ਜਲੰਧਰ ਕਮਿਸ਼ਨਰੇਟ ਪੁਲਿਸ ਦੀ ਵੱਡੀ ਕਾਰਵਾਈ : ਬਦਨਾਮ ਨਸ਼ਾ ਤਸਕਰਾਂ ਦੀ 36,05,427 ਰੁਪਏ ਦੀ ਸੰਪਤੀ ਜ਼ਬਤ

ਜਲੰਧਰ, 30 ਨਵੰਬਰ: ਪੰਜਾਬ ਸਰਕਾਰ ਦੀ ‘ਯੁੱਧ ਨਸ਼ਿਆਂ ਵਿਰੁੱਧ’ ਮੁਹਿੰਮ ਤਹਿਤ ਨਸ਼ਾ ਤਸਕਰੀ ਖ਼ਿਲਾਫ਼ ਵੱਡੇ ਪੱਧਰ ’ਤੇ ਕਾਰਵਾਈ ਕਰਦਿਆਂ ਕਮਿਸ਼ਨਰੇਟ ਪੁਲਿਸ ਜਲੰਧਰ ਵੱਲੋਂ ਪੁਲਿਸ ਕਮਿਸ਼ਨਰ ਧਨਪ੍ਰੀਤ ਕੌਰ ਦੀ ਅਗਵਾਈ ਹੇਠ ਤਿੰਨ ਬਦਨਾਮ ਨਸ਼ਾ ਤਸਕਰਾਂ ਦੀ ਚਲ ਅਤੇ ਅਚਲ ਸੰਪਤੀ, ਜਿਸ ਦੀ ਕੀਮਤ ਕੁੱਲ ਕੀਮਤ 36,05,427 ਰੁਪਏ ਹੈ, ਨੂੰ ਜ਼ਬਤ ਕੀਤਾ ਗਿਆ ਹੈ।

ਪੁਲਿਸ ਕਮਿਸ਼ਨਰ ਨੇ ਇਸ ਸਬੰਧੀ ਜਾਣਕਾਰੀ ਦਿੰਦਿਆਂ ਦੱਸਿਆ ਕਿ ਨਿਤਿਨ ਸ਼ਰਮਾ ਵਾਸੀ ਬਚਿੰਤ ਨਗਰ ਪਿੰਡ ਰੇੜੂ ਪਠਾਨਕੋਟ ਚੌਕ ਜਲੰਧਰ, ਅਜੇ ਕੁਮਾਰ ਵਾਸੀ ਤਿਲਕ ਨਗਰ ਨੇੜੇ ਨਾਖਾ ਵਾਲਾ ਬਾਗ ਜਲੰਧਰ ਅਤੇ ਅਮਿਤ ਵਰਮਾ ਉਰਫ ਸੱਨੀ ਵਾਸੀ ਸਤਨਾਮ ਨਗਰ ਜਲੰਧਰ ਤੋਂ ਪੁਲਿਸ ਨੇ 2,23,000 ਨਸ਼ੀਲੀਆਂ ਗੋਲੀਆਂ Tramadol Hydrochloride USP 100mg (Panadole) ਬਰਾਮਦ ਕੀਤੀਆਂ ਸਨ, ਜਿਸ ਸਬੰਧੀ ਐਫ.ਆਈ.ਆਰ ਨੰਬਰ 180 ਮਿਤੀ 20.05.2025 ਧਾਰਾ 22/61 ਐਨ.ਡੀ.ਪੀ.ਐਸ. ਐਕਟ ਅਧੀਨ ਪੁਲਿਸ ਸਟੇਸ਼ਨ ਡਵੀਜ਼ਨ ਨੰਬਰ 1 ਜਲੰਧਰ ਵਿੱਚ ਦਰਜ ਕੀਤੀ ਗਈ ਸੀ।

ਉਨ੍ਹਾਂ ਨੇ ਦੱਸਿਆ ਕਿ ਜਾਂਚ ਦੌਰਾਨ ਇਹ ਸਾਬਤ ਹੋਇਆ ਕਿ ਮੁਲਜ਼ਮਾਂ ਨੇ ਨਸ਼ਿਆਂ ਦੀ ਕਮਾਈ ਨਾਲ ਸੰਪਤੀ ਅਤੇ ਵਾਹਨ ਖ਼ਰੀਦੇ ਸਨ।

ਇਸ ਤੋਂ ਬਾਅਦ, ਪੁਲਿਸ ਨੇ ਸੰਪਤੀ ਜ਼ਬਤ ਕਰਨ ਦੀ ਕਾਰਵਾਈ ਸ਼ੁਰੂ ਕੀਤੀ ਅਤੇ ਸੰਪਤੀ ਤੇ ਵਾਹਨਾਂ ਦੀ ਜ਼ਬਤੀ ਦੇ ਹੁਕਮ ਸਮਰੱਥ ਅਥਾਰਟੀ ਤੋਂ ਪ੍ਰਾਪਤ ਕੀਤੇ ਗਏ।

ਪੁਲਿਸ ਕਮਿਸ਼ਨਰ ਨੇ ਅੱਗੇ ਦੱਸਿਆ ਕਿ ਜ਼ਬਤ ਕੀਤੀ ਸੰਪਤੀ ਵਿੱਚ 23,25,000 ਰੁਪਏ ਮੁੱਲ ਦਾ ਰਿਹਾਇਸ਼ੀ ਘਰ (ਜ਼ਮੀਨ ਅਤੇ ਨਿਰਮਾਣ ਸਮੇਤ), 5,38,919 ਰੁਪਏ ਦੀ ਮੁੱਲ ਦੀ ਮਾਰੂਤੀ ਸੁਜ਼ੂਕੀ ਸਵਿਫਟ VXI, 6,80,392 ਰੁਪਏ ਮੁੱਲ ਦੀ ਮਾਰੂਤੀ ਸੁਜ਼ੂਕੀ ਫ਼ਰੌਂਕਸ ਅਤੇ 61,116 ਰੁਪਏ ਮੁੱਲ ਦਾ ਐਕਟਿਵਾ ਸਕੂਟਰ ਸ਼ਾਮਲ ਹੈ। ਜ਼ਬਤ ਕੀਤੀ ਸੰਪਤੀ ਦੀ ਕੁੱਲ ਕੀਮਤ 36,05,427 ਰੁਪਏ ਬਣਦੀ ਹੈ।

ਨਸ਼ਾ ਤਸਕਰੀ ਨੂੰ ਜੜ੍ਹੋਂ ਖਤਮ ਕਰਨ ਲਈ ਜਲੰਧਰ ਪੁਲਿਸ ਦੀ ਦ੍ਰਿੜ ਵਚਨਬੱਧਤਾ ਦੁਹਰਾਉਂਦਿਆਂ ਉਨ੍ਹਾਂ ਨੇ ਕਿਹਾ ਕਿ ਨਸ਼ੇ ਦੇ ਕਾਰੋਬਾਰ ਵਿੱਚ ਸ਼ਾਮਲ ਕਿਸੇ ਵੀ ਵਿਅਕਤੀ ਨੂੰ ਬਖਸ਼ਿਆ ਨਹੀਂ ਜਾਵੇਗਾ ਅਤੇ ਨਸ਼ਿਆਂ ਦੀ ਕਮਾਈ ਨਾਲ ਪ੍ਰਾਪਤ ਕੀਤੀ ਕੋਈ ਵੀ ਸੰਪਤੀ ਜਾਂ ਵਾਹਨ ਕਾਨੂੰਨ ਅਨੁਸਾਰ ਜ਼ਬਤ ਕੀਤਾ ਜਾਵੇਗਾ।

Leave a Comment

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।

Scroll to Top