ਜਲੰਧਰ, 9 ਸਤੰਬਰ : ਪੰਜਾਬ ਸਰਕਾਰ ਵੱਲੋਂ ਸੂਬੇ ਵਿੱਚ ਖੇਡ ਸੱਭਿਆਚਾਰ ਨੂੰ ਹੁਲਾਰਾ ਦੇਣ ਲਈ ਕਰਵਾਈਆਂ ਜਾ ਰਹੀਆਂ ‘ਖੇਡਾਂ ਵਤਨ ਪੰਜਾਬ ਦੀਆਂ-2026’ ਤਹਿਤ ਜ਼ਿਲ੍ਹੇ ਵਿੱਚ ਬਲਾਕ ਪੱਧਰੀ ਖੇਡ ਮੁਕਾਬਲੇ ਸ਼ੁਰੂ ਹੋ ਗਏ ਹਨ।
ਵਿਧਾਇਕ ਇੰਦਰਜੀਤ ਕੌਰ ਮਾਨ, ਚੇਅਰਮੈਨ ਪੰਜਾਬ ਰਾਜ ਸਹਿਕਾਰੀ ਖੇਤੀਬਾੜੀ ਵਿਕਾਸ ਬੈਂਕ ਪਵਨ ਕੁਮਾਰ ਟੀਨੂੰ, ਮੇਅਰ ਵਿਨੀਤ ਧੀਰ ਅਤੇ ਡਿਪਟੀ ਕਮਿਸ਼ਨਰ ਵਰਜੀਤ ਵਾਲੀਆ ਨੇ ਜ਼ਿਲ੍ਹੇ ਦੇ ਨੌਜਵਾਨਾਂ ਤੇ ਖਿਡਾਰੀਆਂ ਨੂੰ ਇਨ੍ਹਾਂ ਖੇਡਾਂ ਵਿੱਚ ਵਧ-ਚੜ੍ਹ ਕੇ ਹਿੱਸਾ ਲੈਣ ਦਾ ਸੱਦਾ ਦਿੱਤਾ। ਇਸ ਮੌਕੇ ‘ਆਪ’ ਆਗੂ ਰਾਜਵਿੰਦਰ ਕੌਰ ਥਿਆੜਾ, ਨਿਤਿਨ ਕੋਹਲੀ, ਪਰਮਿੰਦਰ ਸਿੰਘ ਪੰਡੌਰੀ, ਹਰਜੋਤ ਕੌਰ ਲੋਹਟੀਆ ਵੀ ਮੌਜੂਦ ਸਨ।
ਇਥੇ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀਆਂ ਨਾਲ ਮੀਟਿੰਗ ਦੌਰਾਨ ਵਿਧਾਇਕ, ਚੇਅਰਮੈਨ, ਮੇਅਰ ਅਤੇ ਡਿਪਟੀ ਕਮਿਸ਼ਨਰ ਨੇ ਸਾਂਝੇ ਤੌਰ ’ਤੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਨ੍ਹਾਂ ਖੇਡਾਂ ਵਿੱਚ ਅੰਡਰ-14, ਅੰਡਰ-17, ਅੰਡਰ-21, 21-30,31-40,41-50,51-60, 61-70 ਅਤੇ 70 ਤੋਂ ਵੱਧ ਉਮਰ ਦੇ ਖਿਡਾਰੀ ਭਾਗ ਲੈ ਸਕਦੇ ਹਨ। ਉਨ੍ਹਾਂ ਖੇਡ, ਸਿੱਖਿਆ, ਯੁਵਕ ਸੇਵਾਵਾਂ ਵਿਭਾਗ ਸਮੇਤ ਹੋਰਨਾਂ ਸਬੰਧਤ ਵਿਭਾਗਾਂ ਦੇ ਅਧਿਕਾਰੀਆਂ ਨੂੰ ਕਿਹਾ ਕਿ ਇਨ੍ਹਾਂ ਖੇਡਾਂ ਵਿੱਚ ਭਾਗ ਲੈਣ ਲਈ ਵੱਧ ਤੋਂ ਵੱਧ ਖਿਡਾਰੀਆਂ/ਕਲੱਬਾਂ/ਟੀਮਾਂ ਨੂੰ ਪ੍ਰੇਰਿਤ ਕੀਤਾ ਜਾਵੇ।
ਉਨ੍ਹਾਂ ਦੱਸਿਆ ਕਿ ਇਨ੍ਹਾਂ ਖੇਡਾਂ ਵਿੱਚ 9 ਉਮਰ ਵਰਗ ਵਿੱਚ 38 ਖੇਡਾਂ ਤੇ 1 ਪ੍ਰਦਰਸ਼ਨੀ ਖੇਡ (ਟੈਨਿਸ ਬਾਲ ਕ੍ਰਿਕਟ) ਅਤੇ 4 ਪੈਰਾ ਸਪੋਰਟਸ ਖੇਡਾਂ ਦੇ ਮੁਕਾਬਲੇ ਬਲਾਕ, ਜ਼ਿਲ੍ਹਾ ਅਤੇ ਸੂਬਾ ਪੱਧਰ ਉੱਤੇ ਕਰਵਾਏ ਜਾ ਰਹੇ ਹਨ। ਜੇਤੂਆਂ ਨੂੰ ਕੁੱਲ 12 ਕਰੋੜ ਰੁਪਏ ਤੋਂ ਵੱਧ ਦੀ ਇਨਾਮੀ ਰਾਸ਼ੀ ਅਤੇ ਗ੍ਰਡੇਸ਼ਨ ਸਰਟੀਫਿਕੇਟ ਦਿੱਤੇ ਜਾਣਗੇ।
ਉਨ੍ਹਾਂ ਦੱਸਿਆ ਕਿ ਬਲਾਕ ਪੱਧਰ ਉੱਤੇ ਸੱਤ ਖੇਡਾਂ ਅਥਲੈਟਿਕਸ, ਖੋਹ-ਖੋਹ, ਕਬੱਡੀ (ਨੈਸ਼ਨਲ ਸਟਾਈਲ), ਕਬੱਡੀ (ਸਰਕਲ ਸਟਾਈਲ), ਫੁੱਟਬਾਲ, ਵਾਲੀਬਾਲ (ਸਮੈਸ਼ਿੰਗ) ਅਤੇ ਵਾਲੀਬਾਲ (ਸ਼ੂਟਿੰਗ) ਦੇ ਮੁਕਾਬਲੇ ਕਰਵਾਏ ਜਾ ਰਹੇ ਹਨ। ਜਦਕਿ 20 ਸਤੰਬਰ ਤੋਂ 30 ਸਤੰਬਰ ਤੱਕ ਜ਼ਿਲ੍ਹਾ ਪੱਧਰੀ ਮੁਕਾਬਲੇ ਹੋਣਗੇ। ਜ਼ਿਲਾ ਪੱਧਰੀ ਖੇਡਾਂ ਵਿੱਚ ਬਲਾਕ ਪੱਧਰ ਦੀਆਂ 7 ਖੇਡਾਂ ਦੇ ਜੇਤੂਆਂ ਤੋਂ ਇਲਾਵਾ 21 ਹੋਰ ਖੇਡਾਂ ਸਿੱਧੀਆਂ ਜ਼ਿਲ੍ਹਾ ਪੱਧਰ ਉਤੇ ਨਵੀਆਂ ਸ਼ਾਮਲ ਹੋਣਗੀਆਂ। ਜ਼ਿਲ੍ਹਾ ਪੱਧਰ ਉੱਤੇ ਕੁੱਲ 28 ਖੇਡਾਂ ਦੇ ਮੁਕਾਬਲੇ ਹੋਣਗੇ।
ਇਨ੍ਹਾਂ 21 ਖੇਡਾਂ ਵਿੱਚ ਹੈਂਡਬਾਲ, ਸਾਫਟਬਾਲ, ਜੂਡੋ, ਗਤੱਕਾ, ਕਿੱਕ ਬਾਕਸਿੰਗ, ਹਾਕੀ, ਨੈਟਬਾਲ, ਬੈਡਮਿੰਟਨ, ਬਾਸਕਟਬਾਲ, ਪਾਵਰਲਿਫਟਿੰਗ, ਲਾਅਨਟੈਨਿਸ, ਰੈਸਲਿੰਗ, ਸਵੀਮਿੰਗ, ਬਾਕਸਿੰਗ, ਟੇਬਲ ਟੈਨਿਸ, ਵੇਟਲਿਫਟਿੰਗ, ਚੈੱਸ, ਸ਼ੂਟਿੰਗ, ਫੈਨਸਿੰਗ, ਰੋਲਰ ਸਕੇਟਿੰਗ ਅਤੇ ਆਰਚਰੀ ਸ਼ਾਮਲ ਹਨ।
10 ਅਕਤੂਬਰ ਤੋਂ 23 ਨਵੰਬਰ ਤੱਕ ਸੂਬਾ ਪੱਧਰ ਦੇ ਮੁਕਾਬਲੇ ਹੋਣਗੇ। ਸੂਬਾ ਪੱਧਰ ’ਤੇ ਜ਼ਿਲ੍ਹਾ ਪੱਧਰ ਦੀਆਂ 28 ਖੇਡਾਂ ਦੇ ਜੇਤੂਆਂ ਤੋਂ ਇਲਾਵਾ 10 ਹੋਰ ਖੇਡਾਂ ਸਿੱਧੀਆਂ ਸੂਬਾ ਪੱਧਰ ਉੱਤੇ ਨਵੀਆਂ ਸ਼ਾਮਲ ਹੋਣਗੀਆਂ। ਸੂਬਾ ਪੱਧਰ ਉਤੇ ਕੁੱਲ 38 ਖੇਡਾਂ ਦੇ ਮੁਕਾਬਲੇ ਹੋਣਗੇ। ਇਨ੍ਹਾਂ 10 ਹੋਰ ਖੇਡਾਂ ਵਿੱਚ ਜਿਮਨਾਸਟਿਕ, ਰੋਇੰਗ, ਕੈਕਿੰਗ ਕੈਨੋਵਿੰਗ, ਵੁਸ਼ੂ, ਰਗਬੀ, ਸਾਈਕਲਿੰਗ, ਘੁੜਸਵਾਰੀ, ਤਾਇਕਵਾਂਡੋ, ਬੇਸਬਾਲ ਅਤੇ ਕਰਾਟੇ ਸ਼ਾਮਲ ਹਨ।
ਉਨ੍ਹਾਂ ਦੱਸਿਆ ਕਿ ਚਾਰ ਪੈਰਾ ਖੇਡਾਂ ਦੇ ਮੁਕਾਬਲੇ 25 ਤੋਂ 28 ਨਵੰਬਰ ਤੱਕ ਹੋਣਗੇ। ਪੈਰਾ ਖੇਡਾਂ ਵਿੱਚ ਪੈਰਾ ਪਾਵਰਲਿਫਟਿੰਗ, ਪੈਰਾ ਬੈਡਮਿੰਟਨ ਅਤੇ ਵ੍ਹੀਲਚੇਅਰ ਬਾਸਕਟਬਾਲ, ਪੈਰਾ ਅਥਲੈਟਿਕਸ ਸ਼ਾਮਲ ਹਨ।
ਵਿਧਾਇਕ ਇੰਦਰਜੀਤ ਕੌਰ ਮਾਨ, ਚੇਅਰਮੈਨ ਪੰਜਾਬ ਰਾਜ ਸਹਿਕਾਰੀ ਖੇਤੀਬਾੜੀ ਵਿਕਾਸ ਬੈਂਕ ਪਵਨ ਕੁਮਾਰ ਟੀਨੂੰ, ਮੇਅਰ ਵਿਨੀਤ ਧੀਰ ਅਤੇ ਡਿਪਟੀ ਕਮਿਸ਼ਨਰ ਵਰਜੀਤ ਵਾਲੀਆ ਨੇ ਨੌਜਵਾਨਾਂ ਤੇ ਖਿਡਾਰੀਆਂ ਨੂੰ ਇਨ੍ਹਾਂ ਖੇਡ ਮੁਕਾਬਲਿਆਂ ਵਿੱਚ ਭਾਗ ਲੈਣ ਲਈ ਆਪਣੀ ਰਜਿਸਟ੍ਰੇਸ਼ਨ ਕਰਵਾਉਣ ਦੀ ਅਪੀਲ ਕੀਤੀ। ਉਨ੍ਹਾਂ ਅਧਿਕਾਰੀਆਂ ਨੂੰ ਖੇਡ ਸੰਸਥਾਵਾਂ, ਕਲੱਬਾਂ, ਵਿੱਦਿਅਕ ਅਦਾਰਿਆਂ ਦੇ ਤਾਲਮੇਲ ਨਾਲ ਨੌਜਵਾਨਾਂ ਨੂੰ ਖੇਡਾਂ ਵਿੱਚ ਭਾਗ ਲੈਣ ਅਤੇ ਹੋਰਨਾਂ ਨੂੰ ਵੀ ਪ੍ਰੇਰਿਤ ਕਰਨ ਦੀ ਅਪੀਲ ਵੀ ਕੀਤੀ।
ਉਪਰੰਤ ਡਿਪਟੀ ਕਮਿਸ਼ਨਰ ਵਰਜੀਤ ਵਾਲੀਆ ਨੇ ਮੀਡੀਆ ਨੇ ਗੱਲਬਾਤ ਕਰਦਿਆਂ ਦੱਸਿਆ ਕਿ 14 ਸਾਲ ਤੋਂ ਲੈ ਕੇ 70 ਸਾਲ ਉਪਰ ਕੋਈ ਵੀ ਇਨ੍ਹਾਂ ਖੇਡਾਂ ਵਿੱਚ ਭਾਗ ਲੈ ਸਕਦਾ ਹੈ, ਜਿਸ ਦੇ ਲਈ ਵਿਭਾਗ ਦੇ ਪੋਰਟਲ https://sports.punjab.gov.in/login ’ਤੇ ਰਜਿਸਟ੍ਰੇਸ਼ਨ ਕੀਤੀ ਜਾ ਸਕਦੀ ਹੈ। ਇਸ ਤੋਂ ਇਲਾਵਾ ਖੇਡਾਂ ਦੌਰਾਨ ਮੌਕੇ ’ਤੇ ਵੀ ਰਜਿਸਟ੍ਰੇਸ਼ਨ ਕਰਵਾਈ ਜਾ ਸਕਦੀ ਹੈ।
ਉਨ੍ਹਾਂ ਖੇਡ ਸੰਸਥਾਵਾਂ ਅਤੇ ਕੋਚਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਵੱਧ ਤੋਂ ਵੱਧ ਨੌਜਵਾਨਾਂ ਤੇ ਖਿਡਾਰੀਆਂ ਨੂੰ ਖੇਡਾਂ ਵਿੱਚ ਭਾਗ ਲੈਣ ਲਈ ਉਤਸ਼ਾਹਿਤ ਕੀਤਾ ਜਾਵੇ ਤਾਂ ਜੋ ਨੌਜਾਵਾਨਾਂ ਦੀ ਊਰਜਾ ਨੂੰ ਖੇਡਾਂ ਵਰਗੀ ਸਕਾਰਾਤਮਕ ਗਤੀਵਿਧੀ ਵਿੱਚ ਲਾਇਆ ਜਾ ਸਕੇ। ਉਨ੍ਹਾਂ ਆਸ ਪ੍ਰਗਟ ਕੀਤੀ ਕਿ ਜਲੰਧਰ ਦੇ ਖਿਡਾਰੀ ਇਨ੍ਹਾਂ ਖੇਡਾਂ ਵਿੱਚ ਸ਼ਾਨਦਾਰ ਪ੍ਰਦਰਸ਼ਨ ਕਰਕੇ ਜ਼ਿਲ੍ਹੇ ਅਤੇ ਪੰਜਾਬ ਦਾ ਨਾਮ ਹੋਰ ਰੌਸ਼ਨ ਕਰਨਗੇ।
ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ (ਪੇਂਡੂ ਵਿਕਾਸ) ਦਿਵਿਆ ਪੀ., ਜ਼ਿਲ੍ਹਾ ਖੇਡ ਅਫ਼ਸਰ ਗੁਰਪ੍ਰੀਤ ਸਿੰਘ, ਜ਼ਿਲ੍ਹਾ ਸਿੱਖਿਆ ਅਫ਼ਸਰ ਗੁਰਿੰਦਰਜੀਤ ਕੌਰ ਤੋਂ ਇਲ਼ਾਵਾ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀ ਵੀ ਮੌਜੂਦ ਸਨ।