‘ਪੰਜਾਬ ਸੜਕ ਸਫ਼ਾਈ ਮਿਸ਼ਨ’ ਤਹਿਤ ਐਨ.ਐਚ.ਏ.ਆਈ ਨੇ ਜਲੰਧਰ-ਫਗਵਾੜਾ ਸੜਕ ’ਤੇ ਵਿੱਢੀ ਡ੍ਰੇਨੇਜ ਸਫ਼ਾਈ ਮੁਹਿੰਮ

ਜਲੰਧਰ, 30 ਜੁਲਾਈ: ਡਿਪਟੀ ਕਮਿਸ਼ਨਰ ਡਾ. ਹਿਮਾਂਸ਼ੂ ਅਗਰਵਾਲ ਦੀਆਂ ਹਦਾਇਤਾਂ ਦੀ ਪਾਲਣਾ ਕਰਦਿਆਂ ਨੈਸ਼ਨਲ ਹਾਈਵੇਅ ਅਥਾਰਟੀ ਆਫ਼ ਇੰਡੀਆ (ਐਨ.ਐਚ.ਏ.ਆਈ.) ਵਲੋਂ ਜਲੰਧਰ-ਫਗਵਾੜਾ ਹਾਈਵੇਅ ਦੇ ਨਾਲ-ਨਾਲ ਜਲੰਧਰ ਸ਼ਹਿਰ ਤੱਕ ਡ੍ਰੇਨੇਜ ਦੀ ਸਫ਼ਾਈ ਮੁਹਿੰਮ ਦੀ ਸ਼ੁਰੂਆਤ ਕੀਤੀ ਗਈ ਹੈ। ਇਹ ਉਪਰਾਲਾ ‘ਪੰਜਾਬ ਸੜਕ ਸਫ਼ਾਈ ਮਿਸ਼ਨ’ ਤਹਿਤ ਸੜਕਾਂ ਦੇ ਬੁਨਿਆਦੀ ਢਾਂਚੇ ਨੂੰ ਬਰਕਰਾਰ ਰੱਖਦਿਆਂ ਆਮ ਲੋਕਾਂ ਨੂੰ ਸਹੂਲਤ ਮੁਹੱਈਆ ਕਰਵਾਉਣ ਦੇ ਮੰਤਵ ਤਹਿਤ ਕੀਤਾ ਜਾ ਰਿਹਾ ਹੈ।
ਡਿਪਟੀ ਕਮਿਸ਼ਨਰ ਵਲੋਂ ਖੁਦ ਇਸ ਰੋਡ ਨੂੰ ਗੋਦ ਲਿਆ ਗਿਆ ਹੈ ਅਤੇ ਉਹ ਨਿੱਜੀ ਤੌਰ ’ਤੇ ਸੜਕ ਦੀ ਹਾਲਤ ਨੂੰ ਸੁਧਾਰਨ ਅਤੇ ਵਧੀਆ ਬਣਾਉਣ ਅਤੇ ਇਸ ਦੇ ਸੁਚੱਜੇ ਰੱਖ-ਰਖਾਵ ਦੀ ਨਿਗਰਾਨੀ ਕਰ ਰਹੇ ਹਨ। ਹਾਲ ਹੀ ਵਿੱਚ ਕੀਤੇ ਗਏ ਨਿਰੀਖਣ ਦੌਰਾਨ ਡਾ. ਅਗਰਵਾਲ ਵਲੋਂ ਕਈ ਡ੍ਰੇਨੇਜ ਲਾਈਨਾਂ ਦੇ ਬੁਰੀ ਤਰ੍ਹਾਂ ਬੰਦ ਹੋਣ, ਜਿਸ ਕਰਕੇ ਖਾਸ ਤੌਰ ’ਤੇ ਬਰਸਾਤਾਂ ਦੇ ਦਿਨਾਂ ਦੌਰਾਨ ਪਾਣੀ ਜਮ੍ਹਾਂ ਹੁੰਦਾ ਹੈ ਆਦਿ ਕਈ ਮੁੱਦਿਆਂ ਨੂੰ ਧਿਆਨ ਵਿੱਚ ਲਿਆਂਦਾ ਗਿਆ ਅਤੇ ਐਨ.ਐਚ.ਆਈ.ਏ. ਦੇ ਅਧਿਕਾਰੀਆ ਨੂੰ ਪਹਿਲ ਦੇ ਅਧਾਰ ’ਤੇ ਇਸ ਮਸਲੇ ਨੂੰ ਹੱਲ ਕਰਨ ਦੀਆਂ ਹਦਾਇਤਾਂ ਕੀਤੀਆਂ ਗਈਆਂ ਸਨ।
ਇਸ ’ਤੇ ਤੁਰੰਤ ਕਾਰਵਾਈ ਕਰਦਿਆਂ ਐਨ.ਐਚ.ਆਈ.ਏ. ਵਲੋਂ ਡਰੇਨਜ਼ ਵਿੱਚ ਜਮ੍ਹਾਂ ਹੋਈ ਗਾਰ ਨੂੰ ਹਟਾਉਣ ਅਤੇ ਬਰਸਾਤੀ ਪਾਣੀ ਦੇ ਨਿਰਵਿਘਨ ਵਹਾਅ ਲਈ ਬੰਦ ਡਰੇਨਜ਼ ਨੂੰ ਖੋਲ੍ਹਣ ਦਾ ਕੰਮ ਸ਼ੁਰੂ ਕਰ ਦਿੱਤਾ ਗਿਆ ਹੈ। ਇਹ ਉਪਰਾਲਾ ਪਾਣੀ ਨੂੰ ਇਕੱਠਾ ਹੋਣ ਤੋਂ ਰੋਕਣ ਅਤੇ ਸਾਫ਼-ਸੁਥਰੀਆਂ ਸੜਕਾਂ ਤੇ ਸੁਰੱਖਿਆ ਨੂੰ ਯਕੀਨੀ ਬਣਾਉਣ ਵੱਲ ਮਹੱਤਵਪੂਰਨ ਕਦਮ ਹੈ। 
ਮੁੱਖ ਮੰਤਰੀ ਪੰਜਾਬ ਸ੍ਰ. ਭਗਵੰਤ ਸਿੰਘ ਮਾਨ ਵਲੋਂ ਪੰਜਾਬ ਨੂੰ ਦੇਸ਼ ਦਾ ਸਭ ਤੋਂ ਵੱਧ ਸਾਫ਼-ਸੁਥਰਾ ਸੂਬਾ ਬਣਾਉਣ ਦੇ ਸੰਕਲਪ ਨੂੰ ਦੁਹਰਾਉਂਦਿਆਂ ਡਾ. ਅਗਰਵਾਲ ਨੇ ਕਿਹਾ ਕਿ ਜ਼ਿਲ੍ਹਾ ਪ੍ਰਸ਼ਾਸਨ ‘ਪੰਜਾਬ ਸੜਕ ਸਫ਼ਾਈ ਮਿਸ਼ਨ’ ਨੂੰ ਸਫ਼ਲ ਬਣਾਉਣ ਲਈ ਪੂਰੀ ਤਰ੍ਹਾਂ ਵਚਨਬੱਧ ਹੈ।
   ਜ਼ਿਕਰਯੋਗ ਹੈ ਕਿ ਇਸ ਪਹਿਲ ਕਦਮੀ ਸਦਕਾ ਡਿਪਟੀ ਕਮਿਸ਼ਨਰ ਸਮੇਤ ਜ਼ਿਲ੍ਹੇ ਦੇ ਸੀਨੀਅਰ ਅਧਿਕਾਰੀਆ ਵਲੋਂ 10 ਕਿਲੋਮੀਟਰ ਤੱਕ 51 ਸੜਕਾਂ ਨੂੰ ਗੋਦ ਗਿਆ ਹੈ ਅਤੇ ਇਨ੍ਹਾਂ ਦੀ ਸੁਚੱਜੇ ਢੰਗ ਨਾਲ ਸਾਂਭ-ਸੰਭਾਲ ਲਈ ਨਿਗਰਾਨੀ ਕੀਤੀ ਜਾ ਰਹੀ ਹੈ।
ਡਿਪਟੀ ਕਮਿਸ਼ਨਰ ਨੇ ਸਬੰਧਿਤ ਅਧਿਕਾਰੀਆਂ ਨੂੰ ਸੱਦਾ ਦਿੱਤਾ ਕਿ ਉਹ ਪੂਰੀ ਸਰਗਰਮੀ ਨਾਲ ਅਡਾਪਟ ਕੀਤੀਆਂ ਗਈਆਂ ਸੜਕਾਂ ਦੀ ਸੁਚੱਜੇ ਢੰਗ ਨਾਲ ਸੰਭਾਲ ਕਰਨ ਵਿੱਚ ਆ ਰਹੀਆਂ ਦਿੱਕਤਾਂ ਨੂੰ ਉਜਾਗਰ ਕਰਨ, ਤਾਂ ਜੋ ਸਬੰਧਿਤ ਵਿਭਾਗਾਂ ਵਲੋਂ ਇਹਨਾਂ ਮੁੱਦਿਆ ਨੂੰ ਤੁਰੰਤ ਹੱਲ ਕਰਕੇ ਜ਼ਿਲ੍ਹਾ ਵਾਸੀਆਂ ਨੂੰ ਵੱਡੀ ਰਾਹਤ ਪਹੁੰਚਾਈ ਜਾ ਸਕੇ।
——————

Leave a Comment

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।

Scroll to Top