ਲਾਲ ਚੰਦ ਕਟਾਰੂਚੱਕ ਅਨਾਜ ਭਵਨ ਵਿਖੇ ਲੋਹੜੀ ਦੇ ਜਸ਼ਨ ਵਿੱਚ ਸ਼ਾਮਲ ਹੋਏ

ਚੰਡੀਗੜ੍ਹ, 9 ਜਨਵਰੀ:

ਫ਼ਸਲ ਦੀ ਵਾਢੀ ਦਾ ਪ੍ਰਤੀਕ ਪੰਜਾਬ ਦਾ ਤਿਉਹਾਰ ਲੋਹੜੀ ਅੱਜ ਇੱਥੇ ਸੈਕਟਰ-39 ਸਥਿਤ ਅਨਾਜ ਭਵਨ ਵਿਖੇ ਬਹੁਤ ਹੀ ਧੂਮਧਾਮ ਨਾਲ ਮਨਾਇਆ ਗਿਆ। ਇਸ ਮੌਕੇ ਖੁਰਾਕ, ਸਿਵਲ ਸਪਲਾਈ ਅਤੇ ਖਪਤਕਾਰ ਮਾਮਲਿਆਂ ਬਾਰੇ ਮੰਤਰੀ ਲਾਲ ਚੰਦ ਕਟਾਰੂਚੱਕ ਵੀ ਸਮੁੱਚੇ ਵਿਭਾਗ ਦੇ ਮੁਲਾਜ਼ਮਾਂ ਨਾਲ ਇਸ ਸਮਾਗਮ ਵਿੱਚ ਸ਼ਾਮਲ ਹੋਏ।

ਇਸ ਸਮਾਗਮ ਦੀ ਸ਼ੁਰੂਆਤ ਲੋਹੜੀ ਦੇ ਬਾਲਣ ਨਾਲ ਹੋਈ ਅਤੇ ਸਮੁੱਚਾ ਮਾਹੌਲ ਰਵਾਇਤੀ ਸੰਗੀਤ ਅਤੇ ਲੋਕ ਨਾਚ ਦੀ ਗੂੰਜ ਨਾਲ ਝੂਮ ਉੱਠਿਆ। ਇਸ ਦੌਰਾਨ ਸਾਰਿਆਂ ਨੇ ਰੇਵੜੀ, ਗੱਚਕ ਅਤੇ ਮੂੰਗਫਲੀ ਦਾ ਸੁਆਦ ਲਿਆ। ਲੋਹੜੀ ਦੇ ਇਨ੍ਹਾਂ ਜਸ਼ਨਾਂ ਦੌਰਾਨ ਪੂਰਾ ਜੋਸ਼ ਤੇ ਉਤਸ਼ਾਹ ਦੇਖਣ ਨੂੰ ਮਿਲਿਆ ਅਤੇ ਮੁਲਾਜ਼ਮਾਂ ਵੱਲੋਂ ਲੋਕ ਗੀਤ ਗਾਉਣ ਦੇ ਨਾਲ-ਨਾਲ ਲੋਹੜੀ ਦੁਆਲੇ ਨੱਚਦਿਆਂ ਸਭਨਾਂ ਲਈ ਖੁਸ਼ੀਆਂ ਮੰਗੀਆਂ ਗਈਆਂ।

ਕੈਬਨਿਟ ਮੰਤਰੀ ਨੇ ਕਿਹਾ ਕਿ ਲੋਹੜੀ ਪੰਜਾਬੀ ਸੱਭਿਆਚਾਰ ਵਿੱਚ ਇੱਕ ਅਹਿਮ ਭੂਮਿਕਾ ਰੱਖਦਾ ਹੈ, ਜੋ ਠੰਢ ਦੇ ਜਾਣ ਅਤੇ ਵਾਢੀ ਦੇ ਮੌਸਮ ਦੀ ਆਮਦ ਦਾ ਪ੍ਰਤੀਕ ਹੈ। ਇਹ ਭਾਈਚਾਰਕ ਸਾਂਝ, ਸ਼ੁਕਰਾਨੇ ਅਤੇ ਪੰਜਾਬ ਦੀ ਅਮੀਰ ਸੱਭਿਆਚਾਰਕ ਵਿਰਾਸਤ ਦਾ ਜਸ਼ਨ ਹੈ। ਇਹ ਤਿਉਹਾਰ ਦਾ ਸਬੰਧ ਪੰਜਾਬ ਦੇ ਲੋਕ ਨਾਇਕ ਦੁੱਲਾ ਭੱਟੀ ਨਾਲ ਵੀ ਹੈ, ਜਿਸਨੇ ਧੀਆਂ ਦੀ ਰਾਖੀ ਲਈ ਮਹੱਤਵਪੂਰਨ ਕਿਰਦਾਰ ਅਦਾ ਕੀਤਾ।

ਇਸ ਤੋਂ ਪਹਿਲਾਂ ਮੰਤਰੀ ਨੇ ਜ਼ਿਲ੍ਹਾ ਖੁਰਾਕ ਸਪਲਾਈ ਕੰਟਰੋਲਰਾਂ (ਡੀਐਫਐਸਸੀ) ਨਾਲ ਇੱਕ ਮੀਟਿੰਗ ਦੀ ਪ੍ਰਧਾਨਗੀ ਵੀ ਕੀਤੀ ਅਤੇ ਹੜ੍ਹਾਂ ਦੇ ਬਾਵਜੂਦ ਰਾਜ ਵਿੱਚ ਝੋਨੇ ਦੀ ਖਰੀਦ ਸਫ਼ਲ ਸੀਜ਼ਨ ਨੂੰ ਯਕੀਨੀ ਬਣਾਉਣ ਲਈ ਉਨ੍ਹਾਂ ਦੀ ਸ਼ਲਾਘਾ ਕੀਤੀ। ਮੰਤਰੀ ਨੇ ਡੀਐਫਐਸਸੀ ਨੂੰ ਰਾਸ਼ਟਰੀ ਖੁਰਾਕ ਸੁਰੱਖਿਆ ਐਕਟ, 2013 ਦੇ ਤਹਿਤ ਲਾਭ ਪ੍ਰਾਪਤ ਕਰਦੇ ਰਹਿਣ ਲਈ ਵੱਧ ਤੋਂ ਵੱਧ ਲੋਕਾਂ ਨੂੰ ਆਪਣਾ ਈ-ਕੇਵਾਈਸੀ ਕਰਵਾਉਣ ਲਈ ਉਤਸ਼ਾਹਿਤ ਕਰਨ ਦੇ ਨਿਰਦੇਸ਼ ਵੀ ਦਿੱਤੇ।

ਇਸ ਮੌਕੇ ਹੋਰਨਾਂ ਤੋਂ ਇਲਾਵਾ ਪ੍ਰਮੁੱਖ ਸਕੱਤਰ ਖੁਰਾਕ, ਸਿਵਲ ਸਪਲਾਈ ਅਤੇ ਖਪਤਕਾਰ ਮਾਮਲੇ ਰਾਹੁਲ ਤਿਵਾੜੀ, ਡਾਇਰੈਕਟਰ ਵਰਿੰਦਰ ਕੁਮਾਰ ਸ਼ਰਮਾ, ਪੰਜਾਬ ਰਾਜ ਖੁਰਾਕ ਕਮਿਸ਼ਨ ਦੇ ਮੈਂਬਰ ਜਸਵੀਰ ਸਿੰਘ ਸੇਖੋਂ, ਵਧੀਕ ਡਾਇਰੈਕਟਰ ਖੁਰਾਕ, ਸਿਵਲ ਸਪਲਾਈ ਅਤੇ ਖਪਤਕਾਰ ਮਾਮਲੇ ਡਾ. ਅੰਜੁਮਨ ਭਾਸਕਰ, ਅਜੈਵੀਰ ਸਿੰਘ ਸਰਾਓ ਅਤੇ ਜੀਐਮ ਵਿੱਤ ਸਰਵੇਸ਼ ਕੁਮਾਰ ਮੌਜੂਦ ਸਨ।

Leave a Comment

Your email address will not be published. Required fields are marked *

Scroll to Top