ਜਲੰਧਰ, 23 ਅਕਤੂਬਰ – ਪ੍ਰਸ਼ਾਸਕੀ ਸੁਧਾਰਾਂ ਵੱਲ ਇਕ ਹੋਰ ਮਹੱਤਵਪੂਰਨ ਕਦਮ ਪੁੱਟਦਿਆਂ ਪੰਜਾਬ ਸਕਰਾਰ ਵਲੋਂ ਦਸਤਾਵੇਜ਼ਾਂ ਦੇ ਕਾਊਂਟਰ ਸਾਈਨਿੰਗ ਲਈ ਬਿਨੈਕਾਰਾਂ ਵਲੋਂ ਨਿੱਜੀ ਤੌਰ ’ਤੇ ਦਫ਼ਤਰਾਂ ਵਿੱਚ ਜਾਣ ਦੀ ਲੋੜ ਨੂੰ ਖ਼ਤਮ ਕਰਦਿਆਂ ਆਨਲਾਈਨ ਸੇਵਾ ਦੀ ਸ਼ੁਰੂਆਤ ਕੀਤੀ ਗਈ ਹੈ ।
ਇਸ ਨਿਵੇਕਲੀ ਪਹਿਲ ਬਾਰੇ ਵਧੇਰੇ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਡਾ.ਹਿਮਾਂਸ਼ੂ ਅਗਰਵਾਲ ਨੇ ਦੱਸਿਆ ਕਿ ਹੁਣ ਬਿਨੈਕਾਰ ਸੇਵਾ ਕੇਂਦਰਾਂ ਵਿੱਚ ਜਾਏ ਬਿਨ੍ਹਾਂ ਸਿੱਧੇ ਤੌਰ ’ਤੇ Çਲੰਕ [https://esanad.nic.in/userlogin] ਰਾਹੀਂ ਆਨਲਾਈਨ ਅਪਲਾਈ ਕਰ ਸਕਦੇ ਹਨ।
ਡਾ. ਅਗਰਵਾਲ ਨੇ ਦਸਿਆ ਕਿ ਇਸ ਸੇਵਾ ਲਈ ਜਮ੍ਹਾਂ ਕਰਵਾਏ ਗਏ ਦਸਤਾਵੇਜਾਂ ਨੂੰ ਚੰਡੀਗੜ੍ਹ ਅਤੇ ਨਵੀਂ ਦਿੱਲੀ ਦੇ ਅਧਿਕਾਰੀਆਂ ਵਲੋਂ ਆਨਲਾਈਨ ਤਸਦੀਕ ਕੀਤਾ ਜਾਵੇਗਾ ਅਤੇ ਬਿਨੈਕਾਰਾਂ ਨੂੰ ਹੁਣ ਇਨ੍ਹਾਂ ਥਾਵਾਂ ’ਤੇ ਜਾਣ ਦੀ ਲੋੜ ਨਹੀਂ ਰਹੇਗੀ। ਉਨ੍ਹਾਂ ਕਿਹਾ ਕਿ ਇਹ ਮਹੱਤਵਪੂਰਨ ਉਪਰਾਲਾ ਉਨ੍ਹਾਂ ਲੋਕਾਂ ਦੇ ਕੀਮਤੀ ਸਮੇਂ ਅਤੇ ਪੈਸੇ ਨੂੰ ਬਚਾਉਣ ਵਿੱਚ ਮਦਦਗਾਰ ਸਿੱਧ ਹੋਵੇਗਾ ਜਿਨ੍ਹਾਂ ਨੂੰ ਇਸ ਤੋਂ ਪਹਿਲਾਂ ਕਾਊਂਟਰ ਸਾਈਨ ਲਈ ਚੰਡੀਗੜ੍ਹ ਜਾਂ ਕੌਮੀ ਰਾਜਧਾਨੀ ਜਾਣਾ ਪੈਂਦਾ ਸੀ।
ਇਸ ਪਹਿਲ ਨੂੰ ਇਕ ਕ੍ਰਾਂਤੀਕਾਰੀ ਕਦਮ ਕਰਾਰ ਦਿੰਦਿਆਂ ਡਾ. ਅਗਰਵਾਲ ਨੇ ਕਿਹਾ ਕਿ ਨਾਗਰਿਕ ਸੇਵਾਵਾਂ ਹੋਰ ਅਸਰਦਾਰ ਢੰਗ ਨਾਲ ਪ੍ਰਦਾਨ ਕਰਨ ਵਿੱਚ ਇਹ ਮੀਲ ਦਾ ਪੱਥਰ ਸਾਬਿਤ ਹੋਵੇਗਾ।
ਇਸ ਤੋਂ ਇਲਾਵਾ ਡਿਪਟੀ ਕਮਿਸ਼ਨਰ ਨੇ ਸੂਬਾ ਸਰਕਾਰ ਵਲੋਂ ਸ਼ੁਰੂ ਕੀਤੀ ਗਈ ‘ਸਰਕਾਰ ਤੁਹਾਡੇ ਦੁਆਰ’ ਪਹਿਲ ਬਾਰੇ ਵੀ ਦੱਸਿਆ ਗਿਆ ਜਿਸ ਤਹਿਤ ਸਰਕਾਰੀ ਸੇਵਾਵਾਂ ਲੋਕਾਂ ਦੀਆਂ ਬਰੂਹਾਂ ’ਤੇ ਮੁਹੱਈਆ ਕਰਵਾਈਆਂ ਜਾ ਰਹੀਆਂ ਹਨ। ਉਨ੍ਹਾਂ ਕਿਹਾ ਕਿ ਆਨਲਾਈਨ ਕਾਊਂਟਰ ਸਾਈਨ ਦੀ ਸੇਵਾ ਇਸ ਪਹਿਲਕਦਮੀ ਦਾ ਹੋਰ ਵਿਸਥਾਰ ਹੈ ਜਿਸ ਸਦਕਾ ਬਿਨੈਕਾਰਾਂ ਨੂੰ ਜਰੂਰੀ ਸੇਵਾਵਾਂ ਲਈ ਚੰਡੀਗੜ੍ਹ ਅਤੇ ਨਵੀਂ ਦਿੱਲੀ ਵਿਖੇ ਸਰਕਾਰੀ ਦਫ਼ਤਰਾਂ ਵਿੱਚ ਜਾਣ ਦੀ ਲੋੜ ਨਹੀਂ ਰਹੇਗੀ।
—————

















































