ਜਲੰਧਰ, 2 ਅਗਸਤ : ਪੁਲਿਸ ਕਮਿਸ਼ਨਰ ਜਲੰਧਰ ਧਨਪ੍ਰੀਤ ਕੌਰ ਵੱਲੋਂ ਅੱਜ ਪੁਲਿਸ ਲਾਈਨਜ਼ ਜਲੰਧਰ ਵਿੱਚ ਇੱਕ ਵਿਸ਼ੇਸ਼ ਮੀਟਿੰਗ ਦੀ ਅਗਵਾਈ ਕੀਤੀ, ਜਿਸਦਾ ਉਦੇਸ਼ ਸ਼ਹਿਰ ਵਿੱਚ ਅਪਰਾਧ ਰੋਕਥਾਮ ਸਬੰਧੀ ਪਹਿਲਕਦਮੀਆਂ ਨੂੰ ਹੋਰ ਮਜ਼ਬੂਤ ਕਰਨਾ ਅਤੇ ਨਾਗਰਿਕਾਂ ਲਈ ਸੁਰੱਖਿਅਤ ਵਾਤਾਵਰਣ ਯਕੀਨੀ ਬਣਾਉਣਾ ਸੀ। ਇਸ ਮੀਟਿੰਗ ਵਿੱਚ ਜੁਆਇੰਟ ਪੁਲਿਸ ਕਮਿਸ਼ਨਰ, ਡੀ.ਸੀ.ਪੀ ਇਨਵੈਸਟੀਗੇਸ਼ਨ, ਏ.ਡੀ.ਸੀ.ਪੀ ਇਨਵੈਸਟੀਗੇਸ਼ਨ, ਏ.ਡੀ.ਸੀ.ਪੀ ਹੈੱਡਕੁਆਰਟਰਜ਼ ਅਤੇ ਸ਼ਹਿਰ ਦੇ ਸਾਰੇ ਏ.ਸੀ.ਪੀਜ਼, ਐਸ.ਐਚ.ਓਜ਼ ਅਤੇ ਯੂਨਿਟ ਇੰਚਾਰਜ ਵੀ ਮੌਜੂਦ ਸਨ।
ਮੀਟਿੰਗ ਦੌਰਾਨ ਸਨੈਚਿੰਗ, ਡਕੈਤੀ ਅਤੇ ਹੋਰ ਗੰਭੀਰ ਘਟਨਾਵਾਂ ਖ਼ਿਲਾਫ਼ ਕੀਤੀਆਂ ਕਾਰਵਾਈਆਂ ਦੀ ਵਿਸਥਾਰਪੂਰਵਕ ਸਮੀਖਿਆ ਕੀਤੀ ਗਈ। ਲੰਬਿਤ ਮਾਮਲਿਆਂ ਦੀ ਤੇਜ਼ੀ ਨਾਲ ਜਾਂਚ ਤੇ ਚਾਰਜਸ਼ੀਟਾਂ ਦੀ ਸਮੇਂ-ਸਿਰ ਪੇਸ਼ੀ ਯਕੀਨੀ ਬਣਾਈ ਜਾਵੇਗੀ।
ਮੀਟਿੰਗ ਵਿੱਚ ਫੈਸਲਾ ਕੀਤਾ ਗਿਆ ਕਿ ਚੋਰੀ, ਡਕੈਤੀ ਅਤੇ ਹੋਰ ਸੜਕ ਅਪਰਾਧਾਂ ਨੂੰ ਰੋਕਣ ਲਈ ਰਾਤ ਸਮੇਂ ਦੀ ਪੈਟਰੋਲਿੰਗ ਅਤੇ ਵਾਧੂ ਪੁਲਿਸ ਟੀਮਾਂ ਦੀ ਤਾਇਨਾਤੀ ਕੀਤੀ ਜਾਵੇਗੀ। ਸੰਵੇਦਨਸ਼ੀਲ ਇਲਾਕਿਆਂ ਵਿੱਚ ਪੁਲਿਸ ਮੌਜੂਦਗੀ ਵਧਾਈ ਜਾਵੇਗੀ।
ਆਰਗੇਨਾਈਜ਼ਡ ਅਪਰਾਧ, ਨਸ਼ਾ ਤਸਕਰੀ ਅਤੇ ਆਦਤਨ ਅਪਰਾਧੀਆਂ ਖ਼ਿਲਾਫ਼ ਟਾਰਗੇਟਡ ਮੁਹਿੰਮਾਂ ਸ਼ੁਰੂ ਕੀਤੀਆਂ ਜਾਣਗੀਆਂ। ਸਕੂਲਾਂ, ਕਾਲਜਾਂ ਅਤੇ ਮਾਰਕੀਟਾਂ ਦੇ ਨੇੜੇ ਖਾਸ ਐਂਟੀ-ਹਰਾਸਮੈਂਟ ਟੀਮਾਂ ਤਾਇਨਾਤ ਕੀਤੀਆਂ ਜਾਣਗੀਆਂ।
ਨਸ਼ੇ ਵਿੱਚ ਡਰਾਈਵਿੰਗ ਅਤੇ ਓਵਰ-ਸਪੀਡਿੰਗ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇਗੀ। ਦੁਰਘਟਨਾ-ਸੰਭਾਵਿਤ ਅਤੇ ਵੱਧ ਟਰੈਫਿਕ ਵਾਲੇ ਇਲਾਕਿਆਂ ਵਿੱਚ ਵਾਧੂ ਕਰਮਚਾਰੀ ਤਾਇਨਾਤ ਕੀਤੇ ਜਾਣਗੇ।
112 (ਐਮਰਜੈਂਸੀ) ਅਤੇ 1091 (ਮਹਿਲਾ ਹੈਲਪਲਾਈਨ) ਵਰਗੀਆਂ ਹੈਲਪਲਾਈਨਾਂ ਬਾਰੇ ਜਨਤਕ ਜਾਗਰੂਕਤਾ ਵਧਾਈ ਜਾਵੇਗੀ। ਸੋਸ਼ਲ ਮੀਡੀਆ ਟੀਮਾ ਨਾਗਰਿਕਾਂ ਨਾਲ ਤੁਰੰਤ ਸੰਚਾਰ ਅਤੇ ਅੱਪਡੇਟ ਮੁਹੱਈਆ ਕਰਵਾਉਣਗੀਆਂ।
ਸਾਈਬਰ ਸੈੱਲ ਨੂੰ ਵਿੱਤੀ ਧੋਖਾਧੜੀ, ਪਛਾਣ ਚੋਰੀ ਅਤੇ ਆਨਲਾਈਨ ਹਰਾਸਮੈਂਟ ਨਾਲ ਨਜਿੱਠਣ ਲਈ ਵਿਸ਼ੇਸ਼ ਤੌਰ ‘ਤੇ ਤਿਆਰ ਕੀਤਾ ਜਾਵੇਗਾ। ਸਿਖ਼ਲਾਈ ਪ੍ਰਾਪਤ ਕਰਮਚਾਰੀ ਆਨਲਾਈਨ ਫਰਾਡ ਅਤੇ ਵਿੱਤੀ ਅਪਰਾਧਾਂ ਨਾਲ ਨਿਪਟਣਗੇ। ਸੀ.ਸੀ.ਟੀ.ਵੀ. ਨਿਗਰਾਨੀ ਅਤੇ ਡਾਟਾ-ਆਧਾਰਿਤ ਤਕਨਾਲੋਜੀ ਨਾਲ ਅਪਰਾਧੀਆਂ ਨੂੰ ਜਲਦ ਕਾਬੂ ਕਰਨ ਲਈ ਪ੍ਰਬੰਧ ਹੋਣਗੇ।
ਪੁਲਿਸ ਕਮਿਸ਼ਨਰ ਨੇ ਕਿਹਾ ਕਿ ਜਲੰਧਰ ਦੇ ਹਰੇਕ ਨਾਗਰਿਕ ਦੀ ਸੁਰੱਖਿਆ ਕਮਿਸ਼ਨਰੇਟ ਪੁਲਿਸ ਦੀ ਤਰਜੀਹ ਹੈ। ਉਨ੍ਹਾਂ ਕਿਹਾ ਕਿ ਕਮਿਸ਼ਨਰੇਟ ਪੁਲਿਸ ਹੋਰ ਵੀ ਦ੍ਰਿੜਤਾ ਅਤੇ ਇਮਾਨਦਾਰੀ ਨਾਲ ਮਿਲਕੇ ਕੰਮ ਕਰੇਗੀ ਤਾਂ ਜੋ ਇੱਕ ਸੁਰੱਖਿਅਤ ਸ਼ਹਿਰ ਬਣਾਇਆ ਜਾ ਸਕੇ।
