ਸਰਕਾਰੀ ਤੇ ਗੈਰ-ਸਰਕਾਰੀ ਬਾਲ ਘਰਾਂ ’ਚ ਰਹਿ ਰਹੇ ਬੱਚਿਆਂ ਦੀ ਸਪੋਰਟਸ ਮੀਟ ਕਰਵਾਈ

ਜਲੰਧਰ, 8 ਨਵੰਬਰ: ਡਾਇਰੈਕਟਰ ਸਮਾਜਿਕ ਸੁਰੱਖਿਆ ਅਤੇ ਇਸਤਰੀ ਤੇ ਬਾਲ ਵਿਕਾਸ ਵਿਭਾਗ ਪੰਜਾਬ ਦੇ ਦਿਸ਼ਾ-ਨਿਰਦੇਸ਼ਾਂ ਅਤੇ ਜ਼ਿਲ੍ਹਾ ਪ੍ਰੋਗਰਾਮ ਅਫ਼ਸਰ ਮਨਜਿੰਦਰ ਸਿੰਘ ਦੀ ਅਗਵਾਈ ਹੇਠ ਸਰਕਾਰੀ ਅਤੇ ਗੈਰ ਸਰਕਾਰੀ ਬਾਲ ਘਰਾਂ ਵਿੱਚ ਰਹਿ ਰਹੇ ਬੱਚਿਆਂ ਦੀ ਸਥਾਨਕ ਐਚ.ਐਮ.ਵੀ. ਕਾਲਜ ਵਿਖੇ ਜ਼ੋਨਲ ਪੱਧਰੀ ਸਪੋਰਟਸ ਮੀਟ ਕਰਵਾਈ ਗਈ।
ਜ਼ਿਲ੍ਹਾ ਬਾਲ ਸੁਰੱਖਿਆ ਅਫ਼ਸਰ ਅਜੇ ਭਾਰਤੀ ਨੇ ਇਸ ਸਬੰਧੀ ਜਾਣਕਾਰੀ ਦਿੰਦਿਆਂ ਦੱਸਿਆ ਕਿ ਸਪੋਰਟਸ ਮੀਟ ਵਿੱਚ ਜਲੰਧਰ, ਕਪੂਰਥਲਾ ਅਤੇ ਗੁਰਦਾਸਪੁਰ ਦੇ ਬਾਲ ਘਰਾਂ ਦੇ ਵਿੱਚ ਰਹਿ ਰਹੇ ਬੱਚਿਆਂ ਨੇ ਭਾਗ ਲਿਆ, ਜਿਨ੍ਹਾਂ ਦੇ ਇੰਡੋਰ ਅਤੇ ਆਊਟ ਡੋਰ ਬੈਡਮਿੰਟਨ, ਰੱਸਾ ਕਸ਼ੀ, 100 ਮੀਟਰ ਰੇਸ, 100 ਮੀਟਰ ਰਿਲੇਅ ਰੇਸ ਤੋਂ ਇਲਾਵਾ ਪੇਂਟਿੰਗ ਤੇ ਸਲੋਗਨ ਲੇਖਨ ਆਦਿ ਮੁਕਾਬਲੇ ਕਰਵਾਏ ਗਏ।
ਸਿੱਖਿਆ ਵਿਭਾਗ ਦੇ ਜ਼ਿਲ੍ਹਾ ਕੋਆਰਡੀਨੇਟਰ ਅਮਨਦੀਪ ਕੋਂਡਲ ਵੱਲੋਂ ਭੇਜੇ ਗਏ ਕੋਚਾਂ ਰਮਨਦੀਪ ਕੌਰ ਅਤੇ ਦੀਪਕ ਵਿਰਦੀ ਵੱਲੋਂ ਵੱਖ-ਵੱਖ ਖੇਡਾਂ ਦੇ ਮੁਕਾਬਲੇ ਕਰਵਾਏ ਗਏ।
ਇਨ੍ਹਾਂ ਮੁਕਾਬਲਿਆਂ ਵਿੱਚ ਪਹਿਲੇ, ਦੂਜੇ ਅਤੇ ਤੀਜੇ ਸਥਾਨ ’ਤੇ ਰਹਿਣ ਵਾਲੇ ਬੱਚਿਆਂ ਨੂੰ ਗੋਲਡ, ਸਿਲਵਰ ਅਤੇ ਬ੍ਰੋਂਜ਼ ਮੈਡਲ ਨਾਲ ਸਨਮਾਨਿਤ ਕੀਤਾ ਗਿਆ ਅਤੇ ਬਾਕੀ ਬੱਚਿਆਂ ਦੀ ਹੌਸਲਾ ਅਫਜ਼ਾਈ ਲਈ ਉਨ੍ਹਾਂ ਨੂੰ ਪ੍ਰਸ਼ੰਸਾ ਪੱਤਰ ਦਿੱਤੇ ਗਏ।
ਸਪੋਰਟਸ ਮੀਟ ਲਈ ਜ਼ਿਲ੍ਹਾ ਬਾਲ ਸੁਰੱਖਿਆ ਯੂਨਿਟ ਜਲੰਧਰ ਵੱਲੋਂ ਮੈਡੀਕਲ ਟੀਮ ਸਮੇਤ ਹੋਰ ਪੁਖ਼ਤਾ ਪ੍ਰਬੰਧ ਕੀਤੇ ਗਏ ਸਨ। ਇਸ ਮੌਕੇ ਬਾਲ ਸੁਰੱਖਿਆ ਅਫ਼ਸਰ ਅਮਨੀਤ ਕੌਰ, ਲੀਗਲ ਪ੍ਰੋਬੇਸ਼ਨ ਅਫ਼ਸਰ ਸੰਦੀਪ ਕੁਮਾਰ, ਅਕਾਊਂਟੈਂਟ ਵਿਸ਼ਾਲ ਕੁਮਾਰ ਅਤੇ ਹੋਰ ਸਟਾਫ਼ ਵੀ ਮੌਜੂਦ ਸੀ।

Leave a Comment

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।

Scroll to Top