ਜਲੰਧਰ, 7 ਮਾਰਚ : ਡਿਪਟੀ ਕਮਿਸ਼ਨਰ ਡਾ. ਹਿਮਾਂਸ਼ੂ ਅਗਰਵਾਲ ਨੇ ਆਉਣ ਵਾਲੇ ਮਾਨਸੂਨ ਸੀਜ਼ਨ ਦੇ ਮੱਦੇਨਜ਼ਰ ਸੰਭਾਵੀ ਹੜ੍ਹਾਂ ਵਰਗੀ ਕਿਸੇ ਵੀ ਸਥਿਤੀ ਨਾਲ ਨਜਿੱਠਣ ਲਈ ਜ਼ਿਲ੍ਹੇ ਵਿੱਚ ਕੀਤੇ ਜਾ ਰਹੇ ਅਗੇਤੇ ਪ੍ਰਬੰਧਾਂ ਦਾ ਜਾਇਜ਼ਾ ਲਿਆ।
ਇਸ ਸਬੰਧੀ ਇਥੇ ਇਕ ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਡਿਪਟੀ ਕਮਿਸ਼ਨਰ ਨੇ ਅਧਿਕਾਰੀਆਂ ਨੂੰ ਬਰਸਾਤ ਤੋਂ ਪਹਿਲਾਂ-ਪਹਿਲਾਂ ਪੁਖ਼ਤਾ ਪ੍ਰਬੰਧ ਯਕੀਨੀ ਬਣਾਉਣ ਦੇ ਨਿਰਦੇਸ਼ ਦਿੱਤੇ ਤਾਂ ਜੋ ਮਾਨਸੂਨ ਦੌਰਾਨ ਜੇਕਰ ਕੋਈ ਸੰਕਟ ਵਰਗੀ ਸਥਿਤੀ ਪੈਦਾ ਹੁੰਦੀ ਹੈ ਤਾਂ ਉਸ ਨਾਲ ਸਹੀ ਢੰਗ ਨਾਲ ਨਿਪਟਿਆ ਜਾ ਸਕੇ। ਉਨ੍ਹਾਂ ਨਹਿਰਾਂ, ਡਰੇਨਾਂ ਦੀ ਸਾਫ-ਸਫਾਈ, ਗਾਰ ਕੱਢਣ ਅਤੇ ਨਹਿਰਾਂ ਦੇ ਨਾਜ਼ੁਕ ਕਿਨਾਰਿਆਂ ਨੂੰ ਮਜ਼ਬੂਤ ਕਰਨ ਦੇ ਕੰਮ ਨੂੰ ਤਰਜੀਹ ਦੇ ਆਧਾਰ ’ਤੇ ਨੇਪਰੇ ਚਾੜ੍ਹਨ ਦੀਆਂ ਹਦਾਇਤਾਂ ਕੀਤੀਆਂ।
ਉਨ੍ਹਾਂ ਅਧਿਕਾਰੀਆਂ ਨੂੰ ਕਿਹਾ ਕਿ ਧੁੰਸੀ ਬੰਨ੍ਹ ਦੇ ਨਾਲ ਲੱਗਦੇ ਸੰਵੇਦਨਸ਼ੀਲ ਤੇ ਨਾਜ਼ੁਕ ਇਲਾਕਿਆਂ ਦੀ ਪਛਾਣ ਕੀਤੀ ਜਾਵੇ, ਖਾਸ ਕਰ ਕੇ ਪਿਛਲੇ ਸਾਲ ਦੀ ਸਥਿਤੀ ਨੂੰ ਧਿਆਨ ਵਿੱਚ ਰੱਖਦੇ ਹੋਏ, ਤਾਂ ਜੋ ਅਜਿਹੇ ਖੇਤਰਾਂ ਵਿੱਚ ਹੜ੍ਹਾਂ ਤੋਂ ਬਚਾਅ ਸਬੰਧੀ ਲੋੜੀਂਦੇ ਬੰਦੋਬਸਤ ਸਮਾਂ ਰਹਿੰਦੇ ਹੀ ਕੀਤੇ ਜਾ ਸਕਣ।
ਹੜ੍ਹਾਂ ਵਰਗੀ ਕਿਸੇ ਵੀ ਸਥਿਤੀ ਨਾਲ ਨਜਿੱਠਣ ਦੀ ਪੰਜਾਬ ਸਰਕਾਰ ਦੀ ਵਚਨਬੱਧਤਾ ਦਹੁਰਾਉਂਦਿਆਂ ਡਾ. ਅਗਰਵਾਲ ਨੇ ਪਹਿਲਾਂ ਤੋਂ ਪੁਖ਼ਤਾ ਪ੍ਰਬੰਧ ਮੁਕੰਮਲ ਕਰਨ ’ਤੇ ਜ਼ੋਰ ਦਿੱਤਾ। ਉਨ੍ਹਾਂ ਉਪ ਮੰਡਲ ਮੈਜਿਸਟ੍ਰੇਟਸ ਨੂੰ ਕਿਹਾ ਕਿ ਉਹ ਆਪਣੇ-ਆਪਣੇ ਅਧਿਕਾਰ ਖੇਤਰਾਂ ਵਿੱਚ ਚੱਲ ਰਹੇ ਹੜ੍ਹਾਂ ਤੋਂ ਸੁਰੱਖਿਆ ਸਬੰਧੀ ਕੰਮਾਂ ਦੀ ਨਿੱਜੀ ਤੌਰ ’ਤੇ ਨਿਗਰਾਨੀ ਯਕੀਨੀ ਬਣਾਉਣ ਤਾਂ ਜੋ ਇਨ੍ਹਾਂ ਨੂੰ ਨਿਰਧਾਰਿਤ ਮਾਪਦੰਡਾਂ ਅਨੁਸਾਰ ਅਤੇ ਸਮੇਂ ਸਿਰ ਮੁਕੰਮਲ ਕੀਤਾ ਜਾ ਸਕੇ। ਉਨ੍ਹਾਂ ਇਸ ਮੌਕੇ ਨਾਜਾਇਜ਼ ਕਬਜ਼ੇ, ਜਿਨ੍ਹਾਂ ਕਰਕੇ ਦਰਿਆ ਦੇ ਵਹਾਅ ਵਿੱਚ ਰੁਕਾਵਟ ਪੈ ਸਕਦੀ ਹੈ, ਨੂੰ ਹਟਾਉਣ ਦੀਆਂ ਸਖ਼ਤ ਹਦਾਇਤਾਂ ਵੀ ਕੀਤੀਆਂ। ਇਸ ਤੋਂ ਇਲਾਵਾ ਦਰਿਆ ਦੇ ਕਿਨਾਰਿਆਂ ਦੇ ਨਾਲ-ਨਾਲ ਬਾਂਸ ਤੇ ਸਫੈਦੇ ਦੇ ਰੁਖ ਲਗਾਉਣ ਲਈ ਵੀ ਕਿਹਾ ਤਾਂ ਜੋ ਭਵਿੱਖ ਵਿੱਚ ਮਿੱਟੀ ਦੇ ਕਟਾਅ ਨੂੰ ਰੋਕਿਆ ਜਾ ਸਕੇ।
ਡਿਪਟੀ ਕਮਿਸ਼ਨਰ ਨੇ ਵੇਈਂ ਦੀ ਸਫਾਈ ਅਤੇ ਸੰਵੇਦਨਸ਼ੀਲ ਕਿਨਾਰਿਆਂ ਦੀ ਮਜ਼ਬੂਤੀ ’ਤੇ ਵੀ ਜ਼ੋਰ ਦਿੱਤਾ ਤਾਂ ਜੋ ਮਾਨਸੂਨ ਦੌਰਾਨ ਵੇਈਂ ਦੇ ਨਾਲ ਲੱਗਦੇ ਇਲਾਕਿਆਂ ਵਿੱਚ ਪਾਣੀ ਭਰਨ ਵਰਗੀ ਕੋਈ ਸਥਿਤੀ ਪੈਦਾ ਨਾ ਹੋਵੇ। ਬਰਸਾਤ ਦੌਰਾਨ ਸ਼ਹਿਰ ਵਿੱਚ ਪਾਣੀ ਜਮ੍ਹਾ ਹੋਣ ਦੀ ਸਥਿਤੀ ਨਾਲ ਨਜਿੱਠਣ ਲਈ ਡਿਪਟੀ ਕਮਿਸ਼ਨਰ ਨੇ ਨਗਰ ਨਿਗਮ ਜਲੰਧਰ ਦੇ ਅਧਿਕਾਰੀਆਂ ਨੂੰ ਕਿਹਾ ਕਿ ਬਰਸਾਤ ਦੌਰਾਨ ਕਿਸੇ ਵੀ ਇਲਾਕੇ ਵਿੱਚ ਪਾਣੀ ਰੁਕਣਾ ਨਹੀਂ ਚਾਹੀਦਾ, ਜਿਸ ਦੇ ਲਈ ਸੀਵਰੇਜ ਦੀ ਸਫਾਈ, ਐਸ.ਟੀ.ਪੀਜ਼. ਦੇ ਢੁੱਕਵੇਂ ਸੰਚਾਲਨ, ਲੋੜੀਂਦੀ ਮਸ਼ੀਨਰੀ ਸਮੇਤ ਹੋਰ ਜ਼ਰੂਰੀ ਇੰਤਜ਼ਾਮ ਪਹਿਲਾਂ ਹੀ ਮੁਕੰਮਲ ਕਰ ਲਏ ਜਾਣ।
ਬਰਸਾਤ ਦੇ ਪਾਣੀ ਦੀ ਸੰਭਾਲ ਲਈ ਡਿਪਟੀ ਕਮਿਸ਼ਨਰ ਨੇ ਰੇਨ ਵਾਟਰ ਹਾਰਵੈਸਟਿੰਗ ਸਿਸਟਮ ’ਤੇ ਜ਼ੋਰ ਦਿੱਤਾ। ਉਨ੍ਹਾਂ ਕਿਹਾ ਕਿ 200 ਸਕੁਏਰ ਗਜ਼ ਤੋਂ ਵੱਧ ਦੇ ਰਿਹਾਇਸ਼ੀ ਪਲਾਟ ਅਤੇ ਕਮਰਸ਼ੀਅਲ ਕੰਪਲੈਕਸਾਂ, ਮਾਲਾਂ ਅਤੇ ਵੱਡੀਆਂ ਇਮਾਰਤਾਂ ’ਤੇ ਰੇਨ ਵਾਟਰ ਹਾਰਵੈਸਟਿੰਗ ਸਿਸਟਮ ਲਗਾਉਣਾ ਲਾਜ਼ਮੀ ਹੈ। ਉਨ੍ਹਾਂ ਨਗਰ ਨਿਗਮ ਜਲੰਧਰ ਦੇ ਅਧਿਕਾਰੀਆਂ ਨੂੰ ਇਨ੍ਹਾਂ ਨਿਯਮਾਂ ਦੀ ਸਖ਼ਤੀ ਨਾਲ ਪਾਲਣਾ ਯਕੀਨੀ ਬਣਾਉਣ ਦੀ ਹਦਾਇਤ ਕੀਤੀ। ਰੇਨ ਵਾਟਰ ਹਾਰਵੈਸਟਿੰਗ ਸਿਸਟਮ ਸਬੰਧੀ ਵਧੇਰੇ ਜਾਣਕਾਰੀ ਲਈ ਐਸ.ਈ. ਨਗਰ ਨਿਗਮ ਨਾਲ 94175-49549 ‘ਤੇ ਸੰਪਰਕ ਕੀਤਾ ਜਾ ਸਕਦਾ ਹੈ।
ਇਸ ਤੋਂ ਇਲਾਵਾ ਡਾ. ਅਗਰਵਾਲ ਨੇ ਫਲੱਡ ਲਾਈਟਾਂ, ਸਰਚ ਲਾਈਟਾਂ, ਲਾਈਫ਼ ਜੈਕਟਾਂ, ਵਾਇਰਲੈੱਸ ਸੈਟ, ਰੱਸੇ, ਕਿਸ਼ਤੀਆਂ, ਰੇਤ ਦੀਆਂ ਬੋਰੀਆਂ, ਕਿਸ਼ਤੀਚਾਲਕਾਂ ਤੇ ਗੋਤਾਖੋਰਾਂ ਦੀ ਸੂਚੀ, ਸਪਰੇਅ, ਫੋਗਿੰਗ ਮਸ਼ੀਨਾਂ ਸਮੇਤ ਹੋਰ ਜ਼ਰੂਰੀ ਸਾਮਾਨ ਦੇ ਪ੍ਰਬੰਧ ਅਗੇਤੇ ਤੌਰ ’ਤੇ ਯਕੀਨੀ ਬਣਾਉਣ ਦੀਆਂ ਹਦਾਇਤਾਂ ਵੀ ਕੀਤੀਆਂ। ਉਨ੍ਹਾਂ ਅਧਿਕਾਰੀਆਂ ਨੂੰ ਪਿੰਡਾਂ ਅਤੇ ਸ਼ਹਿਰਾਂ ਵਿੱਚ ਉੱਚੇ ਸਥਾਨਾਂ ਦੀ ਸ਼ਨਾਖਤ ਕਰਨ ਲਈ ਵੀ ਕਿਹਾ, ਤਾਂ ਜੋ ਜੇਕਰ ਹੜ੍ਹਾਂ ਵਰਗੇ ਹਾਲਾਤ ਪੈਦਾ ਹੁੰਦੇ ਹਨ ਤਾਂ ਲੋਕਾਂ ਨੂੰ ਉਥੇ ਰਾਹਤ ਕੈਂਪਾਂ ਵਿੱਚ ਸੁਰੱਖਿਅਤ ਪਹੁੰਚਾਇਆ ਜਾ ਸਕੇ।
ਇਸ ਦੌਰਾਨ ਡਿਪਟੀ ਕਮਿਸ਼ਨਰ ਨੇ ਪਿਛਲੇ ਮਾਨਸੂਨ ਸੀਜ਼ਨ ਦੌਰਾਨ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀਆਂ, ਕਰਮਚਾਰੀਆਂ, ਫੌਜ, ਮਗਨਰੇਗਾ ਵਰਕਰਾਂ, ਸੰਗਤ ਅਤੇ ਸੈਂਕੜੇ ਵਲੰਟੀਅਰਾਂ ਦੇ ਅਣਥੱਕ ਯਤਨਾਂ ਦੀ ਸ਼ਲਾਘਾ ਵੀ ਕੀਤੀ, ਜਿਸ ਸਦਕਾ ਜ਼ਿਲ੍ਹਾ ਜਲੰਧਰ ਵਿਖੇ ਦਰਿਆ ‘ਚ ਕੋਈ ਪਾੜ ਨਹੀਂ ਪਿਆ।
ਮੀਟਿੰਗ ਵਿੱਚ ਸਹਾਇਕ ਕਮਿਸ਼ਨਰ (ਯੂ.ਟੀ.) ਮੁਕਿਲਨ ਆਰ, ਐਸ.ਡੀ.ਐਮ. ਸ਼ਾਇਰੀ ਮਲਹੋਤਰਾ ਤੇ ਨਵਦੀਪ ਸਿੰਘ, ਜ਼ਿਲ੍ਹਾ ਮਾਲ ਅਫ਼ਸਰ ਨਵਦੀਪ ਸਿੰਘ ਤੋਂ ਇਲਾਵਾ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀ ਵੀ ਮੌਜੂਦ ਸਨ।

















































