨਤ ਕਰਨ ਦਾ ਯਤਨ ਕਰਨਗੇ। ਉਨ੍ਹਾਂ ਕਿਹਾ ਕਿ ਉਹ ਧਾਰਮਿਕ, ਸਮਾਜਿਕ ਤੇ ਵਿਦਿਅਕ ਖੇਤਰ ਤੋਂ ਇਲਾਵਾ ਗੁਰਸਿੱਖੀ ਨੂੰ ਪ੍ਰਫੁੱਲਤ ਕਰਨ ਲਈ ਵੱਡੇ ਪੱਧਰ ਤੇ ਯਤਨ ਕਰਨਗੇ। ਇਸ ਮੌਕੇ ਸੀਨੀਅਰ ਅਕਾਲੀ ਆਗੂ ਰਣਜੀਤ ਸਿੰਘ ਰਾਣਾ ਨੇ ਆਖਿਆ ਕਿ ਹਰਜਿੰਦਰ ਸਿੰਘ ਧਾਮੀ ਐਡਵੋਕੇਟ ਦਾ ਚੌਥੀ ਵਾਰ ਪ੍ਰਧਾਨ ਬਣਨਾ ਤੇ ਜਥੇਦਾਰ ਕੁਲਵੰਤ ਸਿੰਘ ਮੰਨਣ ਨੂੰ ਮੁੱਖ ਸਕੱਤਰ ਬਣਾਉਣ ਵਾਲਾ ਇਤਿਹਾਸਕ ਫੈਸਲਾ ਕੀਤਾ ਗਿਆ ਹੈ। ਉਕਤ ਆਗੂਆਂ ਨੇ ਕਿਹਾ ਕਿ ਬੀਬੀ ਜਗੀਰ ਕੌਰ ਮਾਨਸਿਕ ਤੌਰ ਤੇ ਕਮਜੋਰ ਹੋ ਚੁੱਕੀ ਹੈ। ਉਹ ਜਿਨ੍ਹਾਂ ਦੇ ਸਹਾਰੇ ਆ ਪ੍ਰਧਾਨ ਬਣਦੀ ਰਹੀ ਹੈ ਅੱਜ ਉਨ੍ਹਾਂ ਨੂੰ ਹੀ ਉਕਤ ਕਮੇਟੀ ਦੇ ਮੈਂਬਰਾਂ ਨੂੰ ਮਰੀਆਂ ਹੋਈਆਂ ਲਾਸ਼ਾਂ ਦੱਸ ਕੇ ਸੰਬੋਧਨ ਕਰ ਰਹੀ ਹੈ ਤੇ ਨਾਲ ਹੀ ਉਨ੍ਹਾਂ ਨੂੰ ਲਾਲਚੀ ਕਹਿ ਰਹੀ ਹੈ ਉਨ੍ਹਾਂ ਦਾ ਇਹ ਬਿਆਨ ਨਿੰਦਣਯੋਗ ਹੈ। ਉਨ੍ਹਾਂ ਆਖਿਆ ਕਿ ਬੀਬੀ ਜਗੀਰ ਕੌਰ ਦੇ ਅੜੀਅਲ ਵਤੀਰੇ ਤੇ ਬੇਸਮਝੀ ਨਾਲ ਬਿਆਨਬਾਜ਼ੀ ਕਰਨ ਦਾ ਢੰਗ ਇਹ ਸਾਬਤ ਕਰਦਾ ਹੈ ਕਿ ਬੀਬੀ ਬੁਖਲਾ ਚੁੱਕੀ ਹੈ। ਰਾਣਾ ਨੇ ਕਿਹਾ ਕਿ ਐਸ਼ ਜੀ ਪੀ ਸੀ ਦੇ ਮੈਂਬਰ ਪੰਥ ਲਈ ਅਤੇ ਗੁਰੂ ਘਰਾਂ ਦੀਆਂ ਸੇਵਾਵਾਂ ਨਿਭਾਉਣ ਵਾਲੇ ਸਤਿਕਾਰਤ ਸੇਵਾਦਾਰ ਹਨ। ਜਿਨ੍ਹਾਂ ਬਾਰੇ ਬੀਬੀ ਨੇ ਵੱਡੀ ਅਵੱਗਿਆ ਕੀਤੀ ਹੈ। ਉਨ੍ਹਾਂ ਕਿਹਾ ਕਿ ਉਹ ਤੁਰੰਤ ਆਪਣੇ ਵਲੋਂ ਦਿੱਤੇ ਗਏ ਬਿਆਨਾਂ ਦੇ ਮੱਦੇਨਜ਼ਰ ਪੰਥਦਰਦੀਆਂ ਕੋਲੋਂ ਮੁਆਫੀ ਮੰਗੇ। ਇਸ ਮੌਕੇ ਹੋਰਨਾਂ ਤੋਂ ਇਲਾਵਾ ਚਰਨਜੀਤ ਸਿੰਘ ਲਾਲੀ, ਅਕਾਲੀ ਆਗੂ ਪਰਮਜੀਤ ਸਿੰਘ ਰੇਰੂ, ਮਨਿੰਦਰ ਪਾਲ ਸਿੰਘ ਗੁੰਬਰ , ਪਰਮਿੰਦਰ ਸਿੰਘ ਲੱਕੀ ਭਾਟੀਆ, ਜਗਜੀਤ ਸਿੰਘ ਖਾਲਸਾ, ਸੁਰਿੰਦਰ ਸਿੰਘ ਰਾਜ, ਦਲਜੀਤ ਸਿੰਘ, ਕਮਲਜੀਤ ਸਿੰਘ , ਫੁੰਮ੍ਹਣ ਸਿੰਘ, ਪ੍ਰਦੀਪ ਸਿੰਘ ਆਦਿ ਹਾਜ਼ਰ ਸਨ।

















































