ਜਲੰਧਰ, 24 ਸਤੰਬਰ : ਰੂਰਲ ਡਿਵੈਲਪਮੈਂਟ ਐਂਡ ਸੈਲਫ਼ ਇੰਪਲਾਇਮੈਂਟ ਟ੍ਰੇਨਿੰਗ ਇੰਸਟੀਚਿਊਟ ਜਲੰਧਰ ਵੱਲੋਂ ਮੈਨਜ਼ ਸੈਲੋਨ ਕੋਰਸ ਦੀ ਸ਼ੁਰੂਆਤ ਕੀਤੀ ਗਈ ਹੈ, ਜਿਸ ਵਿੱਚ ਸਿਖਿਆਰਥੀਆਂ ਨੂੰ ਬਿਲਕੁਲ ਮੁਫ਼ਤ ਸਿਖ਼ਲਾਈ ਪ੍ਰਦਾਨ ਕੀਤੀ ਜਾਵੇਗੀ।
ਕੋਰਸ ਦੀ ਸ਼ੁਰੂਆਤ ਮੌਕੇ ਸਿਖਿਆਰਥੀਆਂ ਨੂੰ ਸੰਬੋਧਨ ਕਰਦਿਆਂ ਜ਼ਿਲ੍ਹਾ ਰੋਜ਼ਗਾਰ ਉਤਪਤੀ, ਹੁਨਰ ਵਿਕਾਸ ਅਤੇ ਸਿਖ਼ਲਾਈ ਬਿਊਰੋ ਦੇ ਡਿਪਟੀ ਡਾਇਰੈਕਟਰ ਨੀਲਮ ਮਹੇ ਨੇ ਇੰਸਟੀਚਿਊਟ ਵੱਲੋਂ ਕੀਤੇ ਗਏ ਉਪਰਾਲੇ ਦੀ ਸ਼ਲਾਘਾ ਕੀਤੀ। ਉਨ੍ਹਾਂ ਕਿਹਾ ਕਿ ਇਸ ਕੋਰਸ ਦੇ ਸ਼ੁਰੂ ਹੋਣ ਨਾਲ ਇਲਾਕੇ ਦੇ ਨੌਜਵਾਨਾਂ ਨੂੰ ਬਹੁਤ ਲਾਭ ਹੋਵੇਗਾ। ਉਨ੍ਹਾਂ ਕਿਹਾ ਕਿ ਇਸ ਇਕ ਮਹੀਨੇ ਦੇ ਮੁਫ਼ਤ ਕੋਰਸ ਦੌਰਾਨ ਮਾਹਰਾਂ ਵੱਲੋਂ ਸਿਖਿਆਰਥੀ ਨੂੰ ਲੋੜੀਂਦੀ ਸਿਖ਼ਲਾਈ ਪ੍ਰਦਾਨ ਕੀਤੀ ਜਾਵੇਗੀ, ਜੋ ਕਿ ਉਨ੍ਹਾਂ ਨੂੰ ਭਵਿੱਖ ਵਿੱਚ ਆਪਣਾ ਕਾਰੋਬਾਰ ਸਥਾਪਤ ਕਰਨ ਵਿੱਚ ਮਦਦਗਾਰ ਸਾਬਿਤ ਹੋਵੇਗੀ।

ਨੀਲਮ ਮਹੇ ਨੇ ਨੌਜਵਾਨਾਂ ਨੂੰ ਸਰਕਾਰ ਵੱਲੋਂ ਚਲਾਏ ਜਾਂਦੇ ਅਜਿਹੇ ਮੁਫ਼ਤ ਸਿਖ਼ਲਾਈ ਕੋਰਸਾਂ ਵਿੱਚ ਦਾਖ਼ਲਾ ਲੈ ਕੇ ਆਪਣਾ ਭਵਿੱਖ ਸੰਵਾਰਣ ਅਤੇ ਆਪਣੇ ਪਿੰਡ-ਸ਼ਹਿਰ ਵਿੱਚ ਹੋਰ ਨੌਜਵਾਨਾਂ ਨੂੰ ਵੀ ਸਰਕਾਰ ਦੀਆਂ ਅਜਿਹੀਆਂ ਭਲਾਈ ਸਕੀਮਾਂ ਤੋਂ ਜਾਣੂ ਕਰਵਾਉਣ ਦੀ ਅਪੀਲ ਕੀਤੀ। ਉਨ੍ਹਾਂ ਇਸ ਕੋਰਸ ਵਿੱਚ ਦਾਖ਼ਲਾ ਲੈਣ ਵਾਲੇ ਸਮੂਹ ਵਿਦਿਆਰਥੀਆਂ ਨੂੰ ਉਨ੍ਹਾਂ ਦੇ ਰੌਸ਼ਨ ਭਵਿੱਖ ਲਈ ਸ਼ੁਭਕਾਮਨਾਵਾਂ ਦਿੱਤੀਆਂ।
ਇੰਸਟੀਚਿਊਟ ਦੇ ਡਾਇਰੈਕਟਰ ਸੰਜੀਵ ਚੌਹਾਨ ਨੇ ਕਿਹਾ ਕਿ ਸੰਸਥਾ ਵੱਲੋਂ ਭਵਿੱਖ ਵਿੱਚ ਵੀ ਅਜਿਹੀਆਂ ਪਹਿਲਕਦਮੀਆਂ ਜਾਰੀ ਰੱਖੀਆਂ ਜਾਣਗੀਆਂ। ਇਸ ਮੌਕੇ ਇੰਸਟੀਚਿਊਟ ਦਾ ਸਟਾਫ਼ ਵੀ ਮੌਜੂਦ ਸੀ।

















































