ਜਲੰਧਰ, 31 ਮਈ – ਅੱਜ ਜਿਉਂ ਹੀ ਸ਼ਾਮ ਦੇ 6 ਵੱਜੇ ਤਾਂ ਕੈਂਟ ਬੋਰਡ ਦਫ਼ਤਰ, ਨੇੜੇ ਜਵਾਹਰ ਪਾਰਕ ਜਲੰਧਰ ਕੈਂਟ ਵਿਖੇ ਮੌਕ ਡਰਿੱਲ ਕਰਵਾਈ ਗਈ। ਇਸ ਤੋਂ ਪਹਿਲਾਂ ਆਰਮੀ ਵਲੋਂ ਬ੍ਰਿਗੇਡੀਅਰ ਸੁਨੀਲ ਅਤੇ ਜ਼ਿਲ੍ਹਾ ਪ੍ਰਸਾਸ਼ਨ ਵਲੋਂ ਸਕੱਤਰ, ਰਿਜ਼ਨਲ ਟਰਾਂਸਪੋਰਟ ਅਥਾਰਟੀ ਜਲੰਧਰ ਬਲਬੀਰ ਰਾਜ ਸਿੰਘ ਵਲੋਂ ਹੰਗਾਮੀ ਹਾਲਾਤ ਨਾਲ ਨਜਿੱਠਣ ਲਈ ਬ੍ਰੀਫਿੰਗ ਦਿੱਤੀ ਗਈ। ਇਸ ਮੌਕੇ ਜ਼ਿਲ੍ਹਾ ਮਾਲ ਅਫ਼ਸਰ ਨਵਦੀਪ ਸਿੰਘ ਤੋਂ ਇਲਾਵਾ ਫੌਜ, ਸਿਵਲ ਡਿਫੈਂਸ ,ਐਨ.ਡੀ.ਆਰ.ਐਫ., ਐਸ.ਡੀ.ਆਰ.ਐਫ., ਪੰਜਾਬ ਹੋਮਗਾਰਡਜ਼, ਫਾਇਰ ਬ੍ਰਿਗੇਡ, ਸਿਹਤ ਵਿਭਾਗ ਸਮੇਤ ਹੋਰ ਜ਼ਰੂਰੀ ਸੇਵਾਵਾਂ ਨਾਲ ਜੁੜੇ ਵਿਭਾਗਾਂ ਦੇ ਅਧਿਕਾਰੀ ਸ਼ਾਮਿਲ ਸਨ। ਬ੍ਰੀਫਿੰਗ ਤੋਂ ਬਾਅਦ ਇਹ ਵਿਭਾਗ ਤੁਰੰਤ ਹਰਕਤ ਵਿੱਚ ਆਏ ਅਤੇ ਆਪਣੀ ਕਾਰਵਾਈ ਸ਼ੁਰੂ ਕਰ ਦਿੱਤੀ।
ਠੀਕ 6 ਵਜੇ ਹਵਾਈ ਹਮਲੇ ਦੇ ਖਤਰੇ ਦਾ ਸਾਇਰਨ ਵੱਜਿਆ ਅਤੇ ਉਸ ਤੋਂ ਬਾਅਦ ਇਹ ਅਭਿਆਸ ਕੀਤਾ ਗਿਆ, ਜਿਸ ਵਿੱਚ ਪਹਿਲੇ ਅਭਿਆਸ ਵਿੱਚ ਦਿਖਾਇਆ ਗਿਆ ਕਿ ਜੋ ਲੋਕ ਧਰਤੀ ‘ਤੇ ਲੇਟ ਗਏ ਜਾਂ ਸੁਰੱਖਿਅਤ ਥਾਵਾਂ ਉੱਤੇ ਚਲੇ ਗਏ, ਉਹ ਬਚ ਗਏ ਅਤੇ ਜਿਨ੍ਹਾਂ ਵਿਅਕਤੀਆਂ ਨੇ ਸੁਰੱਖਿਆ ਉਪਾਅ ਦੀ ਪਾਲਣਾ ਨਹੀਂ ਕੀਤੀ, ਉਹ ਪ੍ਰਭਾਵਿਤ ਹੋਏ। ਉਸ ਤੋਂ ਬਾਅਦ ਪ੍ਰਭਾਵਿਤ ਹੋਏ ਲੋਕਾਂ ਨੂੰ ਐਂਬੂਲੈਂਸ ਰਾਹੀਂ ਹਸਪਤਾਲ ਭੇਜਣ ਦਾ ਅਭਿਆਸ ਕੀਤਾ ਗਿਆ ਅਤੇ ਨਾਲ ਦੀ ਨਾਲ ਅੱਗ ਲੱਗਣ ਦੀਆਂ ਘਟਨਾਵਾਂ ਨੂੰ ਵੀ ਫਾਇਰ ਬ੍ਰਿਗੇਡ ਦੀ ਮਦਦ ਨਾਲ ਮੌਕੇ ‘ਤੇ ਰੋਕਣ ਦਾ ਅਭਿਆਸ ਕੀਤਾ ਗਿਆ।
ਡਿਪਟੀ ਕਮਿਸ਼ਨਰ ਡਾ. ਹਿਮਾਂਸ਼ੂ ਅਗਰਵਾਲ ਨੇ ਦੱਸਿਆ ਕਿ ਮੌਕ ਡਰਿੱਲ ਦੌਰਾਨ ਜਿਥੇ ਜਨਤਾ ਦੀ ਜਾਨ-ਮਾਲ ਦੀ ਰੱਖਿਆ ਕਰਨ ਸਬੰਧੀ ਕੀਤੇ ਜਾਣ ਵਾਲੇ ਪ੍ਰਬੰਧਾਂ ਦਾ ਜਾਇਜ਼ਾ ਲਿਆ ਜਾਂਦਾ ਹੈ, ਉਥੇ ਹੀ ਜ਼ਰੂਰੀ ਸੇਵਾਵਾਂ ਜਿਵੇਂ ਖਾਧ ਪਦਾਰਥਾਂ ਦੀ ਉਪਲਬੱਧਤਾ, ਸਿਹਤ ਸੇਵਾਵਾਂ ਅਤੇ ਹੋਰ ਲੋੜੀਂਦੀਆਂ ਸੇਵਾਵਾਂ ਮੁੱਹਈਆ ਕਰਵਾਉਣ ਦਾ ਅਭਿਆਸ ਕਰਵਾਇਆ ਜਾਂਦਾ ਹੈ। ਉਨ੍ਹਾਂ ਕਿਹਾ ਕਿ ਅਜਿਹੇ ਹੰਗਾਮੀ ਹਾਲਾਤ ਦੌਰਾਨ ਸੁਰੱਖਿਆ ਉਪਾਵਾਂ ਬਾਰੇ ਜਾਣਕਾਰੀ ਹੋਣੀ ਬਹੁਤ ਜ਼ਰੂਰੀ ਹੈ, ਤਾਂ ਜੋ ਸਾਵਧਾਨੀਆਂ ਵਰਤਕੇ ਆਪਣਾ ਬਚਾਅ ਕੀਤਾ ਜਾ ਸਕੇ।
ਸਕੱਤਰ ਬਲਬੀਰ ਰਾਜ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਜੇਕਰ ਹਵਾਈ ਹਮਲੇ ਦਾ ਖਤਰੇ ਦਾ ਸਾਇਰਨ ਵੱਜੇ ਤਾਂ ਸਭ ਤੋਂ ਪਹਿਲਾਂ ਆਪਣੇ ਆਪ ਨੂੰ ਕਿਸੇ ਇਮਾਰਤ ਵਿੱਚ ਸੁਰੱਖਿਅਤ ਕਰੋ। ਜੇਕਰ ਨੇੜੇ ਇਮਾਰਤ ਨਾ ਹੋਵੇ, ਤਾਂ ਦਰੱਖਤ ਹੇਠ ਸ਼ਰਨ ਲਵੋ। ਇਮਾਰਤ ਦੇ ਅੰਦਰ ਵੀ ਖਿੜਕੀਆਂ ਦੇ ਨੇੜੇ ਖੜ੍ਹੇ ਨਾ ਹੋਵੋ ਅਤੇ ਕਿਸੇ ਕੋਨੇ ਵਿੱਚ ਸ਼ਰਨ ਲਵੋ। ਜੇਕਰ ਰਾਤ ਦਾ ਸਮਾਂ ਹੋਵੇ ਤਾਂ ਹਰ ਪ੍ਰਕਾਰ ਦੀਆਂ ਲਾਈਟਾਂ ਬੰਦ ਕਰ ਦਿਓ।

















































