ਜਲੰਧਰ: ਧੰਨ-ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਦਿਹਾੜੇ ਦੇ ਸਬੰਧ ਵਿੱਚ ਲੁਹਾਰਾਂ ਮੁਹੱਲਾ, ਲੱਧੇਵਾਲੀ ਰਾਮਾ ਮੰਡੀ (ਜਲੰਧਰ) ਵੱਲੋਂ ਪਿਛਲੇ ਦਿਨੀਂ ਨਗਰ ਕੀਰਤਨ ਕੱਢਿਆ ਗਿਆ। ਇਹ ਨਗਰ ਕੀਰਤਨ ਲੁਹਾਰਾਂ ਮੁਹੱਲਾ ਸਿੰਘ ਸਭਾ ਗੁਰਦੁਆਰਾ ਸਾਹਿਬ ਤੋਂ ਆਰੰਭ ਹੋਇਆ, ਜਿਸਦਾ ਥਾਂ-ਥਾਂ ‘ਤੇ ਸੰਗਤਾਂ ਵੱਲੋਂ ਭਰਪੂਰ ਸਵਾਗਤ ਕੀਤਾ ਗਿਆ।
ਕਰੀਬ 3 ਵਜੇ ਨਗਰ ਕੀਰਤਨ ਕਬੀਰ ਵਿਖੇ ਪਹੁੰਚਿਆ, ਜਿੱਥੇ ਕਬੀਰ ਐਵਨਿਊ ਦੀ ਸੁਸਾਇਟੀ ਦੀਆਂ ਸੰਗਤਾਂ ਵੱਲੋਂ ਫੁੱਲਾਂ ਦੀ ਵਰਖਾ ਕਰਕੇ ਪੰਜ ਪਿਆਰਿਆਂ ਅਤੇ ਪ੍ਰਬੰਧਕ ਕਮੇਟੀ ਦਾ ਸਨਮਾਨ ਕੀਤਾ ਗਿਆ। ਕਬੀਰ ਐਵਨਿਊ ਦੀਆਂ ਸੰਗਤਾਂ ਵੱਲੋਂ ਜੈਕਾਰਿਆਂ ਨਾਲ ਨਗਰ ਕੀਰਤਨ ਦਾ ਜੀ ਆਇਆ ਕੀਤਾ ਗਿਆ। ਇਸ ਮੌਕੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਸੁੰਦਰ ਰੁਮਾਲੇ ਭੇਟ ਕੀਤੇ ਗਏ।
ਇਸ ਦੌਰਾਨ ਗਤਕਾ ਟੀਮ ਦਾ ਵੀ ਕਬੀਰ ਐਵਨਿਊ ਸੁਸਾਇਟੀ ਵੱਲੋਂ ਗਰਮਜੋਸ਼ੀ ਨਾਲ ਸਤਿਕਾਰ ਕੀਤਾ ਗਿਆ। ਗਤਕਾ ਟੀਮ ਵੱਲੋਂ ਆਪਣੇ ਸ਼ਾਨਦਾਰ ਕਰਤੱਬ ਦਿਖਾਏ ਗਏ, ਜਿਸ ਨਾਲ ਸੰਗਤਾਂ ਨੇ ਸਤਿਨਾਮ ਵਾਹਿਗੁਰੂ ਦਾ ਨਾਮ ਜਪਦਿਆਂ ਆਤਮਕ ਆਨੰਦ ਪ੍ਰਾਪਤ ਕੀਤਾ।

ਸੁਸਾਇਟੀ ਦੇ ਪ੍ਰਧਾਨ ਸੁਲਿੰਦਰ ਸਿੰਘ ਕੰਡੀ ਵੱਲੋਂ ਆਪਣੇ ਸੰਬੋਧਨ ਵਿੱਚ ਕਿਹਾ ਗਿਆ ਕਿ ਜਿਵੇਂ ਹਰ ਸਾਲ ਨਗਰ ਕੀਰਤਨ ਦਾ ਸਵਾਗਤ ਕੀਤਾ ਜਾਂਦਾ ਹੈ, ਉਸੇ ਤਰ੍ਹਾਂ ਵਾਹਿਗੁਰੂ ਅੱਗੇ ਅਰਦਾਸ ਕੀਤੀ ਗਈ ਕਿ ਪਰਮਾਤਮਾ ਹਰ ਸਾਲ ਸਾਨੂੰ ਇਸ ਪਾਵਨ ਸੇਵਾ ਦਾ ਮੌਕਾ ਬਖ਼ਸ਼ੇ।
ਕਬੀਰ ਸੁਸਾਇਟੀ ਵੱਲੋਂ ਸੰਗਤਾਂ ਲਈ ਜਲ ਪਾਣੀ ਦਾ ਵਿਸ਼ੇਸ਼ ਪ੍ਰਬੰਧ ਕੀਤਾ ਗਿਆ, ਜਿਸਨੂੰ ਸੰਗਤਾਂ ਨੇ ਛਕ ਕੇ ਆਨੰਦ ਮਾਣਿਆ। ਇਸ ਸੇਵਾ ਵਿੱਚ ਕਬੀਰ ਐਵਨਿਊ ਸੁਸਾਇਟੀ ਦੀ ਪ੍ਰਬੰਧਕ ਕਮੇਟੀ ਦੇ ਮੈਂਬਰ ਦਲਵੀਰ ਸਿੰਘ ਢਿੱਲੋਂ, ਬਲਦੇਵ ਸਿੰਘ ਮਾਂਗਟ, ਬਿੱਟੂ ਲੱਧੇਵਾਲੀ, ਅਮਨਦੀਪ ਸਿੰਘ, ਮਲਕੀਤ ਸਿੰਘ ਆਦਿ ਨੇ ਮਹੱਤਵਪੂਰਨ ਯੋਗਦਾਨ ਪਾਇਆ।
ਅੰਤ ਵਿੱਚ ਸਾਰਿਆਂ ਵੱਲੋਂ ਗੁਰੂ ਮਹਾਰਾਜ ਜੀ ਦਾ ਦਿਲੋਂ ਸ਼ੁਕਰਾਨਾ ਅਦਾ ਕੀਤਾ ਗਿਆ।

















































