Click on the Edit Content button to edit/add the content.

ਕਲੀਨ ਪੰਜਾਬ ਮੁਹਿੰਮ ਨੂੰ ਲੋਕ ਲਹਿਰ ਬਣਾਇਆ ਜਾਵੇ : ਮੋਹਿੰਦਰ ਭਗਤ

ਜਲੰਧਰ, 1 ਸਤੰਬਰ : ਪੰਜਾਬ ਦੇ ਬਾਗਬਾਨੀ, ਸੁਤੰਤਰਤਾ ਸੈਨਾਨੀ ਅਤੇ ਰੱਖਿਆ ਸੇਵਾਵਾਂ ਭਲਾਈ ਮੰਤਰੀ ਮੋਹਿੰਦਰ ਭਗਤ ਨੇ ਅੱਜ ‘ਕਲੀਨ ਪੰਜਾਬ’ ਮਿਸ਼ਨ ਤਹਿਤ ਸਥਾਨਕ ਨਿਊ ਗੌਤਮ ਨਗਰ ਵਿਖੇ ਚਲਾਈ ਗਈ ਸਫ਼ਾਈ ਮੁਹਿੰਮ ਵਿੱਚ ਹਿੱਸਾ ਲਿਆ। ਪੰਜਾਬ ਸਰਕਾਰ ਵਲੋਂ 29 ਅਗਸਤ ਤੋਂ ਸ਼ੁਰੂ ਕੀਤੀ ਇਸ ਮੁਹਿੰਮ ਦਾ ਉਦੇਸ਼ ਕੂੜੇ ਦੇ ਢੇਰਾਂ ਵਾਲੀਆਂ ਥਾਵਾਂ (ਜੀ.ਵੀ.ਪੀ.) ਨੂੰ ਖ਼ਤਮ ਕਰਨਾ ਅਤੇ ਸੂਬੇ ਭਰ ਵਿੱਚ ਸਾਫ਼-ਸੁਥਰੇ ਮਾਹੌਲ ਨੂੰ ਉਤਸ਼ਾਹਿਤ ਕਰਨਾ ਹੈ।

ਕੈਬਨਿਟ ਮੰਤਰੀ ਨੇ ਸਫ਼ਾਈ ਮੁਹਿੰਮ ਦੌਰਾਨ ਸੈਨੀਟੇਸ਼ਨ ਵਰਕਰਾਂ ਨਾਲ ਮਿਲ ਕੇ ਖੁਦ ਗਲੀਆਂ ਦੀ ਸਫ਼ਾਈ ਕੀਤੀ। ਉਨ੍ਹਾਂ ਕਿਹਾ ਕਿ ਅਜਿਹੇ ਉਪਰਾਲੇ ਉਦੋਂ ਹੀ ਸਫ਼ਲ ਹੋ ਸਕਦੇ ਹਨ, ਜਦੋਂ ਸਰਕਾਰੀ ਏਜੰਸੀਆਂ ਅਤੇ ਨਾਗਰਿਕ ਆਪਣੇ ਆਲੇ-ਦੁਆਲੇ ਨੂੰ ਸਾਫ਼ ਸੁਥਰਾ ਬਣਾਈ ਰੱਖਣ ਲਈ ਇਕੱਠੇ ਮਿਲ ਕੇ ਕੰਮ ਕਰਨ। 

ਸ਼੍ਰੀ ਭਗਤ ਨੇ ਕਿਹਾ ਕਿ ਸਫ਼ਾਈ ਸਿਰਫ਼ ਸਰਕਾਰ ਜਾਂ ਨਗਰ ਨਿਗਮ/ਕੌਂਸਲਾਂ ਦੀ ਜ਼ਿੰਮੇਵਾਰੀ ਨਹੀਂ ਹੈ ਸਗੋਂ ਇਹ ਸਾਰੇ ਸਮਾਜ ਦੀ ਸਾਂਝੀ ਜ਼ਿੰਮੇਵਾਰੀ ਹੈ। ਉਨ੍ਹਾਂ ਸ਼ਹਿਰ ਵਾਸੀਆਂ ਨੂੰ ਸਫ਼ਾਈ ਗਤੀਵਿਧੀਆਂ ਵਿੱਚ ਵਧ-ਚੜ੍ਹ ਕੇ ਭਾਗ ਲੈਣ ਅਪੀਲ ਕੀਤੀ ਅਤੇ ਕਿਹਾ ਕਿ ਕੂੜਾ-ਕਰਕਟ ਤੋਂ ਮੁਕਤ ਕੀਤੀਆਂ ਥਾਵਾਂ ਨੂੰ ਸਾਫ਼-ਸੁਥਰਾ ਰੱਖਣ ਨੂੰ ਯਕੀਨੀ ਬਣਾਇਆ ਜਾਵੇ।

ਉਨ੍ਹਾਂ ਕਿਹਾ ਕਿ ਜੇਕਰ ਅਸੀਂ ਆਪਣੇ ਆਲੇ-ਦੁਆਲੇ ਨੂੰ ਸਾਫ਼-ਸੁਥਰਾ ਰੱਖਾਂਗੇ ਤਾਂ ਹੀ ਸ਼ਹਿਰ ਨੂੰ ਸਾਫ਼-ਸੁਥਰਾ ਬਣਾ ਸਕਾਂਗੇ। ਉਨ੍ਹਾਂ ਸ਼ਹਿਰ ਵਾਸੀਆਂ ਨੂੰ ਅਪੀਲ ਕੀਤੀ ਕਿ ਇੱਧਰ-ਉੱਧਰ ਅਤੇ ਖੁੱਲ੍ਹੇ ਵਿੱਚ ਕੂੜਾ ਨਾ ਸੁੱਟਿਆ ਜਾਵੇ ਕਿਉਂਕਿ ਅਜਿਹਾ ਕਰਨ ਨਾਲ ਕੂੜੇ ਦੇ ਬੇਲੋੜੇ ਢੇਰ ਲੱਗ ਜਾਂਦੇ ਹਨ, ਜਿਸ ਨਾਲ ਸਫ਼ਾਈ ਉਪਰਾਲਿਆਂ ਨੂੰ ਢਾਹ ਲੱਗਦੀ ਹੈ।
ਕੈਬਨਿਟ ਮੰਤਰੀ ਨੇ ਕਿਹਾ ਕਿ ਚੱਲ ਰਹੀ ‘ਕਲੀਨ ਪੰਜਾਬ’ ਮੁਹਿੰਮ ਦਾ ਉਦੇਸ਼ ਕੇਵਲ ਸੰਵੇਦਨਸ਼ੀਲ ਥਾਵਾਂ ਤੋਂ ਕੂੜੇ ਦੇ ਢੇਰਾਂ ਨੂੰ ਖ਼ਤਮ ਕਰਨਾ ਹੀ ਨਹੀਂ ਸਗੋਂ ਲੋਕਾਂ ਦੇ ਵਿਵਹਾਰ ਵਿੱਚ ਵੀ ਬਦਲਾਅ ਲਿਆਉਣਾ ਹੈ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਘਰੇਲੂ ਕੂੜੇ ਦਾ ਨਿਪਟਾਰਾ ਜ਼ਿੰਮੇਵਾਰੀ ਨਾਲ ਕੀਤਾ ਜਾਵੇ ਅਤੇ ਸਾਫ਼ ਕੀਤੀਆਂ ਗਈਆਂ ਥਾਵਾਂ ’ਤੇ ਕੂੜਾ ਸੁੱਟਣ ਤੋਂ ਗੁਰੇਜ਼ ਕਰਕੇ ਸਫ਼ਾਈ ਕਰਮੀਆਂ ਅਤੇ ਨਗਰ ਨਿਗਮ/ਕੌਂਸਲਾਂ ਦਾ ਸਹਿਯੋਗ ਕੀਤਾ ਜਾਵੇ।

8 ਸਤੰਬਰ ਤੱਕ ਚੱਲਣ ਵਾਲੀ 10 ਰੋਜ਼ਾ ਸੂਬਾ ਪੱਧਰੀ ਸਫ਼ਾਈ ਮੁਹਿੰਮ ਦਾ ਉਦੇਸ਼ ਸਰਕਾਰੀ ਵਿਭਾਗਾਂ, ਨਗਰ ਨਿਗਮ/ਕੌਂਸਲਾਂ ਤੇ ਸਥਾਨਕ ਭਾਈਚਾਰੇ ਦੇ ਸਾਂਝੇ ਯਤਨਾਂ ਨਾਲ ਕੂੜੇ ਦੇ ਢੇਰਾਂ ਵਾਲੀਆਂ ਥਾਵਾਂ ਦੀ ਪਹਿਚਾਣ ਕਰਕੇ ਉਨ੍ਹਾਂ ਦੀ ਸਫਾਈ ਕਰਨਾ ਅਤੇ ਇਨ੍ਹਾਂ ਥਾਵਾਂ ’ਤੇ ਦੁਬਾਰਾ ਕੂੜਾ ਜਮ੍ਹਾ ਹੋਣ ਤੋਂ ਰੋਕਣਾ ਹੈ।

ਕੈਬਨਿਟ ਮੰਤਰੀ ਨੇ ਲੋਕਾਂ ਨੂੰ ਆਪਣੇ ਆਲੇ-ਦੁਆਲੇ ਚੱਲ ਰਹੀਆਂ ਸਫ਼ਾਈ ਗਤੀਵਿਧੀਆਂ ਵਿੱਚ ਸਰਗਰਮੀ ਨਾਲ ਸ਼ਿਰਕਤ ਕਰਨ ਅਤੇ ਕੂੜੇ ਦੇ ਢੁੱਕਵੇਂ ਨਿਪਟਾਰੇ ਵਿੱਚ ਸਹਿਯੋਗ ਦੇਣ ਦੀ ਅਪੀਲ ਕੀਤੀ। ਉਨ੍ਹਾਂ ਇਸ ਗੱਲ ’ਤੇ ਜ਼ੋਰ ਦਿੱਤਾ ਕਿ ਸਫ਼ਾਈ ਮੁਹਿੰਮ ਨੂੰ ਸਰਕਾਰੀ ਪਹਿਲਕਦਮੀ ਤੋਂ ਲੋਕ ਲਹਿਰ ਵਿੱਚ ਬਦਲਣ ਲਈ ਲੋਕਾਂ ਦੀ ਲਗਾਤਾਰ ਸਰਗਰਮ ਸ਼ਮੂਲੀਅਤ ਬਹੁਤ ਜ਼ਰੂਰੀ ਹੈ।

Table of Contents

Scroll to Top