ਜਲੰਧਰ (ਪਰਮਜੀਤ ਸਾਬੀ) – ਜਿਲਾ ਕਾਂਗਰਸ ਕਮੇਟੀ ਸ਼ਹਿਰੀ ਦੇ ਪ੍ਰਧਾਨ ਅਤੇ ਸਾਬਕਾ ਵਿਧਾਇਕ ਰਜਿੰਦਰ ਬੇਰੀ ਨੇ ਕਿਹਾ ਕਿ ਆਮ ਆਦਮੀ ਪਾਰਟੀ ਲਾਅ ਐਂਡ ਆਰਡਰ ਨੂੰ ਕਾਇਮ ਰੱਖਣ ਵਿੱਚ ਬੁਰੀ ਤਰਾਂ ਨਾਲ ਫ਼ੇਲ ਹੋ ਚੁੱਕੀ ਹੈ । ਜਲੰਧਰ ਸ਼ਹਿਰ ਦਾ ਤਾਂ ਹੁਣ ਰੱਬ ਹੀ ਰਾਖਾ ਹੈ । ਆਮ ਆਦਮੀ ਪਾਰਟੀ ਦੀ ਸਰਕਾਰ ਦੇ ਕਾਰਜਕਾਲ ਦੌਰਾਨ ਵਪਾਰੀ ਅਤੇ ਕਾਰੋਬਾਰੀ ਸਭ ਤੰਗ ਹਨ । ਰੋਜ਼ਾਨਾ ਗੋਲੀਬਾਰੀ ਹੋ ਰਹੀ ਹੈ, ਪੁਲਿਸ ਦਾ ਕੋਈ ਕੰਟਰੋਲ ਨਹੀ ਹੈ । ਕਿਸੇ ਨੂੰ ਗੋਲੀ ਨਾਲ ਡਰਾਇਆ ਜਾ ਰਿਹਾ ਹੈ, ਕਿਸੇ ਕੋਲੋ ਫਿਰੌਤੀਆਂ ਮੰਗੀਆਂ ਜਾ ਰਹੀਆਂ ਹਨ । ਲਾਅ ਐਂਡ ਆਰਡਰ ਦਾ ਜਨਾਜ਼ਾ ਨਿਕਲ ਚੁੱਕਿਆ ਹੈ । ਸਰਕਾਰ ਕੁੰਭਕਰਨੀ ਨੀਂਦ ਸੁੱਤੀ ਪਈ ਹੈ । ਸ਼ਰੇਆਮ ਕਤਲ ਹੋ ਰਹੇ ਹਨ, ਸਨੈਚਿੰਗ ਸ਼ਰੇਆਮ ਹੋ ਰਹੀ ਹੈ । ਪੰਜਾਬ ਨੂੰ ਕਾਲੇ ਦੌਰ ਵੱਲ ਧੱਕਿਆ ਜਾ ਰਿਹਾ ਹੈ । ਪਹਿਲਾ ਹੀ ਸਾਡੇ ਸ਼ਹੀਦਾਂ ਨੇ ਕੁਰਬਾਨੀਆਂ ਦੇ ਕੇ ਪੰਜਾਬ ਨੂੰ ਖੁਸ਼ਹਾਲ ਸੂਬਾ ਬਣਾਇਆ ਸੀ ਪਰ ਅੱਜ ਦੀ ਮੌਜੂਦਾਂ ਸਰਕਾਰ ਨੇ ਪੰਜਾਬ ਦਾ ਮਾੜਾ ਹਾਲ ਕਰ ਦਿੱਤਾ ਹੈ । ਪੰਜਾਬ ਦੀ ਸਰਕਾਰ ਕੋਲੋ ਲਾਅ ਐਂਡ ਆਰਡਰ ਨੂੰਮੈਂਟੇਨ ਨਹੀ ਕੀਤਾ ਜਾ ਰਿਹਾ । ਵਪਾਰੀ ਆਪਣਾ ਵਪਾਰ ਬੰਦ ਕਰਕੇ ਪਰਿਵਾਰਾਂ ਸਮੇਤ ਬਾਹਰ ਵਿਦੇਸ਼ਾਂ ਵਿੱਚ ਜਾਣ ਲਈ ਮਜਬੂਰ ਹਨ । ਕੋਈ ਵੀ ਪਰਿਵਾਰ ਆਪਣੇ ਆਪ ਨੂੰ ਸੁਰੱਖਿਅਤ ਨਹੀਂ ਸਮਝ ਰਿਹਾ । ਲੋਕਾਂ ਨੂੰ ਘਰਾਂ ਦੇ ਅੰਦਰ ਵੜ ਕੇ ਲੁੱਟਿਆ ਜਾ ਰਿਹਾ ਹੈ ।

















































